ਕਾਂਗਰਸ ਨੇ ਸੰਸਦ ਦੇ ਅੰਦਰ ਅਤੇ ਬਾਹਰ ਭਾਜਪਾ ਸਰਕਾਰ ਨੂੰ ਘੇਰਿਆ

ਏਜੰਸੀ

ਖ਼ਬਰਾਂ, ਰਾਜਨੀਤੀ

ਸਪੀਕਰ ਨੇ ਦੋ ਕਾਂਗਰਸ ਮੈਂਬਰਾਂ ਨੂੰ ਸਦਨ ਵਿਚੋਂ ਬਾਹਰ ਕੱਢਣ ਦਾ ਹੁਕਮ ਦਿਤਾ

Congress holds protest in Parliament premises against BJP

ਨਵੀਂ ਦਿੱਲੀ : ਮਹਾਰਾਸ਼ਟਰ ਮੁੱਦੇ 'ਤੇ ਕਾਂਗਰਸ ਸਮੇਤ ਵਿਰੋਧੀ ਧਿਰਾਂ ਦੇ ਮੈਂਬਰਾਂ ਦੇ ਰੌਲੇ-ਰੱਪੇ ਕਾਰਨ ਸੋਮਵਾਰ ਨੂੰ ਸੰਸਦ ਦੇ ਦੋਹਾਂ ਸਦਨਾਂ ਦੀ ਕਾਰਵਾਈ ਦਿਨ ਭਰ ਲਈ ਪ੍ਰਭਾਵਤ ਰਹੀ। ਹੰਗਾਮੇ ਕਾਰਨ ਲੋਕ ਸਭਾ ਦੀ ਕਾਰਵਾਈ ਦੋ ਵਾਰ ਮੁਲਤਵੀ ਕਰਨ ਪਈ ਜਦਕਿ ਰਾਜ ਸਭਾ ਦੀ ਕਾਰਵਾਈ ਇਕ ਵਾਰ ਮੁਲਤਵੀ ਕੀਤੇ ਜਾਣ ਮਗਰੋਂ ਪੂਰੇ ਦਿਨ ਲਈ ਮੁਲਤਵੀ ਕਰ ਦਿਤੀ ਗਈ। ਸਵੇਰੇ ਲੋਕ ਸਭਾ ਦੀ ਬੈਠਕ ਸ਼ੁਰੂ ਹੁੰਦਿਆਂ ਹੀ ਕਾਂਗਰਸ ਮੈਂਬਰਾਂ ਦੇ ਖੱਪ-ਖ਼ਾਨੇ ਅਤੇ ਪਾਰਟੀ ਦੇ ਦੋ ਮੈਂਬਰਾਂ ਹਿਬੀ ਇਡੇਨ ਅਤੇ ਟੀ ਐਨ ਪ੍ਰਤਾਪਨ ਤੇ ਮਾਰਸ਼ਲਾਂ ਵਿਚਾਲੇ ਹੋਈ ਧੱਕਾਮੁੱਕੀ ਮਗਰੋਂ ਕਾਰਵਾਈ ਦੁਪਹਿਰ 12 ਵਜੇ ਤਕ ਰੋਕ ਦਿਤੀ ਗਈ।

ਬੈਠਕ ਦੁਬਾਰਾ ਸ਼ੁਰੂ ਹੋਣ 'ਤੇ ਕਾਂਗਰਸ ਮੈਂਬਰ ਨਾਹਰੇਬਾਜ਼ੀ ਕਰਦੇ ਹੋਏ ਸਪੀਕਰ ਲਾਗੇ ਪਹੁੰਚ ਗਏ। ਇਡੇਨ ਅਤੇ ਪ੍ਰਤਾਪਨ ਨੇ ਵੱਡਾ ਪੋਸਟਰ ਚੁਕਿਆ ਹੋਇਆ ਸੀ। ਨਾਹਰੇਬਾਜ਼ੀ ਵਿਚਾਲੇ ਲੋਕ ਸਭਾ ਸਪੀਕਰ ਓਮ ਬਿੜਲਾ ਨੇ ਪ੍ਰਸ਼ਨ ਕਾਲ ਸ਼ੁਰੂ ਕਰਾਇਆ ਅਤੇ ਅਨੁਸੂਚਿਤ ਜਾਤੀ ਦੇ ਮੁੰਡਿਆਂ ਕੁੜੀਆਂ ਦੇ ਵਜ਼ੀਫ਼ੇ ਦੇ ਵਿਸ਼ੇ 'ਤੇ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੂੰ ਪੂਰਕ ਪ੍ਰਸ਼ਨ ਪੁੱਛਣ ਲਈ ਕਿਹਾ। ਗਾਂਧੀ ਨੇ ਸਵਾਲ ਪੁੱਛਣ ਤੋਂ ਇਨਕਾਰ ਕਰਦਿਆਂ ਕਿਹਾ, 'ਮਹਾਰਾਸ਼ਟਰ ਵਿਚ ਜਮਹੂਰੀਅਤ ਦੀ ਹਤਿਆ ਹੋਈ ਹੈ, ਸੋ, ਮੇਰੇ ਸਵਾਲ ਪੁੱਛਣ ਦਾ ਕੋਈ ਮਤਲਬ ਨਹੀਂ।'

