'ਜੇ ਅਜੇ ਵੀ ਨਾ ਜਾਗੇ ਤਾਂ ਨਸਲਾਂ ਖਾ ਜਾਣਗੇ ਨਸ਼ੇ ਅਤੇ ਏਡਜ਼'

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

5 ਸਾਲਾਂ 'ਚ ਏਡਜ਼/ਐਚਆਈਵੀ ਕੇਸ ਦੁੱਗਣੇ ਹੋਏ : ਹਰਪਾਲ ਸਿੰਘ ਚੀਮਾ 

State, central govts should take on the menace of drugs and AIDS with iron hands: AAP

ਚੰਡੀਗੜ੍ਹ : ਸੂਬੇ ਅੰਦਰ ਨਸ਼ਿਆਂ ਦੇ ਨਾਲ-ਨਾਲ ਏਡਜ਼ (ਐਚਆਈਵੀ) ਕੇਸਾਂ 'ਚ ਹੋ ਰਹੇ ਖ਼ੌਫ਼ਨਾਕ ਵਾਧੇ 'ਤੇ ਡੂੰਘੀ ਚਿੰਤਾ ਪ੍ਰਗਟ ਕਰਦੇ ਹੋਏ ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਸਰਕਾਰਾਂ ਅਜੇ ਵੀ ਨਹੀਂ ਜਾਗੀਆਂ ਤਾਂ ਤਬਾਹਕੁਨ ਨਤੀਜੇ ਨਿਕਲਣਗੇ।

'ਆਪ' ਮੁੱਖ ਦਫ਼ਤਰ ਰਾਹੀਂ ਜਾਰੀ ਬਿਆਨ 'ਚ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਸਰਕਾਰੀ ਅੰਕੜਿਆਂ ਅਨੁਸਾਰ ਸਾਲ 2013-14 'ਚ 4537 ਕੇਸਾਂ ਦੇ ਮੁਕਾਬਲੇ ਸਾਲ 2018-19 'ਚ 8133 ਏਡਜ਼/ਐਚਆਈਵੀ ਕੇਸਾਂ ਦਾ ਸਾਹਮਣੇ ਆਉਣਾ ਖ਼ਤਰਨਾਕ ਭਵਿੱਖ ਦੀ ਪੁਸ਼ਟੀ ਕਰਦਾ ਹੈ। ਮਨੁੱਖੀ ਜੀਵਨ ਦੇ ਵਿਨਾਸ਼ ਵੱਲ ਤੁਰ ਰਹੇ ਇਸ ਰੁਝਾਨ ਨੂੰ ਥੰਮ੍ਹਣ ਲਈ ਪੰਜਾਬ ਅਤੇ ਕੇਂਦਰ ਦੀ ਸਰਕਾਰ ਨੂੰ ਜੰਗੀ ਪੱਧਰ 'ਤੇ ਉਪਾਅ ਅਤੇ ਬਚਾਅ ਲਈ ਸ਼ਹਿਰ-ਮੁਹੱਲਾ ਅਤੇ ਪਿੰਡ-ਪਿੰਡ ਜਾ ਕੇ ਦਰਵਾਜ਼ੇ ਖੜਕਾਉਣੇ ਚਾਹੀਦੇ ਹਨ ਤਾਂ ਕਿ ਏਡਜ਼ ਫੈਲਣ ਦੇ ਕਾਰਨਾਂ, ਬਚਾਅ ਦੇ ਢੰਗ ਤਰੀਕੇ ਅਤੇ ਜਾਨਲੇਵਾ ਅੰਜਾਮ ਬਾਰੇ ਜਾਗਰੂਕਤਾ ਵੰਡਣੀ ਪਵੇਗੀ।

