ਕਠਪੁਤਲੀ ਏਜੰਸੀਆਂ ਦਾ ਡਰ ਦਿਖਾ ਕੇ ਦੇਸ਼ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ : ਕਾਂਗਰਸ

ਏਜੰਸੀ

ਖ਼ਬਰਾਂ, ਰਾਜਨੀਤੀ

ਛੱਤੀਸਗੜ੍ਹ ਵਿੱਚ ਪਾਰਟੀ ਆਗੂਆਂ ਖ਼ਿਲਾਫ਼ ED ਦੀ ਕਾਰਵਾਈ ਮਗਰੋਂ ਸਾਧਿਆ ਕੇਂਦਰ ਸਰਕਾਰ 'ਤੇ ਨਿਸ਼ਾਨਾ 

Priyanka Gandhi Vadra


ਕਾਂਗਰਸ ਅਜਿਹੀਆਂ 'ਸਿਆਸੀ ਬਦਲਾਖੋਰੀ' ਦੀਆਂ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ : ਕੇਸੀ ਵੇਣੂਗੋਪਾਲ
ਨਵੀਂ ਦਿੱਲੀ/ਰਾਏਪੁਰ:
ਛੱਤੀਸਗੜ੍ਹ ਵਿੱਚ ਪਾਰਟੀ ਦੇ ਕਈ ਆਗੂਆਂ ਖ਼ਿਲਾਫ਼ ਐਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਦੀ ਕਾਰਵਾਈ ਨੂੰ ਲੈ ਕੇ ਕਾਂਗਰਸ ਨੇ ਮੰਗਲਵਾਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨਾ ਬਣਾਇਆ ਅਤੇ ਕਿਹਾ ਕਿ ਕਠਪੁਤਲੀ ਏਜੰਸੀਆਂ ਦਾ ਡਰ ਦਿਖਾ ਕੇ ਦੇਸ਼ ਦੀ ਆਵਾਜ਼ ਨੂੰ ਦਬਾਇਆ ਨਹੀਂ ਜਾ ਸਕਦਾ। 

ਪਾਰਟੀ ਦੇ ਸੰਗਠਨ ਜਨਰਲ ਸਕੱਤਰ ਕੇਸੀ ਵੇਣੂਗੋਪਾਲ ਨੇ ਕਿਹਾ ਕਿ ਕਾਂਗਰਸ ਅਜਿਹੀਆਂ 'ਸਿਆਸੀ ਬਦਲਾਖੋਰੀ' ਦੀਆਂ ਚਾਲਾਂ ਤੋਂ ਘਬਰਾਉਣ ਵਾਲੀ ਨਹੀਂ ਹੈ। ਰਾਏਪੁਰ ਦੇ ਸਵਾਮੀ ਵਿਵੇਕਾਨੰਦ ਹਵਾਈ ਅੱਡੇ 'ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਕਾਨੂੰਨ ਦੇ ਤਹਿਤ ਇਸ ਕਦਮ ਦਾ ਮੁਕਾਬਲਾ ਕਰੇਗੀ ਅਤੇ ਕਾਨੂੰਨੀ ਲੜਾਈ ਲੜੇਗੀ।

ਇਹ ਵੀ ਪੜ੍ਹੋ : 50 ਹਜ਼ਾਰ ਦੀ ਰਿਸ਼ਵਤ ਲੈਣ ਵਾਲੇ ਸਹਾਇਕ ਖਜ਼ਾਨਾ ਅਫ਼ਸਰ ਤੇ ਉਸ ਦੇ ਸਾਥੀ ਨੂੰ ਹੋਈ 7-7 ਸਾਲ ਦੀ ਕੈਦ

ਕਾਂਗਰਸ ਨੇਤਾਵਾਂ ਦੇ ਟਿਕਾਣਿਆਂ 'ਤੇ ਈਡੀ ਦੇ ਛਾਪੇ ਬਾਰੇ ਪੁੱਛੇ ਜਾਣ 'ਤੇ ਵੇਣੂਗੋਪਾਲ ਨੇ ਕਿਹਾ, "ਇਹ ਸਪੱਸ਼ਟ ਤੌਰ 'ਤੇ ਸਿਆਸੀ ਬਦਲਾਖੋਰੀ ਦੀ ਕਾਰਵਾਈ ਹੈ। ਸਾਨੂੰ ਇਸ ਦੀ ਹੀ ਉਮੀਦ ਸੀ। ਅਸੀਂ ਇਸ (ਛਾਪੇ) ਦੀ ਉਮੀਦ ਕਰ ਰਹੇ ਸੀ ਕਿਉਂਕਿ ਕਾਂਗਰਸ ਦਾ ਰਾਸ਼ਟਰੀ ਸੰਮੇਲਨ ਹੋਣ ਜਾ ਰਿਹਾ ਹੈ ਅਤੇ ਚੋਣਾਂ ਨੇੜੇ ਹਨ। ਅਸੀਂ ਕਿਸੇ ਵੀ ਚੀਜ਼ ਤੋਂ ਡਰਦੇ ਨਹੀਂ ਹਾਂ।

