ਨਿੱਜੀ ਥਰਮਲ ਪਲਾਂਟਾਂ ਨਾਲ ਬਿਜਲੀ ਖ਼ਰੀਦ ਸਮਝੌਤੇ ਤੁਰੰਤ ਰੱਦ ਕਰਨ ਸਿੱਧੂ : ਅਮਨ ਅਰੋੜਾ

ਏਜੰਸੀ

ਖ਼ਬਰਾਂ, ਰਾਜਨੀਤੀ

ਨਵੇਂ ਬਿਜਲੀ ਮੰਤਰੀ ਨਵਜੋਤ ਸਿੱਧੂ ਨੂੰ 'ਆਪ' ਵਿਧਾਇਕ ਨੇ ਲਿਖਿਆ ਪੱਤਰ

Aman Arora write a letter to Navjot Singh Sidhu

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਧਾਇਕ ਅਮਨ ਅਰੋੜਾ ਨੇ ਪੰਜਾਬ ਦੇ ਨਵ-ਨਿਯੁਕਤ ਬਿਜਲੀ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਜੇ ਉਹ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਸੱਚ-ਮੁੱਚ ਮੁੱਦਈ ਹਨ ਤਾਂ ਪਿਛਲੀ ਬਾਦਲ ਸਰਕਾਰ ਵੱਲੋਂ ਸਰਕਾਰੀ ਥਰਮਲ ਪਲਾਂਟਾਂ ਦੀ ਬਲੀ ਦੇ ਕੇ 3 ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਹੱਦੋਂ ਵੱਧ ਮਹਿੰਗੇ ਬਿਜਲੀ ਖ਼ਰੀਦ ਸਮਝੌਤਿਆਂ (ਪੀਪੀਪੀਜ਼) ਨੂੰ ਤੁਰੰਤ ਰੱਦ ਕਰਨ ਜਾਂ ਨਵੀਆਂ ਜਾਇਜ਼ ਸ਼ਰਤਾਂ ਤਹਿਤ ਇਨਾਂ ਸਾਰੇ ਸਮਝੌਤਿਆਂ ਦੀ ਨਜ਼ਰਸਾਨੀ ਕਰ ਕੇ ਨਵੇਂ ਸਿਰਿਓਂ ਸਸਤੇ ਬਿਜਲੀ ਖ਼ਰੀਦ ਸਮਝੌਤੇ ਕੀਤੇ ਜਾਣ ਤਾਂਕਿ ਉੱਚ ਪਧਰੀ ਮਿਲੀਭੁਗਤ ਨਾਲ ਸੂਬੇ ਦੇ ਸਰਕਾਰੀ ਖ਼ਜ਼ਾਨੇ ਅਤੇ ਹਰ ਵਰਗ ਦੇ ਬਿਜਲੀ ਖ਼ਪਤਕਾਰਾਂ ਦੀ ਕੀਤੀ ਜਾ ਰਹੀ ਅੰਨੀ ਲੁੱਟ ਬੰਦ ਹੋ ਸਕੇ।

ਪਾਰਟੀ ਹੈੱਡਕੁਆਟਰ ਰਾਹੀਂ ਜਾਰੀ ਚਿੱਠੀ 'ਚ ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਬਤੌਰ ਬਿਜਲੀ ਮੰਤਰੀ ਮਿਲੀ ਨਵੀਂ ਜ਼ਿੰਮੇਵਾਰੀ 'ਤੇ ਵਧਾਈ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਵੱਲੋਂ ਪਿਛਲੇ ਸਥਾਨਕ ਸਰਕਾਰਾਂ ਵਿਭਾਗ 'ਚ ਬਤੌਰ ਮੰਤਰੀ ਭਿ੍ਰਸ਼ਟਾਚਾਰ ਵਿਰੁੱਧ ਕੀਤੀਆਂ ਕੋਸ਼ਿਸ਼ਾਂ ਦੀ ਸਰਹਾਣਾ ਕੀਤੀ। 

