ਪੰਜਾਬ ਦਾ ਮਾਹੌਲ ਖ਼ਰਾਬ ਕਰਨ ਲਈ ਦੇਸ਼ ਵਿਰੋਧੀ ਨਾਹਰੇਬਾਜ਼ੀ ਕਰਨ ਵਾਲਿਆਂ ਨੂੰ ਹੋ ਰਹੀ ਵਿਦੇਸ਼ਾਂ ਤੋਂ ਫੰਡਿੰਗ : ਮੁੱਖ ਮੰਤਰੀ ਭਗਵੰਤ ਮਾਨ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਕਿਹਾ, 10 ਸਾਲ ਸਾਡੇ ਆਪਸੀ ਭਾਈਚਾਰੇ 'ਤੇ AK 47 ਅਤੇ ਬੰਬ ਵੀ ਚੱਲੇ ਪਰ ਸਾਡਾ ਆਪਸੀ ਭਾਈਚਾਰਾ ਖ਼ਤਮ ਨਹੀਂ ਹੋਇਆ

CM Bhagwant Mann

ਗੁਰੂ ਸਾਹਿਬ ਦੀ ਆੜ ਵਿਚ ਅਜਿਹਾ ਕਰਨ ਵਾਲੇ ਨਹੀਂ ਹੋ ਸਕਦੇ ਪੰਜਾਬ ਦੇ ਵਾਰਿਸ : ਮੁੱਖ ਮੰਤਰੀ ਮਾਨ

ਵਿਰੋਧੀਆਂ 'ਤੇ ਸਾਧਿਆ ਨਿਸ਼ਾਨਾ : ਕਿਹਾ, ਮੰਤਰੀਆਂ ਨੂੰ ਤਾਂ ਕੀ ਮੋਰਬੀ ਹਾਦਸੇ ਵਾਲਿਆਂ ਨੂੰ ਵੀ ਮਿਲ ਜਾਂਦੀ ਕਲੀਨ ਚਿੱਟ 

ਗੁਜਰਾਤ : ਮੁੱਖ ਮੰਤਰੀ ਭਗਵੰਤ ਮਾਨ ਅੱਜ ਗੁਜਰਾਤ ਪਹੁੰਚੇ ਹੋਏ ਹਨ ਜਿਥੇ ਉਨ੍ਹਾਂ ਨੇ ਕਰਵਾਏ ਜਾ ਰਹੇ ਸਮੂਹਿਕ ਵਿਆਹ ਸਮਾਗਮ ਵਿਚ ਹਿੱਸਾ ਲਿਆ ਅਤੇ 201 ਨਵ-ਵਿਆਹੇ ਜੋੜਿਆਂ ਨੂੰ ਅਹਸਿਰਵਾਦ ਦਿੱਤਾ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਸਰਬ ਜਾਤੀ ਸਰਬ ਧਰਮ, ਸਰਬ ਪਾਰਟੀ ਦਾ ਸੀ ਜਿਸ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ।

ਉਨ੍ਹ ਨੇ ਕਿਹਾ ਕਿ ਚੋਣਾਂ ਤੋਂ ਬਾਅਦ ਪਹਿਲੀ ਵਾਰ ਗੁਜਰਾਤ ਦੇ ਲੋਕਾਂ ਦਾ ਧੰਨਵਾਦ ਕਰਨ ਲਈ ਆਏ ਹਨ ਜਿਨ੍ਹਾਂ ਨੇ ਐਂਟੀ ਕੁਰਪਸ਼ਨ ਮੂਵਮੈਂਟ ਤੋਂ ਇੱਕ ਪਾਰਟੀ ਕੱਢੀ ਜੋ ਨੈਸ਼ਨਲ ਪਾਰਟੀ ਬਣੀ ਅਤੇ ਅੱਜ ਲੋਕਾਂ ਦੇ ਦਿਲਾਂ ਵਿਚ ਵੱਸ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਗੁਜਰਾਤ ਦੇ ਲੋਕਾਂ ਦਾ ਵੱਡਾ ਹੱਥ ਹੈ ਕਿਉਂਕਿ ਉਨ੍ਹਾਂ ਵਲੋਂ ਕਰੀਬ 13 ਫ਼ੀਸਦੀ ਵੋਟਿੰਗ ਕੀਤੀ ਗਈ ਜਿਸ ਮਗਰੋਂ 'ਆਪ' ਕੌਮੀ ਪਾਰਟੀ ਬਣ ਕੇ ਉਭਰੀ ਹੈ।

