ਭਾਜਪਾ ਦੇ ਇਰਾਦੇ ਸਾਫ਼, ਚੁਣੀਆਂ ਹੋਈਆਂ ਸਰਕਾਰਾਂ ਨੂੰ ਗਿਰਾਉਣ ਦੀ ਕਰ ਰਹੀ ਕੋਸ਼ਿਸ਼: ਪ੍ਰਿਯੰਕਾ ਗਾਂਧੀ
ਰਾਜਸਥਾਨ ਵਿਚ ਸਿਆਸੀ ਸੰਕਟ ਜਾਰੀ ਹੈ।
ਨਵੀਂ ਦਿੱਲੀ: ਰਾਜਸਥਾਨ ਵਿਚ ਸਿਆਸੀ ਸੰਕਟ ਜਾਰੀ ਹੈ। ਇਸ ਦੇ ਚਲਦਿਆਂ ਕਾਂਗਰਸ ਲਗਾਤਾਰ ਭਾਰਤੀ ਜਨਤਾ ਪਾਰਟੀ ‘ਤੇ ਰਾਜਸਥਾਨ ਵਿਚ ਅਸ਼ੋਕ ਗਹਿਲੋਤ ਦੀ ਸਰਕਾਰ ਨੂੰ ਗਿਰਾਉਣ ਦੀ ਕੋਸ਼ਿਸ਼ ਦਾ ਇਲਜ਼ਾਮ ਲਗਾ ਰਹੀ ਹੈ। ਇਸ ਦੌਰਾਨ ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਕੇਂਦਰ ਦੀ ਭਾਜਪਾ ਸਰਕਾਰ ਨੂੰ ਸਵਾਲਾਂ ਦੇ ਘੇਰੇ ਵਿਚ ਲਿਆ ਹੈ।
ਪ੍ਰਿਯੰਕਾ ਗਾਂਧੀ ਨੇ ਟਵੀਟ ਕਰ ਕੇ ਕੇਂਦਰ ਸਰਕਾਰ ‘ਤੇ ਹਮਲਾ ਬੋਲਿਆ ਹੈ। ਪ੍ਰਿਯੰਕਾ ਨੇ ਕਿਹਾ, ‘ਸੰਕਟ ਦੇ ਸਮੇਂ ਵਿਚ ਹੀ ਲੀਡਰਸ਼ਿਪ ਦੀ ਪਛਾਣ ਹੁੰਦੀ ਹੈ। ਕੋਰੋਨਾ ਦੇ ਰਾਸ਼ਟਰੀ ਸੰਕਟ ਵਿਚ ਦੇਸ਼ ਨੂੰ ਜਨਤਾ ਦੇ ਹਿੱਤ ਵਿਚ ਕੰਮ ਕਰਨ ਵਾਲੀ ਲੀਡਰਸ਼ਿਪ ਦੀ ਲੋੜ ਹੈ। ਪਰ ਕੇਂਦਰ ਦੀ ਭਾਜਪਾ ਸਰਕਾਰ ਨੇ ਜਨਤਾ ਵੱਲੋਂ ਚੁਣੀਆਂ ਹੋਈਆਂ ਸਰਕਾਰਾਂ ਨੂੰ ਗਿਰਾਉਣ ਦੀ ਕੋਸ਼ਿਸ਼ ਕਰਕੇ ਅਪਣੇ ਇਰਾਦੇ ਅਤੇ ਚਰਿੱਤਰ ਨੂੰ ਸਾਫ ਕਰ ਦਿੱਤਾ ਹੈ। ਜਨਤਾ ਜਵਾਬ ਦੇਵੇਗੀ’।
ਦੱਸ ਦਈਏ ਕਿ ਰਾਜਸਥਾਨ ਵਿਚ ਕਾਂਗਰਸ ਨੇਤਾ ਸਚਿਨ ਪਾਇਲਟ ਵਿਚ ਬਾਗੀ ਤੇਵਰ ਦਿਖਾਈ ਦੇ ਰਹੇ ਹਨ। ਸਚਿਨ ਪਾਇਲਟ ਦੇ ਸਮਰਥਨ ਵਿਚ ਕਈ ਕਾਂਗਰਸੀ ਵਿਧਾਇਕ ਹਨ। ਉੱਥੇ ਹੀ ਕਾਂਗਰਸ ਦਾ ਕਹਿਣਾ ਹੈ ਕਿ ਸਚਿਨ ਪਾਇਲਟ ਭਾਜਪਾ ਦੇ ਇਸ਼ਾਰਿਆਂ ‘ਤੇ ਕੰਮ ਕਰ ਰਹੇ ਹਨ। ਕਾਂਗਰਸ ਦਾ ਆਰੋਪ ਹੈ ਕਿ ਰਾਜਸਥਾਨ ਵਿਚ ਭਾਜਪਾ ਗਹਿਲੋਤ ਸਰਕਾਰ ਨੂੰ ਗਿਰਾਉਣ ਦੀ ਸਾਜ਼ਿਸ਼ ਰਚ ਰਹੀ ਹੈ।
ਦੂਜੇ ਪਾਸੇ ਰਾਜਸਥਾਨ ਵਿਚ ਜਾਰੀ ਸਿਆਸੀ ਤਣਾਅ ਨੂੰ ਲੈ ਕੇ ਕਾਂਗਰਸ ਨੇ ਰਾਸ਼ਟਰੀ ਪੱਧਰ ‘ਤੇ ਵਿਰੋਧ ਕਰਨ ਦਾ ਫੈਸਲਾ ਕੀਤਾ ਹੈ। ਕਾਂਗਰਸ ਪਾਰਟੀ ਇਸ ਮਾਮਲੇ ਨੂੰ ਲੈ ਕੇ ਦੇਸ਼ ਦੇ ਕਈ ਸੂਬਿਆਂ ਵਿਚ ਰਾਜ ਭਵਨ ਦੇ ਸਾਹਮਣੇ ਵਿਰੋਧ ਪ੍ਰਦਰਸ਼ਨ ਕਰੇਗੀ। ਇਸ ਪ੍ਰਦਰਸ਼ਨ ਤੋਂ ਪਹਿਲਾਂ ਪਾਰਟੀ ਨੇ ਇਕ ਆਨਲਾਈਨ ਮੁਹਿੰਮ ਚਲਾਈ ਹੈ। ਇਸ ਮੁਹਿੰਮ ਦਾ ਨਾਮ ‘ਲੋਕਤੰਤਰ ਦੀ ਅਵਾਜ਼’ ਹੈ।