'ਹੰਕਾਰੀ ਰਾਜਾ' ਸੜਕਾਂ 'ਤੇ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ : ਰਾਹੁਲ ਗਾਂਧੀ 

ਏਜੰਸੀ

ਖ਼ਬਰਾਂ, ਰਾਜਨੀਤੀ

ਸਰਕਾਰ ਦਾ ਹੰਕਾਰ ਅਤੇ ਇਸ ਬੇਇਨਸਾਫ਼ੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ : ਪ੍ਰਿਯੰਕਾ ਗਾਂਧੀ

Representative Image

ਨਵੀਂ ਦਿੱਲੀ : ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਮਹਿਲਾ ਪਹਿਲਵਾਨਾਂ ਨੂੰ ਹਿਰਾਸਤ 'ਚ ਲਏ ਜਾਣ ਤੋਂ ਬਾਅਦ ਐਤਵਾਰ ਨੂੰ ਦੋਸ਼ ਲਗਾਇਆ ਕਿ 'ਤਾਜਪੋਸ਼ੀ' ਪੂਰੀ ਹੋਣ ਤੋਂ ਬਾਅਦ 'ਹੰਕਾਰੀ ਰਾਜਾ' ਸੜਕਾਂ 'ਤੇ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਨਵੀਂ ਸੰਸਦ ਭਵਨ ਦੇ ਉਦਘਾਟਨ ਦੇ ਸਪੱਸ਼ਟ ਸੰਦਰਭ ਵਿਚ, ਉਨ੍ਹਾਂ ਨੇ ਟਵੀਟ ਕੀਤਾ, "ਤਾਜਪੋਸ਼ੀ ਪੂਰੀ ਹੋ ਗਈ ਹੈ - 'ਹੰਕਾਰੀ ਰਾਜਾ' ਸੜਕਾਂ 'ਤੇ ਲੋਕਾਂ ਦੀ ਆਵਾਜ਼ ਨੂੰ ਕੁਚਲ ਰਿਹਾ ਹੈ!"

ਕਾਂਗਰਸ ਦੀ ਜਨਰਲ ਸਕੱਤਰ ਪ੍ਰਿਅੰਕਾ ਗਾਂਧੀ ਵਾਡਰਾ ਨੇ ਦੋਸ਼ ਲਗਾਇਆ ਕਿ ਸਰਕਾਰ ਬੇਰਹਿਮੀ ਨਾਲ ਮਹਿਲਾ ਖਿਡਾਰੀਆਂ ਦੀ ਆਵਾਜ਼ ਨੂੰ ਅਪਣੇ ਬੂਟਾਂ ਹੇਠ ਦੱਬ ਰਹੀ ਹੈ। ਪ੍ਰਿਅੰਕਾ ਗਾਂਧੀ ਨੇ ਟਵੀਟ ਕੀਤਾ, “ਖਿਡਾਰੀਆਂ ਦੇ ਸੀਨੇ 'ਤੇ ਲੱਗੇ ਮੈਡਲ ਸਾਡੇ ਦੇਸ਼ ਦਾ ਮਾਣ ਹਨ। ਉਨ੍ਹਾਂ ਮੈਡਲਾਂ ਨਾਲ ਖਿਡਾਰੀਆਂ ਦੀ ਸਖ਼ਤ ਮਿਹਨਤ ਸਦਕਾ ਦੇਸ਼ ਦਾ ਮਾਣ ਵਧਦਾ ਹੈ। ਭਾਜਪਾ ਸਰਕਾਰ ਦਾ ਹੰਕਾਰ ਇੰਨਾ ਵੱਧ ਗਿਆ ਹੈ ਕਿ ਸਰਕਾਰ ਬੇਰਹਿਮੀ ਨਾਲ ਸਾਡੀਆਂ ਖਿਡਾਰਨਾਂ ਦੀ ਆਵਾਜ਼ ਨੂੰ ਅਪਣੇ ਬੂਟਾਂ ਹੇਠ ਦੱਬ ਰਹੀ ਹੈ।''

