ਮੇਰੇ ਵਲੋਂ ਸਿੱਧੂ ਲਈ ਕਾਂਗਰਸ ਦੇ ਸਾਰੇ ਦਰਵਾਜ਼ੇ ਬੰਦ, ਹਾਈਕਮਾਨ ਨੂੰ ਵੀ ਇਸ ਬਾਰੇ ਪਤਾ ਹੈ- ਕੈਪਟਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਰਾਜਨੀਤੀ

ਮੁੱਖ ਮੰਤਰੀ ਨੇ ਇਹ ਬਿਆਨ ਬੀਤੇ ਦਿਨ ਰੋਜ਼ਾਨਾ ਸਪੋਕਸਮੈਨ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਦਿੱਤਾ।

Captain Amarinder Singh and Navjot Sidhu

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੇਰੇ ਵਲੋਂ ਨਵਜੋਤ ਸਿੱਧੂ ਲਈ ਕਾਂਗਰਸ ਦੇ ਸਾਰੇ ਦਰਵਾਜ਼ੇ ਬੰਦ ਹਨ ਤੇ ਕਾਂਗਰਸ ਹਾਈ ਕਮਾਨ ਨੂੰ ਵੀ ਇਸ ਬਾਰੇ ਸਭ ਪਤਾ ਹੈ। ਮੁੱਖ ਮੰਤਰੀ ਨੇ ਇਹ ਬਿਆਨ ਬੀਤੇ ਦਿਨ ਰੋਜ਼ਾਨਾ ਸਪੋਕਸਮੈਨ ਨੂੰ ਦਿੱਤੇ ਇਕ ਇੰਟਰਵਿਊ ਦੌਰਾਨ ਦਿੱਤਾ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਮੌਕਾਪ੍ਰਸਤ ਹੈ। ਸਿੱਧੂ ਪਹਿਲਾਂ ਜਦੋਂ ਅਕਾਲੀ ਦਲ ਵਿਚ ਸੀ, ਉਦੋਂ ਅਕਾਲੀਆਂ ਨਾਲ ਲੜਦਾ ਸੀ। ਇਸ ਤੋਂ ਬਾਅਦ ਭਾਜਪਾ ਵਿਚ ਸ਼ਾਮਲ ਹੋਇਆ ਤਾਂ ਉਨ੍ਹਾਂ ਨਾਲ ਲੜਦਾ ਸੀ। ਹੁਣ ਜਦੋਂ ਕਾਂਗਰਸ ’ਚ ਹੈ ਤਾਂ ਰੋਜ਼ ਮੇਰੇ ਵਿਰੁਧ ਟਵੀਟ ਕਰਦਾ ਹੈ ਅਤੇ ਬਿਆਨ ਦਿੰਦਾ ਹੈ। ਸਿੱਧੂ ਅਪਣੇ ਆਪ ਨੂੰ ਸਮਝਦਾ ਕੀ ਹੈ, ਇਹ ਮੇਰੀ ਸਮਝ ਤੋਂ ਬਾਹਰ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਮੇਰੀ ਸੂਚਨਾ ਮੁਤਾਬਕ ਸਿੱਧੂ ਨੇ 3-4 ਵਾਰ ਅਰਵਿੰਦ ਕੇਜਰੀਵਾਲ ਨਾਲ ਗੱਲਬਾਤ ਕੀਤੀ ਹੈ। ਸਿੱਧੂ ਪਟਿਆਲਾ ਤੋਂ ਚੋਣ ਲੜਨ ਦੀ ਤਿਆਰੀ ਕਰ ਰਿਹਾ ਹੈ, ਜਦਕਿ ਇਥੋਂ ਮੈਂ ਕਾਂਗਰਸ ਦਾ ਉਮੀਦਵਾਰ ਹਾਂ। ਅਜਿਹੇ ਵਿਚ ਉਹ ਕਿਵੇਂ ਇਥੋਂ ਚੋਣ ਲੜ ਸਕਦਾ ਹੈ? ਇਸ ਦਾ ਸਾਫ਼ ਮਤਲਬ ਹੈ ਕਿ ਉਹ ਕਿਸੇ ਹੋਰ ਪਾਰਟੀ ’ਚ ਜਾਣਾ ਚਾਹੁੰਦਾ ਹੈ। ਉਹਨਾਂ ਕਿਹਾ ਕਿ ਸਿੱਧੂ ਨੂੰ ਅਕਾਲੀ ਅਤੇ ਭਾਜਪਾ ਵਾਲੇ ਅਪਣੀ ਪਾਰਟੀ ’ਚ ਸ਼ਾਮਲ ਨਹੀਂ ਕਰਨਗੇ ਅਤੇ ਉਹ ਅੰਤ ’ਚ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋਵੇਗਾ ਅਤੇ ਮੇਰੇ ਵਿਰੁਧ ਚੋਣ ਲੜੇਗਾ।

ਉਹਨਾਂ ਚੁਣੌਤੀ ਦਿੰਦਿਆਂ ਕਿਹਾ ਕਿ ਸਿੱਧੂ ਮੈਦਾਨ ’ਚ ਆ ਜਾਵੇ, ਮੈਂ ਉਸ ਦੀ ਜ਼ਮਾਨਤ ਜ਼ਬਤ ਕਰ ਕੇ ਵਾਪਸ ਭੇਜਾਂਗਾ। ਪਹਿਲਾਂ ਸਿੱਧੂ ਨੇ ਅਪਣੇ ਅੰਮ੍ਰਿਤਸਰ ਹਲਕੇ ਵਿਚ ਕੰਮ ਨਹੀਂ ਕੀਤੇ, ਹੁਣ ਕਾਂਗਰਸ ਪ੍ਰਧਾਨ ਦੀ ਕੁਰਸੀ ਦੀ ਮੰਗ ਕਰ ਰਿਹਾ ਹੈ। ਅਸੀਂ ਕਿਉਂ ਸੁਨੀਲ ਜਾਖੜ ਦੀ ਥਾਂ ਸਿੱਧੂ ਨੂੰ ਪ੍ਰਧਾਨ ਬਣਾਈਏ? ਨਵਜੋਤ ਸਿੱਧੂ ਰੋਜ਼ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨਾਲ ਗੱਲਾਂ ਕਰਦਾ ਹੈ, ਅਜਿਹੇ ਵਿਚ ਮੈਂ ਕਿਵੇਂ ਉਸ ਨੂੰ ਉਪ ਮੁੱਖ ਮੰਤਰੀ ਦਾ ਅਹੁਦਾ ਦੇ ਸਕਦਾ ਹਾਂ।

ਦੱਸ ਦਈਏ ਕਿ ਕੋਟਕਪੂਰਾ ਤੇ ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿਚ ਐਸਆਈਟੀ ਦੀ ਜਾਂਚ ਰੱਦ ਹੋ ਜਾਣ ਦੇ ਮਾਮਲੇ ਵਿਚ ਸਾਬਕਾ ਮੰਤਰੀ ਤੇ ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਲਗਾਤਾਰ ਪੰਜਾਬ ਸਰਕਾਰ ਨੂੰ ਨਿਸ਼ਾਨੇ ’ਤੇ ਲੈ ਰਹੇ ਹਨ।