ਸਪੀਕਰ ਨੇ ਪੋਸਟਰ ਲਹਿਰਾ ਰਹੇ ਇਡੇਨ ਅਤੇ ਪ੍ਰਤਾਪਨ ਨੂੰ ਅਜਿਹਾ ਨਾ ਕਰਨ ਦੀ ਚੇਤਾਵਨੀ ਦਿਤੀ। ਸਪੀਕਰ ਨੇ ਮਾਰਸ਼ਲਾਂ ਨੂੰ ਦੋਹਾਂ ਕਾਂਗਰਸ ਮੈਂਬਰਾਂ ਨੂੰ ਸਦਨ ਵਿਚੋਂ ਬਾਹਰ ਕੱਢਣ ਦਾ ਹੁਕਮ ਦਿਤਾ ਤੇ ਇਡੇਨ, ਪ੍ਰਤਾਪਨ ਅਤੇ ਹੋਰ ਕਾਂਗਰਸ ਮੈਂਬਰਾਂ ਅਤੇ ਮਾਰਸ਼ਲਾਂ ਵਿਚਾਲੇ ਧੱਕਾਮੁੱਕੀ ਹੋ ਗਈ। ਹੰਗਾਮਾ ਵਧਦਾ ਵੇਖ ਕੇ ਸਪੀਕਰ ਨੇ ਬੈਠਕ ਦੁਪਹਿਰ 12 ਵਜੇ ਤਕ ਰੋਕ ਦਿਤਾ। ਬੈਠਕ ਦੁਬਾਰਾ ਸ਼ੁਰੂ ਹੁੰਦਿਆਂ ਹੀ ਰੌਲਾ ਪੈਣ ਲੱਗ ਪਿਆ ਤੇ ਬੈਠਕ ਦੁਪਹਿਰ 2 ਵਜੇ ਤਕ ਮੁਲਤਵੀ ਕਰ ਦਿਤੀ ਗਈ। ਦੋ ਵਾਰ ਕਾਰਵਾਈ ਰੋਕਣ ਮਗਰੋਂ ਦੋ ਵਜੇ ਕਾਰਵਾਈ ਫਿਰ ਸ਼ੁਰੂ ਹੋਈ ਤਾਂ ਫਿਰ ਰੌਲਾ ਪੈਣ ਲੱਗ ਪਿਆ।

ਸੰਸਦ ਭਵਨ ਦੇ ਵਿਹੜੇ ਵਿਚ ਪ੍ਰਦਰਸ਼ਨ        
ਮਹਾਰਾਸ਼ਟਰ ਮੁੱਦੇ 'ਤੇ ਕਾਂਗਰਸ ਨੇ ਸੰਸਦ ਦੇ ਅੰਦਰ ਅਤੇ ਬਾਹਰ ਜ਼ਬਰਦਸਤ ਵਿਰੋਧ ਕੀਤਾ। ਕਾਂਗਰਸ ਸੰਸਦ ਮੈਂਬਰਾਂ ਨੇ ਸੰਸਦ ਦੇ ਵਿਹੜੇ ਵਿਚ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਸੋਨੀਆ ਗਾਂਧੀ ਦੀ ਅਗਵਾਈ ਵਿਚ ਪ੍ਰਦਰਸ਼ਨ ਕੀਤਾ। ਲੋਕ ਸਭਾ ਦੀ ਕਾਰਵਾਈ ਸ਼ੁਰੂ ਹੋਣ ਤੋਂ ਪਹਿਲਾਂ ਸੰਸਦ ਭਵਨ ਦੇ ਵਿਹੜੇ ਵਿਚ ਕਾਂਗਰਸ ਸੰਸਦ ਮੈਂਬਰਾਂ ਨੇ ਪ੍ਰਦਰਸ਼ਨ ਕੀਤਾ। ਉਨ੍ਹਾਂ ਹੱਥਾਂ ਵਿਚ ਬੈਨਰ ਚੁੱਕੇ ਹੋਏ ਸਨ ਜਿਨ੍ਹਾਂ ਉਤੇ ਲਿਖਿਆ ਸੀ, 'ਲੋਕਤੰਤਰ ਦੀ ਹਤਿਆ ਬੰਦ ਕਰੋ, ਪ੍ਰਧਾਨ ਮੰਤਰੀ ਹੋਸ਼ ਵਿਚ ਆਉ ਅਤੇ ਵੀ ਵਾਂਟ ਜਸਟਿਸ'।

ਰੌਲੇ ਵਿਚ ਹੀ ਬਿੱਲ ਪੇਸ਼
ਹੰਗਾਮੇ ਵਿਚ ਹੀ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਦੋ ਬਿੱਲ ਪੇਸ਼ ਕੀਤੇ। ਗ੍ਰਹਿ ਰਾਜ ਮੰਤਰੀ ਜੀ ਕਿਸ਼ਨ ਰੈਡੀ ਨੇ ਐਸਪੀਜੀ ਕਾਨੂੰਨ ਸੋਧ ਬਿੱਲ ਪੇਸ਼ ਕੀਤਾ। ਇਸ ਬਿੱਲ ਵਿਚ ਕਿਸੇ ਸਾਬਕਾ ਪ੍ਰਧਾਨ ਮੰਤਰੀ ਦੇ ਪਰਵਾਰ ਨੂੰ ਐਸਪੀਜੀ ਸੁਰੱਖਿਆ ਦੇ ਦਾਇਰੇ ਵਿਚੋਂ ਬਾਹਰ ਰੱਖਣ ਦਾ ਪ੍ਰਬੰਧ ਹੈ। ਫਿਰ ਸਭਾਪਤੀ ਮੀਨਾਕਸ਼ੀ ਲੇਖੀ ਨੇ ਦੁਪਹਿਰ 2.10 'ਤੇ ਬੈਠਕ ਦਿਨ ਭਰ ਲਈ ਉਠਾ ਦਿਤੀ।          

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।