ਉਨ੍ਹਾਂ ਕਿਹਾ, ''ਇਹ ਬਿਲਕੁਲ ਗ਼ਲਤ ਹੈ। ਸਰਕਾਰ ਦਾ ਹੰਕਾਰ ਅਤੇ ਇਸ ਬੇਇਨਸਾਫ਼ੀ ਨੂੰ ਪੂਰਾ ਦੇਸ਼ ਦੇਖ ਰਿਹਾ ਹੈ।ਕਾਂਗਰਸ ਦੇ ਮੀਡੀਆ ਵਿਭਾਗ ਦੇ ਮੁਖੀ ਪਵਨ ਖੇੜਾ ਨੇ ਮਹਿਲਾ ਪਹਿਲਵਾਨਾਂ ਨੂੰ ਹਿਰਾਸਤ ਵਿਚ ਲਏ ਜਾਣ ਦੀ ਤਸਵੀਰ ਸਾਂਝੀ ਕਰਦਿਆਂ ਕਿਹਾ, "ਰਾਜਦੰਡ ਪ੍ਰਣਾਲੀ।"

ਇਹ ਵੀ ਪੜ੍ਹੋ: Whatsapp ਲਿਆ ਰਿਹਾ ਹੈ ਕਮਾਲ ਦਾ ਫ਼ੀਚਰ, ਆਸਾਨੀ ਨਾਲ ਸਾਂਝੀ ਕਰ ਸਕੋਗੇ ਸਕ੍ਰੀਨ

ਜ਼ਿਕਰਯੋਗ ਹੈ ਕਿ ਵਿਨੇਸ਼ ਫੋਗਾਟ, ਸਾਕਸ਼ੀ ਮਲਿਕ ਅਤੇ ਬਜਰੰਗ ਪੂਨੀਆ ਨੂੰ ਸੁਰੱਖਿਆ ਘੇਰਾ ਤੋੜ ਕੇ ਮਹਿਲਾ ਮਹਾਪੰਚਾਇਤ ਲਈ ਨਵੀਂ ਸੰਸਦ ਭਵਨ ਵੱਲ ਵਧਣ ਦੀ ਕੋਸ਼ਿਸ਼ ਕਰਨ 'ਤੇ ਐਤਵਾਰ ਨੂੰ ਦਿੱਲੀ ਪੁਲਿਸ ਨੇ ਕਾਨੂੰਨ ਵਿਵਸਥਾ ਦੀ ਉਲੰਘਣਾ ਕਰਨ ਦੇ ਦੋਸ਼ 'ਚ ਹਿਰਾਸਤ 'ਚ ਲੈ ਲਿਆ ਸੀ। ਪਹਿਲਵਾਨਾਂ ਨੂੰ ਜ਼ਬਰਦਸਤੀ ਬੱਸਾਂ ਵਿਚ ਬਿਠਾ ਕੇ ਅਣਪਛਾਤੀ ਜਗ੍ਹਾ ’ਤੇ ਭੇਜ ਦਿਤਾ ਗਿਆ। ਇਸ ਤੋਂ ਬਾਅਦ ਪੁਲਿਸ ਨੇ ਜੰਤਰ-ਮੰਤਰ ਵਿਖੇ ਪਹਿਲਵਾਨਾਂ ਦੇ ਧਰਨੇ ਵਾਲੀ ਥਾਂ ਤੋਂ ਗੱਦੇ, ਕੂਲਰ, ਪੱਖੇ ਅਤੇ ਤਰਪਾਲਾਂ ਆਦਿ ਨੂੰ ਹਟਾ ਦਿਤਾ।

ਜ਼ਿਕਰਯੋਗ ਹੈ ਕਿ ਦੇਸ਼ ਦੇ ਚੋਟੀ ਦੇ ਪਹਿਲਵਾਨਾਂ ਨੇ 23 ਅਪ੍ਰੈਲ ਨੂੰ ਰੈਸਲਿੰਗ ਫ਼ੈਡਰੇਸ਼ਨ ਆਫ਼ ਇੰਡੀਆ ਦੇ ਮੁਖੀ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਅਪਣਾ ਅੰਦੋਲਨ ਮੁੜ ਸ਼ੁਰੂ ਕੀਤਾ ਸੀ। ਬ੍ਰਿਜ ਭੂਸ਼ਣ 'ਤੇ ਇਕ ਨਾਬਾਲਗ਼ ਸਮੇਤ ਕਈ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦਾ ਦੋਸ਼ ਹੈ।