Punjab News: ਸ਼ੁਭਕਰਨ ਸਿੰਘ ਦੀ ਮੌਤ ’ਤੇ ਬੋਲੇ ਪ੍ਰਤਾਪ ਬਾਜਵਾ, ‘ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਹਰਿਆਣਾ ਪੁਲਿਸ ਵਿਰੁਧ ਦਰਜ ਹੋਵੇ FIR’
ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਹਰਿਆਣਾ ਪੁਲਿਸ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
Punjab News: ਵੀਰਵਾਰ ਨੂੰ ਕਿਸਾਨ ਅੰਦੋਲਨ ਦਾ 10ਵਾਂ ਦਿਨ ਹੈ। ਪੰਜਾਬ-ਹਰਿਆਣਾ ਦੀ ਹੱਦ 'ਤੇ ਕਿਸਾਨ ਡਟੇ ਹੋਏ ਹਨ। ਇਸ ਤੋਂ ਪਹਿਲਾਂ ਬੀਤੇ ਦਿਨ ਖਨੌਰੀ ਹੱਦ 'ਤੇ ਇਕ ਨੌਜਵਾਨ ਕਿਸਾਨ ਦੀ ਮੌਤ ਹੋ ਗਈ। ਕਿਸਾਨ ਦੀ ਮੌਤ ਨੂੰ ਲੈ ਕੇ ਵਿਰੋਧੀ ਧਿਰ ਲਗਾਤਾਰ ਹਰਿਆਣਾ ਸਰਕਾਰ 'ਤੇ ਨਿਸ਼ਾਨਾ ਸਾਧ ਰਹੀ ਹੈ। ਇਸ ਸਬੰਧ ਵਿਚ ਪੰਜਾਬ ਕਾਂਗਰਸ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਹਰਿਆਣਾ ਦੇ ਗ੍ਰਹਿ ਮੰਤਰੀ ਅਤੇ ਹਰਿਆਣਾ ਪੁਲਿਸ ਵਿਰੁਧ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ।
ਉਨ੍ਹਾਂ ਸੋਸ਼ਲ ਮੀਡੀਆ ਉਤੇ ਲਿਖਿਆ, “ਖਨੌਰੀ ਬਾਰਡਰ 'ਤੇ ਸ਼ਾਂਤਮਈ ਪ੍ਰਦਰਸ਼ਨ ਦੌਰਾਨ ਬਠਿੰਡਾ ਦੇ ਇਕ ਨੌਜਵਾਨ ਕਿਸਾਨ ਸ਼ੁਭਕਰਨ ਸਿੰਘ ਦੀ ਮੌਤ ਦੀ ਖ਼ਬਰ ਬੇਹੱਦ ਦੁੱਖਦਾਈ ਹੈ। ਹਰਿਆਣਾ ਪੁਲਿਸ ਵਲੋਂ ਪੰਜਾਬ ਦੇ ਖ਼ੇਤਰ ਵਿਚ ਕਿਸਾਨਾਂ 'ਤੇ ਬੇਰਹਿਮੀ ਨਾਲ ਲਗਾਤਾਰ ਹੰਝੂ ਗੈਸ ਦੇ ਗੋਲੇ ਸੁੱਟੇ ਜਾ ਰਹੇ ਹਨ ਅਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ। ਮੈਂ ਹਰਿਆਣਾ ਪੁਲਿਸ ਦੀ ਅਜਿਹੀ ਮੰਦਭਾਗੀ ਕਾਰਵਾਈ ਦੀ ਸਖ਼ਤ ਨਿਖੇਧੀ ਕਰਦਾ ਹਾਂ”।
ਉਨ੍ਹਾਂ ਅੱਗੇ ਕਿਹਾ, “ਭਗਵੰਤ ਮਾਨ ਤੁਹਾਡੀ ਚੁੱਪ ਦੱਸ ਰਹੀ ਹੈ ਕਿ ਤੁਸੀਂ ਕੇਂਦਰ ਦੀ ਭਾਜਪਾ ਸਰਕਾਰ ਅੱਗੇ ਗੋਡੇ ਟੇਕ ਚੁੱਕੇ ਹੋ। ਹੁਣ ਵੀ ਚੰਗਾ ਹੋਵੇਗਾ ਤੁਸੀਂ ਡੂੰਘੀ ਨੀਂਦ ‘ਚੋ ਉੱਠ ਕੇ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿਜ ਅਤੇ ਹਰਿਆਣਾ ਪੁਲਿਸ ਖ਼ਿਲਾਫ਼ ਵਿਰੁਧ ਦਰਜ ਕਰੋ। ”
ਇਸ ਦੇ ਨਾਲ ਹੀ ਕਾਂਗਰਸੀ ਆਗੂ ਨੇ ਇਹ ਵੀ ਕਿਹਾ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਭਰੋਸਾ ਦਿਵਾਉਂਦੇ ਹਾਂ ਕਿ ਇਸ ਸੰਘਰਸ਼ ਵਿਚ ਹਰ ਪੰਜਾਬੀ ਤੁਹਾਡੇ ਨਾਲ ਹੈ, ਕਿਉਂਕਿ ਤੁਸੀਂ ਕੋਈ ਨਿੱਜੀ ਸੰਘਰਸ਼ ਨਹੀਂ ਕਰ ਰਹੇ। ਤੁਸੀਂ ਭਾਰਤ ਦੇ ਸਾਰੇ ਕਿਸਾਨਾਂ ਦੀ ਮੰਗ ਰੱਖ ਰਹੇ ਹੋ, ਤੁਹਾਡੀ ਮੰਗ ਬਿਲਕੁਲ ਜਾਇਜ਼ ਹੈ।