'ਆਪ' ਆਗੂ ਨੇ ਨਾਲ ਹੀ ਨਵਜੋਤ ਸਿੰਘ ਸਿੱਧੂ ਦੀ ਇਸ ਗੱਲੋਂ ਵੀ ਸ਼ਲਾਘਾ ਕੀਤੀ ਕਿ ਉਸ ਨੇ ਚੋਣਾਂ ਮੌਕੇ 'ਫ਼ਰੈਂਡਲੀ ਮੈਚ' ਵਾਲੀ ਬੇਬਾਕ ਟਿੱਪਣੀ ਕਰ ਕੇ ਲੋਕਾਂ ਦੀ ਉਸ ਗੱਲ 'ਤੇ ਮੋਹਰ ਲੱਗਾ ਦਿੱਤੀ ਸੀ ਕਿ ਬਾਦਲ-ਕੈਪਟਨ ਆਪਸ 'ਚ ਰਲ ਕੇ ਖੇਡ ਰਹੇ ਹਨ। ਹਾਲਾਂਕਿ ਸਿੱਧੂ ਦਾ ਇਹ ਸੱਚ ਉਸ ਦੀ ਆਪਣੀ ਕਾਂਗਰਸ ਲੀਡਰਸ਼ਿਪ ਨੂੰ ਰਾਸ ਨਹੀਂ ਆਇਆ ਅਤੇ ਸਿੱਧੂ ਕੋਲੋਂ ਸਥਾਨਕ ਸਰਕਾਰਾਂ ਵਰਗਾਂ ਅਹਿਮ ਮੰਤਰਾਲਾ ਖੋਹ ਲਿਆ ਗਿਆ। 

ਆਪਣੀ ਚਿੱਠੀ 'ਚ ਨਿੱਜੀ ਥਰਮਲ ਪਲਾਂਟਾਂ ਨਾਲ ਕੀਤੇ ਲੋਟੂ ਸਮਝੌਤਿਆਂ 'ਤੇ ਕੇਂਦਰਿਤ ਹੁੰਦੇ ਹੋਏ ਅਮਨ ਅਰੋੜਾ ਨੇ ਦੱਸਿਆ ਕਿ ਸਮਝੌਤਿਆਂ ਦੌਰਾਨ ਬੇਹੱਦ ਨਜਾਇਜ਼ ਸ਼ਰਤਾਂ ਰਾਹੀਂ ਸੂਬਾ ਸਰਕਾਰ ਨੂੰ ਇੱਥੋਂ ਤਕ ਪਾਬੰਦ ਕਰ ਦਿੱਤਾ ਗਿਆ ਕਿ ਬੇਸ਼ੱਕ ਸਰਕਾਰ ਇਨ੍ਹਾਂ ਨਿੱਜੀ ਥਰਮਲ ਪਲਾਂਟਾਂ ਕੋਲੋਂ ਇਕ ਵੀ ਯੂਨਿਟ ਬਿਜਲੀ ਨਾ ਲਵੇ, ਫਿਰ ਵੀ 25 ਸਾਲਾਂ ਤੱਕ ਸਰਕਾਰ ਇਨਾਂ ਥਰਮਲ ਪਲਾਂਟਾਂ ਨੂੰ ਸਾਲਾਨਾ 2800 ਕਰੋੜ ਰੁਪਏ ਦੇਵੇਗੀ, ਜੋ ਨਿਰਧਾਰਿਤ 25 ਸਾਲਾਂ 'ਚ ਕਰੀਬ 70 ਹਜ਼ਾਰ ਕਰੋੜ ਰੁਪਏ ਦੀ ਰਾਸ਼ੀ ਬਣਦੀ ਹੈ। 

ਅਮਨ ਅਰੋੜਾ ਨੇ ਨਵਜੋਤ ਸਿੰਘ ਸਿੱਧੂ ਨੂੰ ਅਪੀਲ ਕੀਤੀ ਕਿ ਪੰਜਾਬ ਅਤੇ ਪੰਜਾਬ ਦੇ ਲੋਕਾਂ ਦੇ ਹਿਤਾਂ ਲਈ ਉਹ ਬਾਦਲ ਸਰਕਾਰ ਵੱਲੋਂ ਕੀਤੇ ਗਏ ਗ਼ਲਤ, ਬੇਦਲੀਲੇ ਅਤੇ ਲੋਟੂ ਬਿਜਲੀ ਖ਼ਰੀਦ ਸਮਝੌਤਿਆਂ ਨੂੰ ਤੁਰੰਤ ਰੱਦ ਕਰਵਾ ਕੇ ਆਪਣੀ ਪੰਜਾਬ ਅਤੇ ਪੰਜਾਬੀਆਂ ਪ੍ਰਤੀ ਇਮਾਨਦਾਰੀ ਅਤੇ ਵਫ਼ਾਦਾਰੀ 'ਤੇ ਖਰਾ ਉੱਤਰਨ।