ਪੀੜਤ ਮਰੀਜ਼ਾਂ ਦੇ ਇਲਾਜ ਅਤੇ ਅਣਪਛਾਤੇ ਕੇਸਾਂ ਦੀ ਪਹਿਚਾਣ ਲਈ ਵਿਆਪਕ ਯੋਜਨਾ ਹੇਠਾਂ ਤੱਕ ਲਾਗੂ ਕਰਨੀ ਪਵੇਗੀ। ਇਸ ਮੁਹਿੰਮ 'ਚ ਸਰਕਾਰੀ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਨਾਲ-ਨਾਲ ਜਿੱਥੇ ਪ੍ਰਾਈਵੇਟ ਹਸਪਤਾਲਾਂ ਅਤੇ ਲੈਬੋਟਰੀਜ ਨੂੰ ਸਹਿਯੋਗ ਲਈ ਪਾਬੰਦ ਕਰਨਾ ਪਵੇਗਾ। ਚੀਮਾ ਨੇ ਕਿਹਾ ਕਿ ਇਸ ਜਾਨਲੇਵਾ ਬਿਮਾਰੀ ਤੋਂ ਬਚਣ ਲਈ ਸਮਾਜ ਨੂੰ ਵੀ ਇੱਕਜੁੱਟਤਾ ਨਾਲ ਅੱਗੇ ਆਉਣਾ ਪਵੇਗਾ।

ਉਨ੍ਹਾਂ ਕਿਹਾ ਕਿ 5 ਸਾਲਾਂ ਦੇ ਏਡਜ਼ ਦਾ ਪ੍ਰਕੋਪ ਦੁੱਗਣਾ ਹੋਣ ਦੇ ਜੋ ਅੰਕੜੇ ਸਾਹਮਣੇ ਆਏ ਹਨ, ਇਹ ਲੰਘੇ ਵਿੱਤੀ ਵਰ੍ਹੇ ਦੇ ਹਨ, ਪਰੰਤੂ ਪਿਛਲੇ ਦੋ ਤਿੰਨ ਮਹੀਨਿਆਂ ਦੌਰਾਨ ਬਡਰੁੱਖਾ (ਸੰਗਰੂਰ) 'ਚ ਇਕ ਦਰਜਨ, ਬਰਨਾਲਾ 'ਚ 40 ਅਤੇ ਫ਼ਾਜ਼ਿਲਕਾ ਕਰੀਬ 60 ਨਵੇਂ ਕੇਸਾਂ ਦਾ ਸਾਹਮਣੇ ਆਉਣਾ ਹੋਰ ਵੀ ਘਾਤਕ ਹੈ, ਕਿਉਂਕਿ ਇਨ੍ਹਾਂ 'ਚ ਬਹੁਤੇ ਪੀੜਤ 12-14 ਸਾਲਾਂ ਦੇ ਕਿਸ਼ੋਰ ਅਤੇ ਉਹ ਨੌਜਵਾਨ ਸ਼ਾਮਲ ਹਨ, ਜਿੰਨਾ ਨੂੰ ਨਸ਼ੇ ਦੀ ਲਤ ਲੱਗੀ ਹੋਈ ਹੈ।

ਚੀਮਾ ਨੇ ਕਿਹਾ ਕਿ ਸਰਕਾਰ ਨੂੰ ਬੇਰੁਜ਼ਗਾਰੀ ਨਸ਼ੇ ਅਤੇ ਏਡਜ਼ ਦੇ ਵਧਦੇ ਕੇਸਾਂ 'ਤੇ ਤੁਰੰਤ ਜੰਗੀ ਪੱਧਰ ਦੇ ਕਦਮ ਚੁੱਕਣੇ ਪੈਣਗੇ, ਕਿਉਂਕਿ ਇਹ ਤਿੰਨੋਂ ਅਲਾਮਤਾਂ ਆਪਸ ਵਿਚ ਸਿੱਧਾ ਜੁੜੀਆਂ ਹੋਈਆਂ ਹਨ। ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਆਗਾਮੀ ਮਾਨਸੂਨ ਸੈਸ਼ਨ 'ਚ ਬੇਰੁਜ਼ਗਾਰੀ, ਨਸ਼ੇ ਅਤੇ ਏਡਜ਼ ਦਾ ਮੁੱਦਾ ਪ੍ਰਮੁੱਖਤਾ ਨਾਲ ਚੁੱਕਿਆ ਜਾਵੇਗਾ।