ਸਾਬਕਾ ਸੀਐਮ ਚੰਨੀ ਦਾ ਬਿਆਨ, 'ਜੇ ਹਾਰ ਲਈ ਮੈਂ ਜ਼ਿੰਮੇਵਾਰ ਹਾਂ ਤਾਂ ਪ੍ਰਧਾਨ ਦੀ ਕੀ ਜ਼ਿੰਮੇਵਾਰੀ ਸੀ?

ਏਜੰਸੀ

ਖ਼ਬਰਾਂ, ਰਾਜਨੀਤੀ

ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਜਵਾਬ ਦਿੱਤਾ ਹੈ।

Charanjit Channi

 

ਚੰਡੀਗੜ੍ਹ: ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਪਹਿਲੀ ਵਾਰ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੱਧੂ ਨੂੰ ਜਵਾਬ ਦਿੱਤਾ ਹੈ। ਸਾਬਕਾ ਸੀਐਮ ਚੰਨੀ ਨੇ ਕਿਹਾ ਕਿ ਜਦੋਂ ਮੈਂ ਮੁੱਖ ਮੰਤਰੀ ਸੀ, ਅਖੀਰ ਵਿਚ ਮੈਨੂੰ ਸੀਐਮ ਚਿਹਰਾ ਐਲਾਨਿਆ ਗਿਆ। ਇਸ ਲਿਹਾਜ਼ ਨਾਲ ਹਾਰ ਦੀ ਜ਼ਿੰਮੇਵਾਰੀ ਵੀ ਮੇਰੀ ਹੈ। ਜੇ ਸਿੱਧੂ ਸਾਬ੍ਹ ਕਹਿ ਰਹੇ ਨੇ ਕਿ ਮੈਂ ਜ਼ਿੰਮੇਵਾਰ ਹਾਂ ਤਾਂ ਮੈਂ ਹੀ ਜ਼ਿਮੇਵਾਰ ਹਾਂ ਪਰ ਪ੍ਰਧਾਨ ਦੀ ਜ਼ਿੰਮੇਵਾਰੀ ਕੀ ਹੈ? ਮੈਂ ਇਸ 'ਤੇ ਨਹੀਂ ਬੋਲਾਂਗਾ।

Charanjit Singh Channi

ਚਰਨਜੀਤ ਸਿੰਘ ਚੰਨੀ ਨੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਸ਼ੁੱਭ ਕਾਮਨਾਵਾਂ ਦਿੱਤੀਆਂ ਹਨ। ਉਹਨਾਂ ਕਿਹਾ ਕਿ ਮੈਨੂੰ ਯਕੀਨ ਹੈ ਕਿ ਉਹਨਾਂ ਦੀ ਲਗਨ, ਜੋਸ਼ ਅਤੇ ਅਨੁਸ਼ਾਸਨ ਪੰਜਾਬ ਕਾਂਗਰਸ ਨੂੰ ਮੁੜ ਤੋਂ ਮਜ਼ਬੂਤ ​​ਕਰੇਗਾ। ਮੈਂ ਪਾਰਟੀ ਲਈ ਹਮੇਸ਼ਾ ਮੌਜੂਦ ਰਹਾਂਗਾ।

