ਲੋਕ ਸਭਾ ਚੋਣਾਂ : ਵੋਟਿੰਗ ਦੌਰਾਨ 7 ਲੋਕਾਂ ਦੀ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਵੋਟਰ ਸੂਚੀ 'ਚੋਂ ਨਾਂ ਕੱਟੇ ਜਾਣ 'ਤੇ ਪਿਆ ਦਿਲ ਦਾ ਦੌਰਾ

Lok Sabha Electon : 7 peoples dies in Kerala

ਤਿਰੁਵਨੰਤਪੁਰਮ : ਲੋਕ ਸਭਾ ਚੋਣਾਂ ਦੇ ਤੀਜੇ ਗੇੜ ਲਈ ਅੱਜ ਪਈਆਂ ਵੋਟਾਂ ਦੌਰਾਨ ਕੇਰਲਾ 'ਚ ਵੱਖ-ਵੱਖ ਪੋਲਿੰਗ ਬੂਥਾਂ 'ਤੇ 7 ਲੋਕਾਂ ਦੀ ਮੌਤ ਹੋ ਗਈ। ਇਸ 'ਚ ਇਕ ਵਿਅਕਤੀ ਨੂੰ ਆਪਣਾ ਨਾਂ ਜਦੋਂ ਵੋਟਰ ਸੂਚੀ 'ਚ ਨਾ ਮਿਲਿਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ। ਇਕ ਹੋਰ ਵਿਅਕਤੀ ਮਰਾਰ ਵੇਣੂਗੋਪਾਲ ਵੋਟ ਪਾਉਣ ਮਗਰੋਂ ਘਰ ਪਰਤ ਰਿਹਾ ਸੀ ਤਾਂ ਰਸਤੇ 'ਚ ਉਸ ਦੀ ਮੌਤ ਹੋ ਗਈ। 65 ਸਾਲ ਦੇ ਵਿਜੈ ਦੀ ਕਨੂੰਰ ਜ਼ਿਲ੍ਹੇ 'ਚ ਚੋਕਲੀ ਰਾਮਵਿਲਾਸਮ ਪੋਲਿੰਗ ਬੂਥ ਦੇ ਬਾਹਰ, 66 ਸਾਲਾ ਚਾਕੋ ਮਥਾਈ ਦੀ ਪਤਨਥਿੱਟਾ ਜ਼ਿਲ੍ਹੇ ਦੇ ਪੇਜੁਮਪਰਾ 'ਚ ਅਤੇ ਥ੍ਰੇਸਾ ਕੁੱਟੀ ਦੀ ਐਲਰਨਾਕੁਲਮ 'ਚ ਮੌਤ ਹੋ ਗਈ।

ਇਸ ਤੋਂ ਇਲਾਵਾ ਮ੍ਰਿਤਕਾਂ 'ਚ ਕੋਲੱਮ ਕਿਲਿਕੋਲੂਰ ਸਕੂਲ ਪੋਲਿੰਗ ਬੂਥ 'ਤੇ ਵੋਟ ਪਾਉਣ ਆਏ ਮਣੀ, ਤਾਲਿਪਰੰਬਾ ਦੇ ਰਹਿਣ ਵਾਲੇ ਵੇਣੂਗੋਪਾਲ ਮਰਾਰ, ਵਾਏਨਾਡ ਆਦਿਵਾਸੀ ਕਾਲੋਨੀ ਦੇ ਬਾਲਨ ਅਤੇ ਮਾਵੇਲਿਕੱਰਾ ਦੇ ਪ੍ਰਭਾਕਰਨ ਸ਼ਾਮਲ ਹਨ। ਮਣੀ ਦੀ ਮੌਤ ਉਸ ਸਮੇਂ ਹੋਈ ਜਦੋਂ ਉਸ ਨੂੰ ਪਤਾ ਲੱਗਾ ਕਿ ਉਸ ਦਾ ਨਾਂ ਵੋਟਰ ਸੂਚੀ 'ਚ ਨਹੀਂ ਹੈ। ਇਸ ਤੋਂ ਇਲਾਵਾ ਅਲੱਪੁਝਾ 'ਚ ਇਕ ਪੋਲਿੰਗ ਬੂਥ 'ਤੇ ਪੋਲਿੰਗ ਅਫ਼ਸਰ ਨੂੰ ਦੌਰੇ ਪੈਣ ਲੱਗੇ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ 'ਚ ਦਾਖ਼ਲ ਕਰਵਾਇਆ ਗਿਆ।

ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ 2019 ਦੇ ਤੀਜੇ ਗੇੜ ਲਈ ਮੰਗਲਵਾਰ ਨੂੰ ਵੋਟਾਂ ਪਈਆਂ। ਤੀਜੇ ਗੇੜ 'ਚ ਕੁਲ 117 ਸੀਟਾਂ 'ਤੇ ਵੋਟਾਂ ਪਈਆਂ, ਜਿਨ੍ਹਾਂ 'ਚ ਕੇਰਲਾ ਦੀਆਂ 20 ਸੀਟਾਂ ਸ਼ਾਮਲ ਹਨ।