ਕਰਨਾਟਕ 'ਚ ਯੇਦੀਯੁਰੱਪਾ ਸਰਕਾਰ ਨੇ ਜਿੱਤਿਆ ਫ਼ਲੋਰ ਟੈਸਟ

ਏਜੰਸੀ

ਖ਼ਬਰਾਂ, ਰਾਜਨੀਤੀ

ਵਿਧਾਨ ਸਭਾ ਦੇ ਸਪੀਕਰ ਨੇ ਦਿਤਾ ਅਸਤੀਫ਼ਾ

BS Yeddyurappa wins floor test in Karnataka Assembly

ਬੈਂਗਲੁਰੂ : ਬੀ.ਐਸ. ਯੇਦੀਯੁਰੱਪਾ ਦੀ ਅਗਵਾਈ ਵਾਲੀ ਤਿੰਨ ਦਿਨ ਪੁਰਾਣੀ ਕਰਨਾਟਕ ਦੀ ਭਾਰਤੀ ਜਨਤਾ ਪਾਰਟੀ (ਭਾਜਪਾ) ਸਰਕਾਰ ਨੇ ਸੋਮਵਾਰ ਨੂੰ ਵਿਧਾਨ ਸਭਾ 'ਚ ਭਰੋਸੇ ਦੀ ਵੋਟ ਹਾਸਲ ਕਰ ਕੇ ਆਸਾਨੀ ਨਾਲ ਬਹੁਮਤ ਸਾਬਤ ਕਰ ਦਿਤਾ। ਭਰੋਸੇ ਦੀ ਵੋਟ ਤੋਂ ਇਕ ਦਿਨ ਪਹਿਲਾਂ 14 ਹੋਰ ਬਾਗ਼ੀ ਵਿਧਾਇਕਾਂ ਨੂੰ ਅਯੋਗ ਐਲਾਨ ਕਰਨ ਤੋਂ ਇਕ ਦਿਨ ਬਾਅਦ ਵਿਧਾਨ ਸਭਾ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਯੇਦੀਯੁਰੱਪਾ ਦੇ ਬਹੁਮਤ ਸਾਬਤ ਕਰਨ ਤੋਂ ਤੁਰਤ ਬਾਅਦ ਅਪਣੇ ਅਹੁਦੇ ਤੋਂ ਅਸਤੀਫ਼ੇ ਦਾ ਐਲਾਨ ਕੀਤਾ। 

ਸਦਨ ਦੀ ਕਾਰਵਾਈ ਸ਼ੁਰੂ ਹੋਣ ਮਗਰੋਂ ਇਕ ਘੰਟੇ ਤੋਂ ਵੀ ਘੱਟ ਸਮੇਂ ਤਕ ਚੱਲੀ ਪ੍ਰਕਿਰਿਆ 'ਚ ਯੇਦੀਯੁਰੱਪਾ ਨੇ ਭਰੋਸੇ ਦੀ ਵੋਟ ਹਾਸਲ ਕਰ ਲਈ। ਤਿੰਨ ਵਿਧਾਇਕਾਂ ਨੂੰ ਬੀਤੇ ਵੀਰਵਾਰ ਨੂੰ ਅਯੋਗ ਕਰਾਰ ਦੇ ਦਿਤਾ ਗਿਆ ਸੀ। ਕੁਲ 17 ਵਿਧਾਇਕਾਂ ਦੇ ਅਯੋਗ ਐਲਾਨੇ ਜਾਣ ਮਗਰੋਂ ਸਦਨ ਦੀ ਗਿਣਤੀ ਘੱਟ ਹੋ ਗਈ ਸੀ ਅਤੇ ਵਿਰੋਧੀ ਕਾਂਗਰਸ ਅਤੇ ਜਨਤਾ ਦਲ (ਯੂ) ਨੇ ਵੋਟਾਂ ਦੀ ਗਿਣਤੀ 'ਤੇ ਜ਼ੋਰ ਨਹੀਂ ਦਿਤਾ। 

ਵਿਧਾਨ ਸਭਾ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਐਤਵਾਰ ਨੂੰ ਕਾਂਗਰਸ ਦੇ 11 ਅਤੇ ਜਨਤਾ ਦਲ (ਯੂ) ਦੇ ਤਿੰਨ ਬਾਗ਼ੀ ਵਿਧਾਇਕਾਂ ਨੂੰ 2023 'ਚ ਮੌਜੂਦਾ ਵਿਧਾਨ ਸਭਾ ਦਾ ਕਾਰਜਕਾਲ ਖ਼ਤਮ ਹੋਣ ਤਕ ਲਈ ਅਯੋਗ ਐਲਾਨ ਦਿਤਾ ਸੀ। ਇਸ ਨਾਲ ਬਹੁਮਤ ਦਾ ਅੰਕੜਾ 105 ਤਕ ਸਿਮਟ ਗਿਆ ਸੀ ਅਤੇ ਭਾਜਪਾ ਕੋਲ ਇਸ ਸਮੇਂ 105 ਵਿਧਾਇਕ ਹਨ। ਉਸ ਨੂੰ ਇਕ ਆਜ਼ਾਦ ਵਿਧਾਇਕ ਦੀ ਹਮਾਇਤ ਵੀ ਹਾਸਲ ਹੈ। ਕਾਂਗਰਸ ਕੋਲ 66 ਅਤੇ ਜਨਤਾ ਦਲ (ਐਸ) ਕੋਲ 34 ਵਿਧਾਇਕ ਹਨ। 