Sunil Kumar Jakhar

ਸਾਬਕਾ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਬਾਰੇ ਬਿਆਨ ਦਿੰਦਿਆਂ ਚੰਨੀ ਨੇ ਕਿਹਾ ਕਿ ਹਾਲਾਂਕਿ ਉਹਨਾਂ ਨੇ ਮੇਰੇ ਬਾਰੇ ਬੋਲਿਆ ਸੀ ਪਰ ਇਹ ਟਿੱਪਣੀ ਸਿਰਫ਼ ਮੇਰੇ 'ਤੇ ਨਹੀਂ, ਸਗੋਂ ਪੂਰੇ ਦਲਿਤ ਸਮਾਜ 'ਤੇ ਕੀਤੀ ਗਈ। ਮੁਆਫ਼ ਕਰਨਾ ਜਾਂ ਨਾ ਕਰਨਾ ਲੋਕਾਂ ਦਾ ਕੰਮ ਹੈ, ਮੈਂ ਇਸ ਵਿਚ ਦਖਲ ਨਹੀਂ ਦੇਵਾਂਗਾ।
ਪੰਜਾਬ ਸਰਕਾਰ ਦੀ ਕਾਰਗੁਜ਼ਾਰੀ ਬਾਰੇ ਗੱਲ ਕਰਦਿਆਂ ਚੰਨੀ ਨੇ ਕਿਹਾ ਕਿ ਲੋਕ ਬਦਲਾਅ ਚਾਹੁੰਦੇ ਸੀ ਅਤੇ ਉਹ ਬਦਲਾਅ ਲੈ ਕੇ ਆਏ।

Charanjit Singh Channi

ਇਸ ਦੌਰਾਨ ਉਹਨਾਂ ਨੇ 300 ਯੂਨਿਟ ਮੁਫ਼ਤ ਬਿਜਲੀ ਦੇ ਐਲ਼ਾਨ ਨੂੰ ਲੈ ਕੇ ‘ਆਪ’ ਸਰਕਾਰ ’ਤੇ ਸਵਾਲ ਚੁੱਕੇ। ਉਹਨਾਂ ਕਿਹਾ ਕਿ 200 ਯੂਨਿਟ ਮੁਫ਼ਤ ਬਿਜਲੀ ਤਾਂ ਪਹਿਲਾਂ ਹੀ ਮਿਲਦੀ ਸੀ, ਹੁਣ 100 ਯੂਨਿਟ ਮੁਫ਼ਤ ਕਰਕੇ ਕੀ ਬਹਾਦਰੀ ਕਰ ਦਿੱਤੀ। ਚੰਨੀ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਠੱਗੀ ਹੋਈ ਹੈ, ਉਹ ਬਦਲਾਅ ਚਾਹੁੰਦੇ ਸਨ, ਪਰ ਉਹਨਾਂ ਨੂੰ ਨਹੀਂ ਪਤਾ ਸੀ ਕਿ ਇਹ ‘ਠੱਗੀ ਵਾਲਾ ਬਦਲਾਅ’ ਹੈ।

Navjot Sidhu

ਦੱਸ ਦੇਈਏ ਕਿ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਹਰ ਵਿਅਕਤੀ ਨੂੰ ਆਪਣੀ ਗੱਲ ਰੱਖਣ ਦਾ ਹੱਕ ਹੈ ਪਰ ਚੋਣਾਂ ’ਚ ਹਾਰ ਤੋਂ ਬਾਅਦ ਉਹ ਅੱਜ ਤੱਕ ਨਹੀਂ ਬੋਲੇ ਪਰ ਅੱਜ ਉਹ ਡੰਕੇ ਦੀ ਚੋਟ ’ਤੇ ਬੋਲ ਰਹੇ ਹਨ ਕਿ ਪੰਜ ਸਾਲ ਦੇ ਮਾਫੀਆ ਰਾਜ ਕਰਕੇ ਕਾਂਗਰਸ ਨੂੰ ਹਾਰ ਦਾ ਮੂੰਹ ਵੇਖਣਾ ਪਿਆ ਹੈ। ਸਿੱਧੂ ਨੇ ਕਿਹਾ ਕਿ ਮੈਂ ਇਸ ਮਾਫੀਆ ਖ਼ਿਲਾਫ਼ ਲੜਦਾ ਰਿਹਾ, ਇਹ ਮਾਫੀਆ ਪੰਜਾਬ ਨੂੰ ਘੁਣ ਵਾਂਗ ਖਾ ਗਿਆ ਅਤੇ ਇਸ ਵਿਚ ਮੁੱਖ ਮੰਤਰੀ ਵੀ ਸ਼ਾਮਲ ਸਨ।