ਸੋਨੀਆ ਗਾਂਧੀ ਦੇ ਪੁਰਾਣੇ ਵੀਡੀਓ ਨੂੰ ਟਵੀਟ ਕਰ ਭਾਜਪਾ ਪ੍ਰਧਾਨ ਨੇ ਕਾਂਗਰਸ ‘ਤੇ ਬੋਲਿਆ ਹਮਲਾ

ਏਜੰਸੀ

ਖ਼ਬਰਾਂ, ਰਾਜਨੀਤੀ

ਸੋਨੀਆ ਗਾਂਧੀ ਪਹਿਲਾਂ ਕਿਸਾਨਾਂ ਲਈ ਵਿਚੋਲੀਆ ਮੁਕਤ ਬਜ਼ਾਰ ਦੀ ਵਕਾਲਤ ਕਰਦੀ ਸੀ ਤੇ ਹੁਣ ਵਿਰੋਧ ਕਰ ਰਹੀ ਹੈ- ਨੱਢਾ

Sonia Gandhi-JP Nadda

ਨਵੀਂ ਦਿੱਲੀ: ਕਿਸਾਨੀ ਸੰਘਰਸ਼ ਦੇ ਚਲਦਿਆਂ ਵਿਰੋਧੀ ਪਾਰਟੀਆਂ ਤੇ ਕੇਂਦਰ ਦੀ ਸੱਤਾਧਾਰੀ ਧਿਰ ਭਾਜਪਾ ਵਿਚਕਾਰ ਲਗਾਤਾਰ ਵਿਵਾਦ ਜਾਰੀ ਹੈ। ਇਸ ਦੌਰਾਨ ਭਾਜਪਾ ਪ੍ਰਧਾਨ ਜੇਪੀ ਨੱਢਾ ਨੇ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਦੀ ਇਕ ਵੀਡੀਓ ਟਵੀਟ ਕੀਤੀ ਹੈ। ਉਹਨਾਂ ਲਿਖਿਆ ਕਿ ਇਹ ਉਜਾਗਰ ਕਰਦਾ ਹੈ ਕਿ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਰਹੀ ਹੈ।

ਜੇਪੀ ਨੱਢਾ ਵੱਲੋਂ ਟਵੀਟ ਕੀਤੇ ਗਏ ਵੀਡੀਓ ਵਿਚ ਸੋਨੀਆ ਗਾਂਧੀ ਇਕ ਰੈਲੀ ਨੂੰ ਸੰਬੋਧਨ ਕਰ ਰਹੀ ਹੈ, ਜਿਸ ਵਿਚ ਉਹ ਭੀੜ ਕੋਲੋਂ ਪੁੱਛ ਰਹੀ ਹੈ ਕਿ ਕੀ ਕਿਸਾਨਾਂ ਨੂੰ ਦਲਾਲਾਂ ਤੋਂ ਮੁਕਤ ਕਰਕੇ ਉਹਨਾਂ ਦੀ ਪੈਦਾਵਾਰ ਦੀ ਚੰਗੀ ਕੀਮਤ ਦਵਾਉਣੀ ਚਾਹੀਦੀ ਹੈ? ਇਸ ਵੀਡੀਓ ਨੂੰ ਟਵੀਟ ਕਰਦੇ ਹੋਏ ਨੱਢਾ ਨੇ ਕਿਹਾ ਕਿ ਕਿਸਾਨਾਂ ਦੇ ਮੁੱਦੇ ‘ਤੇ ਕਾਂਗਰਸ ਦਾ ਸੱਚ ਫਿਰ ਤੋਂ ਉਜਾਗਰ ਹੋਇਆ ਹੈ।

ਜੇਪੀ ਨੱਢਾ ਨੇ ਲਿਖਿਆ, ‘ਕਿਸਾਨਾਂ ਨੂੰ ਗੁੰਮਰਾਹ ਕਰਨ ਤੇ ਉਹਨਾਂ ਦੇ ਅਧਿਕਾਰਾਂ ਤੋਂ ਉਹਨਾਂ ਨੂੰ ਵਾਂਝੇ ਰੱਖਣ ਵਾਲੀ ਕਾਂਗਰਸ ਦਾ ਸੱਚ ਫਿਰ ਉਜਾਗਰ ਹੋਇਆ ਹੈ। ਸੋਨੀਆ ਗਾਂਧੀ ਜੀ ਪਹਿਲਾਂ ਕਿਸਾਨਾਂ ਲਈ ਵਿਚੋਲੀਆ ਮੁਕਤ ਬਜ਼ਾਰ ਦੀ ਵਕਾਲਤ ਕਰਦੀ ਸੀ ਤੇ ਹੁਣ ਇਸ ਦਾ ਵਿਰੋਧ ਕਰਦੀ ਹੈ। ਇਹ ਕਾਂਗਰਸ ਦੀ ਮੌਕਾਪ੍ਰਸਤ ਸੋਚ, ਘੱਟ ਜਾਣਕਾਰੀ ਤੇ ਵਾਰ-ਵਾਰ ਗੱਲ ਤੋਂ ਪਲਟਣ ਦਾ ਸਬੂਤ ਹੈ’।

ਜ਼ਿਕਰਯੋਗ ਹੈ ਕਿ ਭਾਜਪਾ ਲਗਾਤਾਰ ਇਹ ਆਰੋਪ ਲਗਾ ਰਹੀ ਹੈ ਕਿ ਕਾਂਗਰਸ ਕਿਸਾਨਾਂ ਨੂੰ ਗੁੰਮਰਾਹ ਕਰ ਕੇ ਉਹਨਾਂ ਨੂੰ ਅੰਦੋਲਨ ਕਰਨ ਲਈ ਮਜਬੂਰ ਕਰ ਰਹੀ ਹੈ।