ਇਹ ਵੀ ਪੜ੍ਹੋ : ਪਾਕਿਸਤਾਨ : ਬਲੋਚਿਸਤਾਨ ਦੇ ਭਰੇ ਬਾਜ਼ਾਰ 'ਚ ਹੋਇਆ ਬੰਬ ਧਮਾਕਾ 

ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਦੋਂ ਵੀ ਆਮ ਆਦਮੀ ਪਾਰਟੀ ਦੇ ਇਤਿਹਾਸ ਬਾਰੇ ਪੜ੍ਹਿਆ ਜਾ ਸੁਣਿਆ ਜਾਵੇਗਾ ਤਾਂ ਗੁਜਰਾਤ ਦਾ ਜ਼ਿਕਰ ਜ਼ਰੂਰ ਹੋਵੇਗਾ ਕਿ ਇਨ੍ਹਾਂ ਵਲੋਂ ਵੋਟਾਂ ਦੇਣ ਮਗਰੋਂ ਹੀ ਇਹ ਨੈਸ਼ਨਲ ਪਾਰਟੀ ਬਣੀ ਹੈ। ਅੱਗੇ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਜਾਬ ਦੀ ਸੱਤਾ ਵਿਚ ਆਉਣ ਤੋਂ ਪਹਿਲਾਂ ਜੋ ਵੀ ਵਾਅਦੇ ਆਮ ਆਦਮੀ ਪਾਰਟੀ ਵਲੋਂ ਕੀਤੇ ਗਏ ਸਨ ਉਹ ਪੂਰੇ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣ ਦਾ ਵਾਅਦਾ ਕੀਤਾ ਗਿਆ ਸੀ ਜਿਸ ਤਹਿਤ ਕਾਰਵਾਈ ਕਰਦਿਆਂ ਵੱਡੇ-ਵੱਡੇ ਸਿਆਸੀ ਆਗੂਆਂ ਵਿਰੁੱਧ ਕੇਸ ਦਰਜ ਕਰ ਉਨ੍ਹਾਂ ਨੂੰ ਜੇਲ੍ਹ ਭੇਜਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਵਿਚ ਇਹ 75 ਸਾਲ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਕਿਸੇ ਸਰਕਾਰ ਨੇ ਆਪਣੇ ਹੀ ਮੰਤਰੀਆਂ ਵਿਰੁੱਧ ਕਾਰਵਾਈ ਕੀਤੀ ਹੋਵੇ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਇੱਕ ਸਾਲ ਦੇ ਅੰਦਰ-ਅੰਦਰ ਆਪਣੇ ਹੀ ਦੋ ਮੰਤਰੀਆਂ ਅਤੇ ਇੱਕ ਵਿਧਾਇਕ ਨੂੰ ਭ੍ਰਿਸ਼ਟਾਚਾਰ ਦੇ ਚਲਦੇ ਮਾਮਲਾ ਦਰਜ ਕਰ ਮੰਤਰੀ ਮੰਡਲ ਵਿਚੋਂ ਕੱਢ ਦਿੱਤਾ।

