ਕਰਨਾਟਕ 'ਚ ਡਿੱਗੀ ਕੁਮਾਰਸਵਾਮੀ ਦੀ ਸਰਕਾਰ

ਏਜੰਸੀ

ਖ਼ਬਰਾਂ, ਰਾਜਨੀਤੀ

ਵਿਰੋਧ 'ਚ 105 ਵੋਟਾਂ ; ਪੱਖ 'ਚ 99 ਵੋਟਾਂ ਪਈਆਂ

HD Kumaraswamy govt fails in Karnataka floor test

ਬੰਗਲੁਰੂ : ਕਰਨਾਟਕ ਵਿਧਾਨ ਸਭਾ 'ਚ  ਵਿਸ਼ਵਾਸ ਪ੍ਰਸਤਾਵ 'ਤੇ ਚਾਰ ਦਿਨ ਚਲੀ ਚਰਚਾ ਤੋਂ ਬਾਅਦ ਮੰਗਲਵਾਰ ਸ਼ਾਮ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਫ਼ਲੋਰ ਟੈਸਟ 'ਚ ਫੇਲ ਹੋ ਗਏ। ਫ਼ਲੋਰ ਟੈਸਟ 'ਚ ਕਾਂਗਰਸ-ਜੇਡੀਐਸ ਗਠਜੋੜ ਨੂੰ 99 ਵੋਟਾਂ ਮਿਲੀਆਂ, ਜਦਕਿ ਵਿਰੋਧ 'ਚ 105 ਵੋਟਾਂ ਪਈਆਂ। ਕਾਂਗਰਸ-ਜੇਡੀਐਸ ਗਠਜੋੜ ਨੂੰ ਬਹੁਮਤ ਲਈ 103 ਦਾ ਅੰਕੜਾ ਜ਼ਰੂਰੀ ਸੀ। ਕੁਮਾਰਸਵਾਮੀ 14 ਮਹੀਨੇ ਤੋਂ 116 ਵਿਧਾਇਕਾਂ ਨਾਲ ਸਰਕਾਰ ਚਲਾ ਰਹੇ ਸਨ ਪਰ ਇਸੇ ਮਹੀਨੇ 15 ਵਿਧਾਇਕ ਬਾਗ਼ੀ ਹੋ ਗਏ। ਹਣ ਭਾਜਪਾ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰੇਗੀ। ਬੀ.ਐਸ. ਯੇਦੀਯੁਰੱਪਾ ਚੌਥੀ ਵਾਰ ਮੁੱਖ ਮੰਤਰੀ ਬਣ ਸਕਦੇ ਹਨ।

ਇਸ ਤੋਂ ਪਹਿਲਾਂ 19 ਜੁਲਾਈ ਨੂੰ ਵਿਧਾਨ ਸਭਾ ਸਪੀਕਰ ਨੇ ਸਪੱਸ਼ਟ ਤੌਰ 'ਤੇ ਕਿਹਾ ਸੀ ਕਿ ਜਿੰਨਾ ਵਿਚਾਰ-ਵਟਾਂਦਰਾ ਹੋਣਾ ਸੀ ਹੋ ਗਿਆ, ਹੁਣ ਬਹੁਮਤ ਪ੍ਰੀਖਣ ਦੀ ਵਾਰੀ ਹੈ। ਉਨ੍ਹਾਂ ਕਿਹਾ ਸੀ ਕਿ ਉਹ ਅੱਜ ਹੀ ਬਹੁਮਤ ਪ੍ਰੀਖਣ ਦੀ ਪ੍ਰਕਿਰਿਆ ਨੂੰ ਖਤਮ ਕਰਨਾ ਚਾਹੁੰਦੇ ਹਨ ਪਰ ਕਾਂਗਰਸ ਤੇ ਜੇਡੀਐਸ ਵਿਧਾਇਕ ਇਸ ਦੇ ਪੱਖ 'ਚ ਨਹੀਂ ਸੀ ਜਦਕਿ ਭਾਜਪਾ ਚਾਹੁੰਦੀ ਹੈ ਕਿ ਅੱਜ ਹੀ ਫ਼ਲੋਰ ਟੈਸਟ ਹੋ ਜਾਵੇ।

ਰਾਜਧਾਨੀ 'ਚ ਪ੍ਰਸ਼ਾਸਨ ਨੇ 48 ਘੰਟਿਆਂ ਦੇ ਲਈ ਧਾਰਾ 144 ਲਾਗੂ ਕਰ ਦਿੱਤੀ ਹੈ। ਐਚ.ਡੀ ਕੁਮਾਰਸਵਾਮੀ ਨੇ ਕਿਹਾ ਕਿ ਉਹ ਖੁਸ਼ੀ ਨਾਲ ਆਪਣੇ ਅਹੁਦੇ ਦਾ 'ਬਲਿਦਾਨ' ਕਰਨ ਨੂੰ ਤਿਆਰ ਹਨ। ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਅਜਿਹਾ ਕਿਹਾ। ਚਾਰ ਦਿਨਾਂ ਤੱਕ ਵਿਧਾਨ ਸਭਾ 'ਚ ਵਿਸ਼ਵਾਸ ਪ੍ਰਸਤਾਵ 'ਤੇ ਚਰਚਾ ਤੋਂ ਬਾਅਦ ਕੁਮਾਰਸਵਾਮੀ ਨੇ ਕਿਹਾ ਕਿ ਮੈਂ ਖੁਸ਼ੀ ਨਾਲ ਇਸ ਅਹੁਦੇ ਦਾ ਬਲਿਦਾਨ ਕਰਨ ਲਈ ਤਿਆਰ ਹਾਂ।