ਗਠਜੋੜ ਦੇ 162 ਵਿਧਾਇਕ ਗ੍ਰੈਂਡ ਹਯਾਤ ਹੋਟਲ ਵਿਚ ਹੋਏ ਇਕੱਠੇ
ਸ਼ਿਵ ਸੈਨਾ, ਐਨ.ਸੀ.ਪੀ. ਅਤੇ ਕਾਂਗਰਸ ਦੇ ਵਿਧਾਇਕਾਂ ਨੇ ਰਲ ਕੇ ਸੰਵਿਧਾਨ ਦੀ ਸਹੁੰ ਚੁਕੀ
ਮੁੰਬਈ: ਸ਼ਿਵ ਸੈਨਾ, ਐਨ.ਸੀ.ਪੀ ਅਤੇ ਕਾਂਗਰਸ ਦੇ 162 ਵਿਧਾਇਕ ਗ੍ਰੈਂਡ ਹਯਾਤ ਹੋਟਲ ਵਿਚ ਅਪਣੀ ਏਕਤਾ ਦਾ ਵਿਖਾਵਾ ਕਰ ਕੇ ਭਾਜਪਾ ਨੂੰ ਕੰਬਣੀ ਛੇੜ ਗਏ। ਸ਼ਿਵ ਸੈਨਾ ਤੇ ਐਨ.ਸੀ.ਪੀ ਪ੍ਰਧਾਨ ਸ਼ਰਦ ਪਵਾਰ ਅਤੇ ਸੁਪ੍ਰੀਆ ਸੂਲੇ ਵੀ ਹੋਟਲ ਵਿਚ ਮੌਜੂਦ ਸਨ। ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਚਰਨ ਸਿੰਘ ਸਾਪਰਾ ਵੀ ਹੋਟਲ ਪਹੁੰਚ ਗਏ। ਸ਼ਿਵ ਸੈਨਾ ਪ੍ਰਧਾਨ ਉਧਵ ਠਾਕਰੇ ਵੀ ਹੋਟਲ ਹਯਾਤ ਵਿਚ ਸਾਰੇ ਮੈਂਬਰਾਂ ਦਾ ਧਨਵਾਦ ਕੀਤਾ ਤੇ ਵੱਡਾ ਐਲਾਨ ਕੀਤਾ ਕਿ ਤਿੰਨ ਪਾਰਟੀਆਂ ਦੀ ਏਕਤਾ 5 ਸਾਲ ਲਈ ਨਹੀਂ, 10,15, 20 ਸਾਲ ਤਕ ਚਲੇਗੀ।
ਇਸ ਤੋਂ ਪਹਿਲਾਂ ਗਠਜੋੜ ਦੇ ਆਗੂਆਂ ਨੇ ਐਲਾਨ ਕੀਤਾ ਸੀ ਕਿ ਸ਼ਿਵ ਸੇਨਾ, ਰਾਕਾਂਪਾ ਤੇ ਕਾਂਗਰਸ ਮੁਬਈ ਦੇ ਇਕ ਪੰਜ ਤਾਰਾ ਹੋਟਲ 'ਚ ਸੋਮਵਾਰ ਦੀ ਸ਼ਾਮ ਨੂੰ ਆਪਣੇ 162 ਵਿਧਾਇਕਾਂ ਦੀ ਪਰੇਡ ਕਰਵਾਏਗੀ। ਸ਼ਿਵ ਸੇਨਾ ਦੇ ਨੇਤਾ ਸੰਜੇ ਰਾਉਤ ਨੇ ਟਵੀਟ ਕਰ ਸੂਬੇ ਦੇ ਰਾਜਪਾਲ ਭਗਤ ਸਿੰਘ ਕੋਸ਼ਿਆਰੀ ਨੂੰ ਅਪੀਲ ਕੀਤੀ ਕਿ ਤਿੰਨੇ ਦਲਾਂ ਦੇ ਵਿਧਾਇਕਾਂ ਦੀ ਪਰੇਡ ਨੂੰ ਉਹ ਆਪ ਆ ਕੇ ਦੇਖਣ।
ਰਾਉਤ ਨੇ ਰਾਜਪਾਲ ਦੇ ਅਧਿਕਾਰਕ ਟਵਿਟਰ ਹੈਂਡਲ ਨੂੰ ਟੈਗ ਕਰਦੇ ਹੋਏ ਲਿਖਿਆ, 'ਅਸੀਂ ਸਾਰੇ ਇਕ ਹਾਂ ਅਤੇ ਇਕੱਠੇ ਹਾਂ, ਸਾਡੇ 162 ਵਿਧਾਇਕਾਂ ਨੂੰ ਪਹਿਲੀ ਵਾਰ ਸ਼ਾਮ 7 ਵਜੇ ਗ੍ਰੈਂਡ ਹਯਾਤ 'ਚ ਦੇਖੋ, ਮਹਾਰਾਸ਼ਟਰ ਦੇ ਰਾਜਪਾਲ ਖੁਦ ਆਉਣ ਤੇ ਦੇਖਣ। ਰਾਕਾਂਪਾ ਦੇ ਇਕ ਨੇਤਾ ਨੇ ਕਿਹਾ, 'ਜਨਭਾਵਨਾ ਨੂੰ ਅਪਣੇ ਵੱਲ ਕਰਨ ਲਈ ਅਜਿਹਾ ਕੀਤਾ ਜਾ ਰਿਹਾ ਹੈ। ਜਦੋਂ ਅਸੀਂ ਵਿਧਾਇਕਾਂ ਦੀ ਇਕ ਹਾਲ 'ਚ ਪਰੇਡ ਕਰਾਵਾਂਗੇ, ਤਾਂ ਪੂਰਾ ਦੇਸ਼ ਦੇਖੇਗਾ ਕਿ ਭਾਜਪਾ ਰਾਜਪਾਲ ਦੇ ਅਹੁਦੇ ਦੀ ਦੁਰਵਰਤੋਂ ਕਰ ਕੇ ਮਹਾਰਾਸ਼ਟਰ 'ਚ ਗੰਦੀ ਖੇਡ ਖੋਡ ਰਹੀ ਹੈ।' ਸ਼ਿਵ ਸੈਨਾ, ਰਾਕਾਂਪਾ ਅਤੇ ਕਾਂਗਰਸ ਦੇ ਵਿਧਾਇਕ ਫ਼ਿਲਹਾਲ ਮੁੰਬਈ ਦੇ ਵੱਖ-ਵੱਖ ਹੋਟਲਾਂ ਵਿਚ ਰੁਕੇ ਹੋਏ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।