ਹਾਈ ਪ੍ਰੋਫਾਈਲ ਸੀਟ ਬਣੀ ਨਵੀਂ ਦਿੱਲੀ, ਕੇਜਰੀਵਾਲ ਨੂੰ ਟੱਕਰ ਦੇਣਗੇ 87 ਉਮੀਦਵਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੀ ਸਿਆਸਤ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ।

Photo

ਨਵੀਂ ਦਿੱਲੀ: ਰਾਜਧਾਨੀ ਦਿੱਲੀ ਵਿਚ ਹੋਣ ਜਾ ਰਹੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਪੂਰੇ ਦੇਸ਼ ਦੀ ਸਿਆਸਤ ਦਾ ਮਾਹੌਲ ਕਾਫੀ ਗਰਮਾਇਆ ਹੋਇਆ ਹੈ। ਇਹਨਾਂ ਚੋਣਾਂ ਨੂੰ ਲੈ ਕੇ ਵੱਖ-ਵੱਖ ਸੂਬਿਆਂ ਸਮੇਤ ਪੰਜਾਬ ਦੀ ਸਿਅਸਤ ਵਿਚ ਵੀ ਹਲਚਲ ਜਾਰੀ ਹੈ। ਦਿੱਲੀ ਦੀਆਂ ਸਾਰੀਆਂ 70 ਵਿਧਾਨ ਸਭਾ ਸੀਟਾਂ ‘ਤੇ ਨਾਮਜ਼ਦਗੀ ਪ੍ਰਕਿਰਿਆ ਮੰਗਲਵਾਰ ਨੂੰ ਪੂਰੀ ਹੋ ਚੁੱਕੀ ਹੈ।

ਦਿੱਲੀ ਦੀਆਂ 70 ਸੀਟਾਂ ‘ਤੇ ਔਸਤਨ 22 ਉਮੀਦਵਾਰ ਮੈਦਾਨ ਵਿਚ ਉਤਰੇ ਹਨ। ਨਵੀਂ ਦਿੱਲੀ ਸੀਟ ਤੋਂ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਚੋਣ ਮੈਦਾਨ ਵਿਚ ਹਨ ਅਤੇ ਸਭ ਤੋਂ ਜ਼ਿਆਦਾ ਉਮੀਦਵਾਰ ਇਸੇ ਸੀਟ ‘ਤੇ ਅਪਣੀ ਕਿਸਮਤ ਅਜ਼ਮਾ ਰਹੇ ਹਨ। ਨਵੀਂ ਦਿੱਲੀ ਸੀਟ ਤੋਂ ਕੁੱਲ 88 ਉਮੀਦਵਾਰਾਂ ਨੇ ਪਰਚਾ ਦਰਜ ਕੀਤਾ ਹੈ।

ਜ਼ਿਆਦਾ ਉਮੀਦਵਾਰ ਹੋਣ ਕਾਰਨ ਕੇਜਰੀਵਾਲ ਨੂੰ ਨਾਮਜ਼ਦਗੀ ਦਾਖਲ ਕਰਨ ਸਮੇਂ 6 ਘੰਟਿਆਂ ਤੱਕ ਇੰਤਜ਼ਾਰ ਕਰਨਾ ਪਿਆ ਸੀ। ਨਵੀਂ ਦਿੱਲੀ ਸੀਟ ‘ਤੇ ਕਿਸਮਤ ਅਜ਼ਮਾ ਰਹੇ ਜ਼ਿਆਦਾਤਰ ਉਮੀਦਵਾਰ ਪ੍ਰਾਈਵੇਟ ਕੰਪਨੀ ਜਾਂ ਐਨਜੀਓ ਵਰਕਰ ਹਨ। 88 ਵਿਚੋਂ 14 ਉਮੀਦਵਾਰ ਔਰਤਾਂ ਹਨ। ਜਦਕਿ 52 ਉਮੀਦਵਾਰ ਅਜ਼ਾਦ ਹਨ।

