ਕਾਂਗਰਸ ਨੂੰ ਮਹਿੰਗਾ ਪਵੇਗਾ ਸ਼ਤਾਬਦੀ ਪ੍ਰਕਾਸ਼ ਪੁਰਬ ਮੌਕੇ ਗੁਰੂ ਨਾਨਕ ਥਰਮਲ ਪਲਾਂਟ ਬੰਦ ਕਰਨਾ : ਆਪ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਲੋਕ ਸਭਾ ਹਲਕੇ ਦੇ 'ਆਪ' ਵਿਧਾਇਕਾਂ ਨੇ ਬਠਿੰਡਾ ਥਰਮਲ ਪਲਾਂਟਾਂ ਮੁੜ ਸ਼ੁਰੂ ਕਰਨ ਦੀ ਮੰਗ ਕੀਤੀ

Guru Nanak Thermal Plant

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਕੈਪਟਨ ਸਰਕਾਰ ਅਤੇ ਬਾਦਲਾਂ 'ਤੇ ਵਰ੍ਹਦਿਆਂ ਕਿਹਾ ਕਿ ਇਕ ਪਾਸੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਸ਼ਤਾਬਦੀ ਪ੍ਰਕਾਸ਼ ਪੁਰਬ ਮਨਾਉਣ ਦੀ ਦੌੜ 'ਚ ਪਏ ਹੋਏ ਹਨ, ਦੂਜੇ ਪਾਸੇ ਇਸ ਵਰ੍ਹੇ 'ਚ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਸਮਰਪਤ ਬਠਿੰਡਾ ਦਾ ਥਰਮਲ ਪਲਾਂਟ ਪੱਕੇ ਤੌਰ 'ਤੇ ਬੰਦ ਕਰ ਕੇ ਇਸ ਵਿਰਾਸਤੀ ਸ਼ਾਨ ਦਾ ਨਾਮੋ-ਨਿਸ਼ਾਨ ਹੀ ਖ਼ਤਮ ਕੀਤਾ ਜਾ ਰਿਹਾ ਹੈ।

'ਆਪ' ਹੈੱਡਕੁਆਟਰ ਵੱਲੋਂ ਜਾਰੀ ਬਿਆਨ ਰਾਹੀਂ ਬੁਢਲਾਡਾ ਤੋਂ ਵਿਧਾਇਕ ਪ੍ਰਿੰਸੀਪਲ ਬੁੱਧਰਾਮ, ਤਲਵੰਡੀ ਸਾਬੋ ਤੋਂ ਵਿਧਾਇਕ ਪ੍ਰੋ. ਬਲਜਿੰਦਰ ਕੌਰ ਅਤੇ ਬਠਿੰਡਾ (ਦਿਹਾਤੀ) ਤੋਂ ਵਿਧਾਇਕ ਰੁਪਿੰਦਰ ਕੌਰ ਰੂਬੀ ਨੇ ਸਰਕਾਰ ਨੂੰ ਚਿਤਾਵਨੀ ਦਿੰਦਿਆਂ ਕਿਹਾ ਕਿ ਜੇ ਕੈਪਟਨ ਅਮਰਿੰਦਰ ਸਿੰਘ ਅਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਥਰਮਲ ਪਲਾਂਟ ਦੀ ਜ਼ਮੀਨ ਵੇਚਣ-ਵਟਣ ਜਾਂ ਕਿਸੇ ਹੋਰ ਮਕਸਦ ਲਈ ਵਰਤਣ ਦੀ ਕੋਸ਼ਿਸ਼ ਕੀਤੀ ਤਾਂ ਕਾਂਗਰਸ ਨੂੰ ਇਸ ਦਾ ਮਹਿੰਗਾ ਮੁੱਲ ਤਾਰਨਾ ਪਵੇਗਾ।

