'ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਹਨ, ਉਹ ਦੂਜਿਆਂ 'ਤੇ ਪੱਥਰ ਨਹੀਂ ਸੁਟਦੇ'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਗੁਰਦਾਸਪੁਰ ਦੇ ਕਾਂਗਰਸੀ ਆਗੂਆਂ ਨੇ ਬਿਕਰਮ ਮਜੀਠੀਆ ਨੂੰ ਦਿਤਾ ਮੋੜਵਾਂ ਜਵਾਬ

Congress leader in favor of Sukhjinder Randhawa

ਚੰਡੀਗੜ੍ਹ (ਸਪੋਕਸਮੈਨ ਸਮਾਚਾਰ ਸੇਵਾ) : ਕਾਂਗਰਸ ਪਾਰਟੀ ਅਤੇ ਇਸਦੇ ਆਗੂਆਂ ਦਾ ਇਤਿਹਾਸ ਦੇਸ਼ ਅਤੇ ਸਮਾਜ ਲਈ ਕੁਰਬਾਨੀਆਂ ਕਰਨ ਵਾਲਾ ਅਤੇ ਸਮਾਜ ਦੀ ਭਲਾਈ ਲਈ ਅਣਥਕ ਘਾਲਣਾ ਘਾਲਣ ਵਾਲਾ ਰਿਹਾ ਹੈ। ਪਾਰਟੀ ਦੇ ਆਗੂਆਂ ਨੇ ਹਮੇਸ਼ਾ ਹੀ ਮੂਹਰਲੀਆਂ ਸਫ਼ਾਂ ਵਿਚ ਰਹਿ ਕੇ ਲੋਕ ਹਿੱਤਾਂ ਦੀ ਆਵਾਜ਼ ਬੁਲੰਦ ਕੀਤੀ ਹੈ, ਜਿਸ ਕਾਰਨ ਪਾਰਟੀ ਲੋਕਾਂ ਦੀ ਆਵਾਜ਼ ਬਣਨ ਵਿਚ ਕਾਮਯਾਬ ਹੋਈ ਹੈ। ਇਸਦੇ ਆਗੂਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਪਾਸੋਂ ਕਿਸੇ ਤਰ੍ਹਾਂ ਦੇ ਪ੍ਰਮਾਣ ਪੱਤਰ ਦੀ ਬਿਲਕੁਲ ਵੀ ਲੋੜ ਨਹੀਂ ਹੈ।'

ਇਹ ਵਿਚਾਰ ਅੱਜ ਇਥੋਂ ਜਾਰੀ ਇਕ ਸਾਂਝੇ ਪ੍ਰੈੱਸ ਬਿਆਨ ਵਿਚ ਪ੍ਰਗਟ ਕਰਦੇ ਹੋਏ ਗੁਰਦਾਸਪੁਰ ਜ਼ਿਲ੍ਹੇ ਦੇ ਕਾਂਗਰਸੀ ਆਗੂਆਂ ਕੈਬਨਿਟ ਮੰਤਰੀ ਸ਼੍ਰੀਮਤੀ ਅਰੁਣਾ ਚੌਧਰੀ, ਵਿਧਾਇਕ ਬਰਿੰਦਰਮੀਤ ਸਿੰਘ ਪਾਹੜਾ, ਫ਼ਤਿਹਜੰਗ ਸਿੰਘ ਬਾਜਵਾ, ਬਲਵਿੰਦਰ ਸਿੰਘ ਲਾਡੀ ਅਤੇ ਸਾਬਕਾ ਵਿਧਾਇਕ ਅਸ਼ਵਨੀ ਸੇਖੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਬੜਬੋਲੇ ਤੇ ਬਦਨਾਮ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਜਿਸ ਤਰ੍ਹਾਂ ਦੀ ਬੇਲੋੜੀ ਅਤੇ ਬੇਬੁਨਿਆਦ ਕਿਸਮ ਦੇ ਇਲਜ਼ਾਮ ਲਾਉਣ ਵਾਲੀ ਬਿਆਨਬਾਜ਼ੀ ਪੰਜਾਬ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਵਿਰੁਧ ਕੀਤੀ ਜਾ ਰਹੀ ਹੈ, ਉਹ ਜ਼ਾਹਰ ਕਰਦੀ ਹੈ ਕਿ ਅਕਾਲੀ ਆਗੂ ਲੋਕਾਂ ਵਿਚ ਅਪਣਾ ਆਧਾਰ ਗੁਆ ਲੈਣ ਤੋਂ ਬਾਅਦ ਪੂਰੀ ਤਰ੍ਹਾਂ ਬੁਖਲਾਹਟ ਵਿਚ ਆ ਗਏ ਹਨ ਅਤੇ ਇਸ ਤਰ੍ਹਾਂ ਦੀ ਹੋਛੀ ਸਿਆਸਤ ਨਾਲ ਮੁੜ ਤੋਂ ਚਰਚਾ ਵਿਚ ਆਉਣਾ ਚਾਹੁੰਦੇ ਹਨ।

ਕਾਂਗਰਸੀ ਆਗੂਆਂ ਨੇ ਅੱਗੇ ਕਿਹਾ ਕਿ ਸਮੁੱਚਾ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਅਤੇ ਉਨ੍ਹਾਂ ਦੇ ਪਿਤਾ ਮਰਹੂਮ ਸ. ਸੰਤੋਖ ਸਿੰਘ ਰੰਧਾਵਾ ਦੀ ਪੰਜਾਬ ਦੇ ਹਿੱਤਾਂ ਲਈ ਕੀਤੀ ਕੁਰਬਾਨੀ ਤੋਂ ਚੰਗੀ ਤਰ੍ਹਾਂ ਵਾਕਿਫ਼ ਹੈ। ਜਿਸ ਤਰ੍ਹਾਂ ਰੰਧਾਵਾ ਪਰਵਾਰ ਨੇ ਪੰਜਾਬ ਦੇ ਕਾਲੇ ਦੌਰ ਦੌਰਾਨ ਡਟ ਕੇ ਲੜਾਈ ਲੜੀ, ਉਹ ਕਿਸੇ ਤੋਂ ਲੁਕਿਆ ਨਹੀਂ। ਇਸਦੇ ਉਲਟ ਜਿਸ ਤਰ੍ਹਾਂ ਅਕਾਲੀ ਆਗੂ ਖਾਸ ਕਰਕੇ ਬਿਕਰਮ ਸਿੰਘ ਮਜੀਠੀਆ ਦੇ ਪੰਜਾਬ ਨੂੰ ਨਸ਼ੇ ਵਿਚ ਗਲਤਾਨ ਕਰਨ ਵਾਲੇ ਅਨਸਰਾਂ ਨਾਲ ਸਬੰਧਾਂ ਦੇ ਖੁਲਾਸੇ ਹੁੰਦੇ ਰਹੇ, ਉਹ ਇਹ ਸਾਫ਼ ਜ਼ਾਹਰ ਕਰਦਾ ਹੈ ਕਿ ਅਕਾਲੀ ਆਗੂਆਂ ਤੋਂ ਵੱਡਾ ਪੰਥ ਅਤੇ ਪੰਜਾਬ ਦਾ ਦੋਖੀ ਹੋਰ ਕੋਈ ਨਹੀਂ ਹੋ ਸਕਦਾ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।