ਯੇਦੀਯੁਰੱਪਾ ਬਣੇ ਕਰਨਾਟਕ ਦੇ ਮੁੱਖ ਮੰਤਰੀ

ਏਜੰਸੀ

ਖ਼ਬਰਾਂ, ਰਾਸ਼ਟਰੀ

ਕਿਹਾ, ਮੇਰੇ ਰਾਜ 'ਚ ਬਦਲੇ ਦੀ ਭਾਵਨਾ ਨਾਲ ਸਿਆਸਤ ਨਹੀਂ ਹੋਵੇਗੀ

BS Yediyurappa takes oath as Karnataka CM

ਬੇਂਗਲੁਰੂ : ਕਰਨਾਟਕ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਪ੍ਰਧਾਨ ਬੀ.ਐਸ. ਯੇਦੀਯੁਰੱਪਾ ਨੇ ਸ਼ੁਕਰਵਾਰ ਨੂੰ ਚੌਥੀ ਵਾਰੀ ਸੂਬੇ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ। ਰਾਜਪਾਲ ਵਜੂਭਾਈ ਵਾਲਾ ਨੇ ਰਾਜ ਭਵਨ 'ਚ ਹੋਏ ਇਕ ਸਮਾਰੋਹ 'ਚ 76 ਸਾਲਾਂ ਦੇ ਯੇਦੀਯੁਰੱਪਾ ਨੂੰ ਅਹੁਦੇ ਅਤੇ ਸਰਕਾਰੀ ਭੇਤ ਗੁਪਤ ਰੱਖਣ ਦੀ ਸਹੁੰ ਚੁਕਾਈ। 

ਪ੍ਰੋਗਰਾਮ 'ਚ ਯੇਦੀਯੁਰੱਪਾ ਨੇ ਇਕੱਲਿਆਂ ਹੀ ਸਹੁੰ ਚੁੱਕੀ। ਸੂਬੇ 'ਚ ਉਨ੍ਹਾਂ ਦੀ ਸਰਕਾਰ ਇਸ ਵੇਲੇ ਬਣੀ ਹੈ ਜਦੋਂ ਤਿੰਨ ਦਿਨ ਪਹਿਲਾ ਕਾਂਗਰਸ-ਜਨਤਾ ਦਲ (ਐਸ) ਗਠਜੋੜ ਸਰਕਾਰ ਡਿੱਗ ਗਈ ਸੀ। ਤਤਕਾਲੀ ਮੁੱਖ ਮੰਤਰੀ ਐਚ.ਡੀ. ਕੁਮਾਰਸਵਾਮੀ ਵਲੋਂ ਵਿਧਾਨ ਸਭਾ 'ਚ ਪੇਸ਼ ਭਰੋਸੇ ਦੀ ਵੋਟ ਦਾ ਮਤਾ 105 ਦੇ ਮੁਕਾਬਲੇ 99 ਵੋਟਾਂ ਨਾਲ ਡਿੱਗ ਗਿਆ ਸੀ। ਸ਼ੁਕਰਵਾਰ ਦੀ ਸਵੇਰੇ ਹਫ਼ੜਾ-ਦਫ਼ੜੀ 'ਚ ਹੋਏ ਘਟਨਾਕ੍ਰਮ 'ਚ ਯੇਦੀਯੁਰੱਪਾ ਨੇ ਰਾਜਪਾਲ ਨਾਲ ਮੁਲਾਕਾਤ ਕਰ ਕੇ ਸਰਕਾਰ ਦਾ ਦਾਅਵਾ ਪੇਸ਼ ਕੀਤਾ ਅਤੇ ਉਨ੍ਹਾਂ ਨੂੰ ਸ਼ੁਕਰਵਾਰ ਸ਼ਾਮ ਨੂੰ ਹੀ ਸਹੁੰ ਚੁਕਾਉਣ ਦੀ ਅਪੀਲ ਕੀਤੀ। ਇਸ ਤੋਂ ਬਾਅਦ ਰਾਜਪਾਲ ਨੇ ਉਨ੍ਹਾਂ ਨੂੰ ਸਰਕਾਰ ਬਣਾਉਣ ਦਾ ਸੱਦਾ ਦਿਤਾ।