ਨਾਮਜ਼ਦਗੀ ਦੀ ਜਾਂਚ ਦੌਰਾਨ ਤਿੰਨ ਉਮੀਦਵਾਰਾਂ ਦੀ ਨਾਮਜ਼ਦਗੀ ਰੱਦ ਹੋਈ ਹੈ। ਹਾਲਾਂਕਿ 24 ਜਨਵਰੀ ਨੂੰ ਨਾਮਜ਼ਦਗੀ ਵਾਪਸ ਲੈਣ ਦਾ ਆਖਰੀ ਦਿਨ ਹੈ ਅਤੇ ਉਸ ਦਿਨ ਉਮੀਦਵਾਰਾਂ ਦੀ ਗਿਣਤੀ ਵਿਚ ਕੁਝ ਕਮੀ ਦੇਖਣ ਨੂੰ ਮਿਲ ਸਕਦੀ ਹੈ। ਨਵੀਂ ਦਿੱਲੀ ਸੀਟ ਅਰਵਿੰਦ ਕੇਜਰੀਵਾਲ ਦੇ ਉਮੀਦਵਾਰ ਹੋਣ ਕਾਰਨ ਸਭ ਤੋਂ ਹਾਈ ਪ੍ਰੋਫਾਈਲ ਸੀਟ ਬਣ ਗਈ ਹੈ।

ਅਰਵਿੰਦ ਕੇਜਰੀਵਾਲ ਨੇ ਇਸ ਸੀਟ ‘ਤੇ ਦੋ ਵਾਰ ਕਿਸਮਤ ਅਜ਼ਮਾਈ ਹੈ ਅਤੇ ਦੋਨੇ ਵਾਰ ਉਹ ਜਿੱਤ ਦਰਜ ਕਰਨ ਵਿਚ ਕਾਮਯਾਬ ਰਹੇ। ਕੇਜਰੀਵਾਲ ਨੇ 2013 ਵਿਚ ਅਪਣੀ ਪਹਿਲੀ ਚੋਣ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦਿਕਸ਼ਿਤ ਖਿਲਾਫ ਲੜੀ ਸੀ ਅਤੇ 25 ਹਜ਼ਾਰ ਤੋਂ ਜ਼ਿਆਦਾ ਵੋਟਾਂ ਦੇ ਨਾਲ ਉਹ ਜਿੱਤ ਹਾਸਲ ਕਰਨ ਵਿਚ ਕਾਮਯਾਬ ਰਹੇ ਸੀ।

2015 ਵਿਚ ਦਿੱਲੀ ਦੀ ਜਿੱਤ ਦਾ ਅੰਤਰ ਹੋਰ ਵੱਡਾ ਸੀ ਅਤੇ ਉਹ 30 ਹਜ਼ਾਰ ਤੋਂ ਜ਼ਿਆਦਾ ਵੋਟਾਂ ਲੈ ਕੇ ਜਿੱਤ ਦਰਜ ਕਰਨ ਵਿਚ ਕਮਯਾਬ ਹੋਏ। ਇਸ ਵਾਰ ਕੇਜਰੀਵਾਲ ਨੂੰ ਟੱਕਰ ਦੇਣ ਲਈ ਭਾਜਪਾ ਨੇ ਅਪਣੇ ਯੁਵਾ ਚਹਿਰੇ ਸੁਨਿਲ ਯਾਦਵ ਨੂੰ ਮੈਦਾਨ ਵਿਚ ਉਤਾਰਿਆ ਹੈ। ਕਾਂਗਰਸ ਨੇ ਇਸ ਸੀਟ ‘ਤੇ ਰੋਮੇਸ਼ ਸਭਰਵਾਲ ਨੂੰ ਟਿਕਟ ਦਿੱਤੀ ਹੈ। ਹਾਲਾਂਕਿ ਸਿਅਸੀ ਨਜ਼ਰੀਏ ਨਾਲ ਦੇਖੀਏ ਤਾਂ ਇਹਨਾਂ ਦੋਵੇਂ ਆਗੂਆਂ ਦਾ ਸਿਆਸੀ ਕੱਦ ਕੇਜਰੀਵਾਲ ਦੇ ਮੁਕਾਬਲੇ ਕਾਫੀ ਛੋਟਾ ਹੈ।