SAD-BJP Alliance News: ਨਹੀਂ ਹੋਇਆ ਭਾਜਪਾ-ਅਕਾਲੀ ਦਲ ਗਠਜੋੜ; ਇਕੱਲਿਆਂ ਲੋਕ ਸਭਾ ਚੋਣਾਂ ਲੜੇਗੀ ਭਾਜਪਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਸੁਨੀਲ ਜਾਖੜ ਨੇ ਕਿਹਾ, ‘ਪੰਜਾਬ ਦੀ ਭਲਾਈ ਲਈ ਇਕੱਲੇ ਲੜਾਂਗੇ ਚੋਣਾਂ’

Sunil Jakhar on SAD-BJP Alliance

SAD-BJP Alliance News: ਪੰਜਾਬ ਵਿਚ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦਾ ਗਠਜੋੜ ਨਹੀਂ ਹੋ ਸਕਿਆ। ਇਸ ਦੀ ਜਾਣਕਾਰੀ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਦਿਤੀ ਹੈ। ਸੁਨੀਲ ਜਾਖੜ ਨੇ ਕਿਹਾ ਕਿ ਪੰਜਾਬ ਦੀ ਭਲਾਈ ਲਈ ਭਾਜਪਾ ਇਕੱਲੇ ਹੀ ਲੋਕ ਸਭਾ ਚੋਣਾਂ ਲੜੇਗੀ। ਉਨ੍ਹਾਂ ਕਿਹਾ ਕਿ ਅਕਾਲੀ ਦਲ ਤੇ ਭਾਜਪਾ ਵਿਚ ਕੋਈ ਗਠਜੋੜ ਨਹੀਂ ਹੋਵੇਗਾ। ਉਨ੍ਹਾਂ ਅੱਗੇ ਕਿਹਾ ਇਹ ਫ਼ੈਸਲਾ ਲੋਕਾਂ ਅਤੇ ਪਾਰਟੀ ਵਰਕਰਾਂ ਨਾਲ ਕੀਤੇ ਗਏ ਸਲਾਹ ਮਸ਼ਵਰੇ ਤੋਂ ਬਾਅਦ ਲਿਆ ਗਿਆ ਹੈ।

ਉਨ੍ਹਾਂ ਕਿਹਾ ਕਿ ਇਹ ਫੈਸਲਾ ਪੰਜਾਬ ਦੇ ਭਵਿੱਖ, ਨੌਜਵਾਨਾਂ, ਕਿਸਾਨਾਂ ਅਤੇ ਵਪਾਰੀਆਂ ਅਤੇ ਪਛੜੇ ਵਰਗਾਂ ਦੀ ਬਿਹਤਰੀ ਲਈ ਲਿਆ ਗਿਆ ਹੈ। ਉਨ੍ਹਾਂ ਕਿਹਾ ਕਿ ਪਿਛਲੇ 10 ਸਾਲਾਂ ਵਿਚ ਕਿਸਾਨਾਂ ਦੀ ਫ਼ਸਲ ਦਾ ਇਕ-ਇਕ ਦਾਣਾ ਚੁੱਗਿਆ ਗਿਆ ਹੈ। ਪੀਐਮ ਮੋਦੀ ਨੇ ਸਿੱਖਾਂ ਦੀ ਕਰਤਾਰਪੁਰ ਲਾਂਘੇ ਦੀ ਸਦੀਆਂ ਪੁਰਾਣੀ ਮੰਗ ਪੂਰੀ ਕੀਤੀ।

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿਚ ਭਾਜਪਾ ਵਲੋਂ ਕੀਤੇ ਗਏ ਕੰਮ ਕਿਸੇ ਤੋਂ ਲੁਕੇ ਨਹੀ ਹਨ। ਇਸ ਦੇ ਨਾਲ ਹੀ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੇ 10 ਸਾਲਾਂ ਵਿਚ ਕਿਸਾਨਾਂ ਦੀਆਂ ਫ਼ਸਲਾਂ ਘੱਟੋ ਘੱਟ ਸਮਰਥਨ ਮੁੱਲ ਉਤੇ ਖਰੀਦੀਆਂ ਗਈਆਂ ਹਨ।

ਦੱਸ ਦੇਈਏ ਕਿ ਇਸ ਤੋਂ ਪਹਿਲਾਂ ਪੰਜਾਬ ਵਿਚ ਭਾਜਪਾ ਦੇ ਮੁੜ ਅਕਾਲੀ ਦਲ ਨਾਲ ਗਠਜੋੜ ਦੀ ਚਰਚਾ ਸੀ। ਭਾਜਪਾ ਦੇ ਸੀਨੀਅਰ ਆਗੂ ਵੀ ਇਸ ਦੇ ਹੱਕ ਵਿਚ ਸਨ। ਇਸ ਦੇ ਬਾਵਜੂਦ ਗੱਲਬਾਤ ਸਿਰੇ ਨਹੀਂ ਚੜ੍ਹ ਸਕੀ।

ਸੂਤਰਾਂ ਅਨੁਸਾਰ ਭਾਜਪਾ ਅਤੇ ਅਕਾਲੀ ਦਲ ਦਾ ਗਠਜੋੜ ਆਖਰੀ ਪੜਾਅ 'ਤੇ ਪਹੁੰਚ ਗਿਆ ਸੀ, ਇਸ ਦੌਰਾਨ ਸੀਟ ਵੰਡ ਦਾ ਮੁੱਦਾ ਫਸ ਗਿਆ। ਦੋਵੇਂ ਧਿਰਾਂ 5-8 ਨੂੰ ਲੈ ਕੇ ਸਹਿਮਤੀ ਨਹੀਂ ਬਣਾ ਸਕੀਆਂ। ਪਿਛਲੀਆਂ ਲੋਕ ਸਭਾ ਚੋਣਾਂ 2019 ਵਿਚ ਭਾਜਪਾ ਅਤੇ ਅਕਾਲੀ ਦਲ ਨੇ ਮਿਲ ਕੇ ਚੋਣ ਲੜੀ ਸੀ। ਦੋਵੇਂ ਪਾਰਟੀਆਂ 4 ਸੀਟਾਂ ਜਿੱਤਣ ਵਿਚ ਸਫਲ ਰਹੀਆਂ। ਜਦਕਿ ਕਾਂਗਰਸ ਨੂੰ ਅੱਠ ਅਤੇ ‘ਆਪ’ ਨੂੰ ਇਕ ਸੀਟ ਮਿਲੀ ਸੀ।