ਉਨ੍ਹਾਂ ਕਿਹਾ, ''ਅਸੀਂ ਕਾਨੂੰਨ ਦੀ ਪਾਲਣਾ ਕਰਨ ਵਾਲੇ ਨਾਗਰਿਕ ਹਾਂ। ਭਾਜਪਾ ਜਾਂ ਮੋਦੀ ਦੇ ਨਾਂ 'ਤੇ ਇਹ ਨਾ ਸੋਚੋ ਕਿ ਕਾਂਗਰਸ ਡਰੇਗੀ। ਅਸੀਂ ਨਿਸ਼ਚਤ ਤੌਰ 'ਤੇ ਇਸ ਨੂੰ ਕਾਨੂੰਨ ਦੇ ਅਨੁਸਾਰ ਲੜਾਂਗੇ। ਤੁਸੀਂ ਦੇਖ ਸਕਦੇ ਹੋ ਕਿ ਰਾਸ਼ਟਰੀ ਪਾਰਟੀ ਸੰਮੇਲਨ ਤੋਂ ਠੀਕ ਪਹਿਲਾਂ ਉਹ (ਭਾਜਪਾ) ਇਸ ਤਰ੍ਹਾਂ ਦਾ ਡਰਾਮਾ ਕਰ ਰਹੇ ਹਨ।

ਕਾਂਗਰਸ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਟਵੀਟ ਕੀਤਾ, ''ਪ੍ਰਧਾਨ ਮੰਤਰੀ ਦੇ ਦੋਸਤ ਗੌਤਮ ਅਡਾਨੀ 'ਤੇ ਸ਼ੈੱਲ ਕੰਪਨੀ ਦੇ ਜ਼ਰੀਏ ਗਬਨ ਕਰਨ ਅਤੇ ਹੋਰ ਕਈ ਗੰਭੀਰ ਦੋਸ਼ ਲਗਾਏ ਗਏ ਸਨ। ਪਰ ਕੀ ਤੁਸੀਂ ਕੋਈ ਏਜੰਸੀ ਇਸ ਦੀ ਜਾਂਚ ਕਰਦੀ ਵੇਖੀ ਹੈ? ਪਰ, ਕਾਂਗਰਸ ਦੇ ਸੈਸ਼ਨ ਨੂੰ ਰੋਕਣ ਅਤੇ ਮੋਦੀ ਜੀ ਅਤੇ ਉਨ੍ਹਾਂ ਦੇ ਦੋਸਤ ਦੇ ਗਠਜੋੜ 'ਤੇ ਆਵਾਜ਼ ਉਠਾਉਣ ਲਈ ਏਜੰਸੀਆਂ ਤਾਇਨਾਤ ਕੀਤੀਆਂ ਗਈਆਂ ਹਨ।

ਇਹ ਵੀ ਪੜ੍ਹੋ : ਦੋਹਤੇ ਦਾ ਵਿਆਹ ਵੇਖਣ ਜਾ ਰਹੇ ਨਾਨੇ ਦੀ ਸੜਕ ਹਾਦਸੇ ਵਿਚ ਮੌਤ

ਉਨ੍ਹਾਂ ਕਿਹਾ, ''ਭਾਰਤੀ ਰਾਸ਼ਟਰੀ ਕਾਂਗਰਸ ਦੇਸ਼ ਦੇ ਮੁੱਦਿਆਂ 'ਤੇ ਨਿਡਰਤਾ ਨਾਲ ਆਪਣੀ ਆਵਾਜ਼ ਬੁਲੰਦ ਕਰਦੀ ਰਹੇਗੀ। ਕਾਂਗਰਸ ਦੇ ਇਜਲਾਸ ਵਿੱਚ ਅਸੀਂ ਮਹਿੰਗਾਈ, ਬੇਰੁਜ਼ਗਾਰੀ ਅਤੇ ਭ੍ਰਿਸ਼ਟਾਚਾਰ ਵਿਰੁੱਧ ਆਵਾਜ਼ ਬੁਲੰਦ ਕਰਨ ਦਾ ਪ੍ਰਣ ਕਰਾਂਗੇ। ਤੁਸੀਂ ਕਠਪੁਤਲੀ ਏਜੰਸੀਆਂ ਦਾ ਡਰ ਦਿਖਾ ਕੇ ਦੇਸ਼ ਦੀ ਆਵਾਜ਼ ਨੂੰ ਦਬਾ ਨਹੀਂ ਸਕਦੇ।

ਜ਼ਿਕਰਯੋਗ ਹੈ ਕਿ ਈਡੀ ਨੇ ਕੋਲਾ ਵਸੂਲੀ ਮਨੀ ਲਾਂਡਰਿੰਗ ਮਾਮਲੇ ਵਿੱਚ ਚੱਲ ਰਹੀ ਜਾਂਚ ਦੇ ਹਿੱਸੇ ਵਜੋਂ ਸੋਮਵਾਰ ਨੂੰ ਛੱਤੀਸਗੜ੍ਹ ਵਿੱਚ ਕਾਂਗਰਸ ਨੇਤਾਵਾਂ ਨਾਲ ਜੁੜੇ ਟਿਕਾਣਿਆਂ ਸਮੇਤ ਕਈ ਥਾਵਾਂ 'ਤੇ ਛਾਪੇ ਮਾਰੇ। ਇਹ ਛਾਪੇਮਾਰੀ ਸੂਬੇ ਦੀ ਰਾਜਧਾਨੀ ਰਾਏਪੁਰ ਵਿੱਚ 24 ਤੋਂ 26 ਫਰਵਰੀ ਤੱਕ ਕਾਂਗਰਸ ਦੇ ਤਿੰਨ ਦਿਨਾਂ ਸੰਪੂਰਨ ਸੈਸ਼ਨ ਤੋਂ ਪਹਿਲਾਂ ਹੋਈ। ਸੂਬੇ ਵਿੱਚ ਮੁੱਖ ਮੰਤਰੀ ਭੁਪੇਸ਼ ਬਘੇਲ ਦੀ ਅਗਵਾਈ ਵਿੱਚ ਕਾਂਗਰਸ ਦੀ ਸਰਕਾਰ ਹੈ।