ਇਹ ਵੀ ਪੜ੍ਹੋ : ਪੁਲਵਾਮਾ 'ਚ ਅੱਤਵਾਦੀਆਂ ਵਲੋਂ ਕਸ਼ਮੀਰੀ ਪੰਡਿਤ ਦਾ ਗੋਲੀ ਮਾਰ ਕੇ ਕਤਲ 

ਵਿਰੋਧੀਆਂ 'ਤੇ ਤੰਜ਼ ਕਰਦਿਆਂ ਉਨ੍ਹਾਂ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਸਰਕਾਰਾਂ ਆਪਣੇ ਮੰਤਰੀਆਂ ਨੂੰ ਤਾਂ ਕਲੀਨ ਚਿੱਟ ਦੇ ਦਿੰਦਿਆਂ ਹਨ ਪਰ ਇਥੇ ਤਾਂ ਮੋਰਬੀ ਵਰਗੇ ਹਾਦਸੇ ਵਾਲਿਆਂ ਨੂੰ ਵੀ ਕਲੀਨ ਚਿੱਟ ਦੇ ਦਿਤੀ ਜਾਂਦੀ ਹੈ। ਅਜਨਾਲਾ ਘਟਨਾ ਬਾਰੇ ਪੱਤਰਕਾਰਾਂ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਸਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਕਰਦੇ ਹਨ ਪਰ ਗੁਰੂ ਸਾਹਿਬ ਨੂੰ ਢਾਲ ਬਣਾ ਕੇ ਉਹ ਪੁਲਿਸ ਵਾਲਿਆਂ ਦੀਆਂ ਭਾਵਨਾਵਾਂ ਨਾਲ ਖੇਡੇ ਹਨ। ਸਾਰੇ ਧਾਰਮਿਕ ਆਗੂਆਂ ਨੂੰ ਵੀ ਅਪੀਲ ਹੈ ਕਿ ਅਜਿਹੇ ਮਸਲੇ 'ਤੇ ਇਕੱਠੇ ਹੋ ਕੇ ਬੈਠਣ। ਗੁਰੂ ਸਾਹਿਬ ਦੀ ਆੜ ਵਿਚ ਅਜਿਹਾ ਕਰਨ ਵਾਲੇ ਪੰਜਾਬ ਦੇ ਵਾਰਿਸ ਨਹੀਂ ਹੋ ਸਕਦੇ। 

ਅੱਗੇ ਬੋਲਦਿਆਂ ਉਨ੍ਹਾਂ ਕਿਹਾ ਕਿ ਕੀ ਇੱਕ ਹਜ਼ਾਰ ਲੋਕਾਂ ਨੂੰ ਪੰਜਾਬ ਮੰਨਿਆ ਜਾਵੇਗਾ? ਤੁਸੀਂ ਖ਼ੁਦ ਪੰਜਾਬ ਆ ਕੇ ਦੇਖੋ ਕਿ ਦੇਸ਼ ਵਿਰੋਧੀ ਨਾਹਰੇ ਕੌਣ ਲਗਾ ਰਿਹਾ ਹੈ, ਇਹ ਕੁਝ ਲੋਕ ਹਨ ਜਿਨ੍ਹਾਂ ਨੂੰ ਵਿਦੇਸ਼ਾਂ ਤੋਂ ਅਤੇ ਪਾਕਿਸਤਾਨ ਤੋਂ ਫੰਡਿੰਗ ਹੋ ਰਹੀ ਹੈ ਅਤੇ ਇਨ੍ਹਾਂ ਦੀਆਂ ਦੁਕਾਨਾਂ ਚੱਲ ਰਹੀਆਂ ਹਨ। ਮੁੱਖ ਮੰਤਰੀ ਨੇ ਦੱਸਿਆ ਕਿ ਪੰਜਾਬ ਦਾ ਮਾਹੌਲ ਖਰਾਬ ਕਰਨ ਲਈ ਇਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਅਮਨ ਪਸੰਦ ਅਤੇ ਸਰਬੱਤ ਦਾ ਭਲਾ ਮੰਗਣ ਵਾਲੇ ਲੋਕ ਹਨ, 10 ਸਾਲ ਸਾਡੇ ਆਪਸੀ ਭਾਈਚਾਰੇ 'ਤੇ AK 47 ਅਤੇ ਬੰਬ ਵੀ ਚੱਲੇ ਪਰ ਸਾਡਾ ਆਪਸੀ ਭਾਈਚਾਰਾ ਖ਼ਤਮ ਨਹੀਂ ਹੋਇਆ।