'ਆਪ' ਵਿਧਾਇਕਾਂ ਨੇ ਕਿਹਾ ਕਿ ਬਿਹਤਰ ਹੁੰਦਾ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਹਿਤਾਂ ਅਤੇ ਗੁਰੂ ਨਾਨਕ ਦੇਵ ਜੀ ਪ੍ਰਤੀ ਸ਼ਰਧਾ-ਸਨਮਾਨ ਦਿਖਾਉਂਦੇ ਅਤੇ ਬਾਦਲਾਂ ਦੇ ਰਾਹ ਨਾ ਤੁਰਦੇ ਜਿੰਨਾ ਨੇ ਪ੍ਰਾਈਵੇਟ ਥਰਮਲ ਕੰਪਨੀਆਂ ਨਾਲ ਮਿਲ ਕੇ ਬਠਿੰਡਾ ਥਰਮਲ ਪਲਾਂਟ ਨੂੰ ਪੂਰੀ ਸਮਰੱਥਾ ਮੁਤਾਬਕ ਨਾ ਚਲਾ ਕੇ ਕਾਗ਼ਜ਼ਾਂ 'ਚ 'ਚਿੱਟਾ ਹਾਥੀ' ਵਿਖਾਉਣ ਦੀ ਸਾਜ਼ਿਸ਼ ਰਚੀ, ਜਦਕਿ 5 ਸਾਲ ਪਹਿਲਾਂ ਇਸ ਥਰਮਲ ਪਲਾਂਟ ਦੇ ਨਵੀਨੀਕਰਨ ਦੇ ਨਾਂ 'ਤੇ 715 ਕਰੋੜ ਰੁਪਏ ਖ਼ਰਚ ਕਰਕੇ ਇਸ ਦੀ 2031 ਤੱਕ ਮਿਆਦ ਵਧਾਈ ਸੀ।

'ਆਪ' ਵਿਧਾਇਕਾਂ ਨੇ ਕਿਹਾ ਕਿ ਸਾਜ਼ਿਸ਼ ਇਸ ਕਦਰ ਡੂੰਘੀ ਸੀ ਕਿ ਜਿਹੜੇ 3 ਅਤੇ 4 ਨੰਬਰ ਯੂਨਿਟਾਂ 'ਤੇ ਕਰੀਬ 500 ਕਰੋੜ ਰੁਪਏ ਖ਼ਰਚੇ ਦਿਖਾਏ ਉਨ੍ਹਾਂ 'ਚ 4 ਨੰਬਰ ਯੂਨਿਟ ਨਵੀਨੀਕਰਨ ਉਪਰੰਤ 100 ਘੰਟੇ ਵੀ ਪੂਰਾ ਨਹੀਂ ਚਲਾਇਆ। 'ਆਪ' ਵਿਧਾਇਕਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਬਠਿੰਡਾ ਅਤੇ ਰੋਪੜ ਥਰਮਲ ਪਲਾਂਟਾਂ ਦੇ ਯੂਨਿਟ ਨੂੰ ਬੰਦ ਕਰਨ ਪਿੱਛੇ ਹੋਈ ਸਾਜ਼ਿਸ਼ ਦੀ ਡੂੰਘੀ ਜਾਂਚ ਕਰਾਉਣ ਅਤੇ ਬਠਿੰਡਾ ਥਰਮਲ ਪਲਾਂਟ ਮੁੜ ਚਲਾ ਕੇ ਰੁਜ਼ਗਾਰ ਦੇ ਮੌਕੇ ਵਧਾਉਣ ਅਤੇ ਪੰਜਾਬ ਦੀ ਪ੍ਰਾਈਵੇਟ ਥਰਮਲ ਪਲਾਂਟਾਂ 'ਤੇ ਨਿਰਭਰਤਾ ਘਟਾਉਣ, ਜੋ ਹੁਣ 70 ਪ੍ਰਤੀਸ਼ਤ ਤੱਕ ਪੁੱਜ ਗਈ ਹੈ। ਨਤੀਜੇ ਵਜੋਂ ਪੰਜਾਬ ਦੇ ਹਰ ਬਿਜਲੀ ਖਪਤਕਾਰ ਨੂੰ ਬਿਜਲੀ ਹੱਦੋਂ ਮਹਿੰਗੀ ਪੈ ਰਹੀ ਹੈ।