ਸਹੁੰ ਚੁੱਕ ਸਮਾਗਮ ਤੋਂ ਪਹਿਲਾਂ ਉਨ੍ਹਾਂ ਕਿਹਾ ਕਿ ਉਹ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਸਲਾਹ ਕਰਨ ਤੋਂ ਬਾਅਦ ਕੈਬਨਿਟ ਦੇ ਮੈਂਬਰਾਂ 'ਤੇ ਫ਼ੈਸਲਾ ਕਰਨਗੇ। 
ਯੇਦੀਯੁਰੱਪਾ ਨੇ ਚੌਥੀ ਵਾਰੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ। ਪਿਛਲੀ ਵਾਰੀ ਉਹ ਮਈ 2018 'ਚ ਵਿਧਾਨ ਸਭਾ ਚੋਣਾਂ ਮਗਰੋਂ ਮੁੱਖ ਮੰਤਰੀ ਬਣੇ ਸਨ ਪਰ ਉਹ ਅਹੁਦੇ 'ਤੇ ਤਿੰਨ ਦਿਨ ਹੀ ਟਿਕ ਸਕੇ ਸਨ।

ਯੇਦੀਯੁਰੱਪਾ ਨੇ ਅਪਣੇ ਨਾਂ ਦੇ ਅੱਖਰਾਂ ਨੂੰ ਫਿਰ ਬਦਲਿਆ
ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਕਰਨਾਟਕ ਇਕਾਈ ਦੇ ਮੁਖੀ ਬੀ.ਐਸ. ਯੇਦੀਯੁਰੱਪਾ ਨੇ ਅਪਣੇ ਨਾਂ ਦੇ ਅੰਗਰੇਜ਼ੀ ਅੱਖਰਾਂ ਨੂੰ ਫਿਰ ਬਦਲ ਕੇ ਪਹਿਲੇ ਵਾਂਗ ਕਰ ਦਿਤਾ ਹੈ। ਉਨ੍ਹਾਂ ਨੇ ਸਪੱਸ਼ਟ ਤੌਰ 'ਤੇ ਅੰਕ ਜੋਤਿਸ਼ ਤੋਂ ਪ੍ਰਭਾਵਤ ਹੋ ਕੇ ਇਹ ਤਬਦੀਲੀ ਕੀਤੀ। ਸਰਕਾਰ ਬਣਾਉਣ ਦਾ ਦਾਅਵਾ ਕਰਨ ਲਈ ਰਾਜਪਾਲ ਵਜੂਭਾਈ ਵਾਲਾ ਨੂੰ ਸ਼ੁਕਰਵਾਰ ਨੂੰ ਲਿਖੀ ਉਨ੍ਹਾਂ ਦੀ ਚਿੱਠੀ 'ਚ ਅਤੇ ਬਾਅਦ 'ਚ ਭਾਜਪਾ ਆਗੂ ਨੂੰ ਕਰਨਾਟਕ ਦਾ ਮੁੱਖ ਮੰਤਰੀ ਬਣਾਉਣ ਲਈ ਸਹੁੰ ਚੁੱਕ ਸਮਾਰੋਹ ਲਈ ਭੇਜੇ ਸੱਦੇ 'ਚ ਇਹ ਤਬਦੀਲੀ ਜਨਤਕ ਹੋਈ।

ਉਨ੍ਹਾਂ ਅਪਣੇ ਨਾਂ ਦੇ ਅੱਖਰਾਂ ਨੂੰ ਪਹਿਲੀ ਵਾਰੀ 2007 'ਚ ਬਦਲਿਆ ਸੀ ਜਦੋਂ ਉਨ੍ਹਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਸੀ। ਉਨ੍ਹਾਂ ਨੇ ਇਸ ਨੂੰ ਬਦਲ ਕੇ yediyurappa ਦੀ ਬਜਾਏ yeddyurappa ਕਰ ਲਿਆ ਸੀ, ਜਿਸ ਨੂੰ ਅੱਜ ਫਿਰ ਬਦਲ ਕੇ ਪਹਿਲਾਂ ਵਾਂਗ ਹੀ ਕਰ ਲਿਆ। ਹਾਲਾਂਕਿ ਇਸ ਬਦਲਾਅ ਨਾਲ ਉਨ੍ਹਾਂ ਦੀ ਕਿਸਮਤ 'ਚ ਕੋਈ ਤਬਦੀਲੀ ਵੇਖਣ ਨੂੰ ਨਹੀਂ ਮਿਲੀ ਕਿਉਂਕਿ ਮੁੱਖ ਮੰਤਰੀ ਵਜੋਂ ਉਨ੍ਹਾਂ ਦੇ ਅਗਲੇ ਦੋ ਕਾਰਜਕਾਲ ਵੀ ਪੂਰੇ ਨਹੀਂ ਹੋਏ। (ਪੀਟੀਆਈ)