ਭਾਜਪਾ ਆਗੂਆਂ ਨੇ ਕਿਹਾ ਕਿ ਅੱਜ ਬਹੁਮਤ ਸਾਬਤ ਕਰਨ ਤੋਂ ਬਾਅਦ ਯੇਦੀਯੁਰੱਪਾ ਦਾ ਧਿਆਨ ਹੁਣ ਮੰਤਰੀ ਮੰਡਲ ਦੇ ਵਿਸਤਾਰ 'ਤੇ ਹੋਵੇਗਾ ਜੋ ਇਸ ਹਫ਼ਤੇ ਦੇ ਅਖ਼ੀਰ ਤਕ ਪੂਰਾ ਹੋਣ ਦੀ ਉਮੀਦ ਹੈ। ਕਰਨਾਟਕ ਵਿਧਾਨ ਸਭਾ ਦੇ ਸਪੀਕਰ ਕੇ.ਆਰ. ਰਮੇਸ਼ ਕੁਮਾਰ ਨੇ ਅਪਣੇ ਅਸਤੀਫ਼ੇ ਦਾ ਐਲਾਨ ਕਰਦਿਆਂ ਕਿਹਾ, ''ਮੈਂ ਇਸ ਅਹੁਦੇ ਤੋਂ ਖ਼ੁਦ ਨੂੰ ਅਲੱਗ ਕਰਨ ਦਾ ਫ਼ੈਸਲਾ ਕੀਤਾ ਹੈ, ਮੈਂ ਅਸਤੀਫ਼ਾ ਦੇਣ ਦਾ ਫ਼ੈਸਲਾ ਲਿਆ ਹੈ।'' ਉਨ੍ਹਾਂ ਨੇ ਉਪ ਸਪੀਕਰ ਕ੍ਰਿਸ਼ਣ ਰੈਡੀ ਨੂੰ ਅਪਣਾ ਅਸਤੀਫ਼ਾ ਸੌਂਪਿਆ।

ਕੁਮਾਰ ਨੇ ਕਿਹਾ ਕਿ ਸਪੀਕਰ ਵਜੋਂ ਅਪਣੇ 14 ਮਹੀਨਿਆਂ ਦੇ ਕਾਰਜਕਾਲ ਵਿਚ ਉਨ੍ਹਾਂ ਨੇ ਅਪਣੀ ਸਮਝ ਅਤੇ ਸੰਵਿਧਾਨ ਅਨੁਸਾਰ ਕੰਮ ਕੀਤਾ। ਉਨ੍ਹਾਂ ਕਿਹਾ, ''ਮੈਂ ਅਪਣੀ ਸਮਰੱਥਾ ਅਨੁਸਾਰ ਅਪਣੇ ਅਹੁਦੇ ਮਾਣ-ਸਨਮਾਣ ਬਰਕਾਰ ਰੱਖਣ ਦਾ ਯਤਨ ਕੀਤਾ।'' ਸਪੀਕਰ ਨੇ ਇਹ ਕਦਮ ਯੇਦਿਯੁਰੱਪਾ ਵਲੋਂ ਪੇਸ਼ ਵਿਸ਼ਵਾਸ ਮਤ 'ਤੇ ਜਿੱਤ ਹਾਸਲ ਕਰਨ ਅਤੇ ਸਦਨ ਵਲੋਂ ਮਨਜ਼ੂਰੀ ਬਿੱਲ ਪਾਸ ਕਰਨ ਦੇ ਫ਼ੈਸਲੇ ਤੋਂ ਬਾਅਦ ਚੁੱਕਿਆ। ਇਸ ਤੋਂ ਇਕ ਦਿਨ ਪਹਿਲਾਂ ਉਨ੍ਹਾਂ ਨੇ 14 ਹੋਰ ਬਾਗੀ ਵਿਧਾਇਕਾਂ ਨੂੰ ਅਯੋਗ ਕਰਾਰ ਦਿਤਾ ਸੀ ਜਦਕਿ ਤਿੰਨ ਨੂੰ ਪਹਿਲਾਂ ਅਯੋਗ ਠਹਿਰਾਇਆ ਗਿਆ ਸੀ।