ਅਨਿਲ ਅੰਬਾਨੀ ਦੇ ਦਫ਼ਤਰ ‘ਤੇ Yes Bank ਦਾ ਕਬਜ਼ਾ, ਕਰਜ਼ ਨਾ ਚੁਕਾਉਣ ‘ਤੇ ਲਿਆ ਐਕਸ਼ਨ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਸੇ ਸਮੇਂ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਰਹੇ ਅਨਿਲ ਅੰਬਾਨੀ ਨੂੰ ਅੱਜ ਅਪਣਾ ਦਫ਼ਤਰ ਗਵਾਉਣਾ ਪਿਆ ਹੈ।

Yes Bank to take over HQ of Anil Ambani

ਨਵੀਂ ਦਿੱਲੀ: ਕਿਸੇ ਸਮੇਂ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਰਹੇ ਅਨਿਲ ਅੰਬਾਨੀ ਨੂੰ ਅੱਜ ਅਪਣਾ ਦਫ਼ਤਰ ਵੀ ਗਵਾਉਣਾ ਪਿਆ ਹੈ। ਉਹਨਾਂ ਦੇ ਅਨਿਲ ਧੀਰੂਭਾਈ ਅੰਬਾਨੀ ਗਰੁੱਪ ਦੇ ਮੁੰਬਈ ਸਥਿਤ ਦਫ਼ਤਰ ਰਿਲਾਇੰਸ ਸੈਂਟਰ ਨੂੰ ਯੈਸ ਬੈਂਕ ਨੇ ਅਪਣੇ ਕੰਟਰੋਲ ਵਿਚ ਲੈ ਲਿਆ ਹੈ। ਫਾਈਨੈਂਸ਼ੀਅਲ ਐਕਸਪ੍ਰੈਸ ਵਿਚ ਪ੍ਰਕਾਸ਼ਿਤ ਇਕ ਵਿਗਿਆਪਨ ਵਿਚ ਬੈਂਕ ਨੇ ਇਸ ਦੀ ਜਾਣਕਾਰੀ ਦਿੱਤੀ ਹੈ।

ਬੈਂਕ ਨੇ ਦੱਸਿਆ ਹੈ ਕਿ ਉਸ ਨੇ ਮੁੰਬਈ ਵਿਚ ਸਥਿਤ 21,000 ਵਰਗ ਫੁੱਟ ਦੇ ਮੁੱਖ ਦਫ਼ਤਰ ਨੂੰ ਕਬਜ਼ੇ ਵਿਚ ਲਿਆ ਹੈ। ਇਸ ਤੋਂ ਇਲਾਵਾ ਦੱਖਣੀ ਮੁੰਬਈ ਵਿਚ ਸਥਿਤ ਨਾਗਿਨ ਮਹਿਲ ਦੇ ਵੀ ਦੋ ਫਲੋਰ ਬੈਂਕ ਨੇ ਅਪਣੇ ਕੰਟਰੋਲ ਵਿਚ ਲੈ ਲਏ ਹਨ। ਬੈਂਕ ਨੇ SARFESI ਐਕਟ ਦੇ ਤਹਿਤ 22 ਜੁਲਾਈ ਨੂੰ ਇਹ ਕਾਰਵਾਈ ਕੀਤੀ ਹੈ। ਅਨਿਲ ਅੰਬਾਨੀ ਵੱਲੋਂ 2,892 ਕਰੋੜ ਰੁਪਏ ਦਾ ਕਰਜ਼ ਨਾ ਜਮ੍ਹਾਂ ਕਰਵਾਉਣ ਤੋਂ ਬਾਅਦ ਇਹ ਕਾਰਵਾਈ ਕੀਤੀ ਗਈ ਹੈ।

ਅਨਿਲ ਅੰਬਾਨੀ ਦੇ ਗਰੁੱਪ ‘ਤੇ ਯੈਸ ਬੈਂਕ ਦਾ ਕੁੱਲ 12,000 ਕਰੋੜ ਰੁਪਏ ਬਕਾਇਆ ਹੈ। ਦੱਸ ਦਈਏ ਕਿ ਇਸੇ ਸਾਲ ਮਾਰਚ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਕੀਤੀ ਗਈ ਪੁੱਛਗਿੱਛ ਵਿਚ ਅਨਿਲ ਅੰਬਾਨੀ ਨੇ ਕਿਹਾ ਸੀ ਕਿ ਯੈਸ ਬੈਂਕ ਤੋਂ ਉਹਨਾਂ ਨੇ ਕਰਜ਼ਾ ਲਿਆ ਹੈ, ਉਹ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਕਿਹਾ ਸੀ ਕਿ ਉਹ ਯੈਸ ਬੈਂਕ ਦਾ ਪੂਰਾ ਕਰਜ਼ਾ ਚੁਕਾਉਣਗੇ, ਚਾਹੇ ਇਸ ਦੇ ਲਈ ਉਹਨਾਂ ਨੂੰ ਅਪਣੀ ਜਾਇਦਾਦ ਵੇਚਣੀ ਪਵੇ।

ਯੈਸ ਬੈਂਕ ਵੱਲੋਂ ਕਰਜ਼ ਦੇਣ ਦੇ ਮਾਮਲੇ ਵਿਚ ਪੁੱਛਗਿੱਛ ਦੌਰਾਨ ਅਨਿਲ ਅੰਬਾਨੀ ਨੇ ਕਿਹਾ ਸੀ ਕਿ ਉਹਨਾਂ ਦਾ ਬੈਂਕ ਦੇ ਸਾਬਕਾ ਡਾਇਰੈਕਟਰ ਰਾਣਾ ਕਪੂਰ, ਉਹਨਾਂ ਦੀ ਪਤਨੀ, ਬੇਟੀ ਜਾਂ ਫਿਰ ਉਹਨਾਂ ਦੇ ਕੰਟਰੋਲ ਵਾਲੀ ਕਿਸੇ ਕੰਪਨੀ ਨਾਲ ਕੋਈ ਸੰਪਰਕ ਨਹੀਂ ਰਿਹਾ ਹੈ।

ਦੱਸ ਦਈਏ ਕਿ ਮਈ ਮਹੀਨੇ ਵਿਚ ਹੀ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਰਾਣਾ ਕਪੂਰ, ਉਹਨਾਂ ਦੀਆਂ ਬੇਟੀਆਂ ਰੋਸ਼ਨੀ ਕਪੂਰ, ਰਾਧਾ ਕਪੂਰ ਅਤੇ ਰਾਖੀ ਕਪੂਰ ਖਿਲਾਫ ਬੈਂਕ ਧੋਖਾਧੜੀ ਦੇ ਮਾਮਲੇ ਵਿਚ ਚਾਰਜ ਸ਼ੀਟ ਦਾਖਲ ਕੀਤੀ ਹੈ।  ਫਿਲਹਾਲ ਯੈਸ ਬੈਂਕ ਦੇ ਨਿਰਦੇਸ਼ਕ ਵਜੋਂ ਪ੍ਰਸ਼ਾਂਤ ਕੁਮਾਰ ਕੰਮਕਾਜ ਸੰਭਾਲ ਰਹੇ ਹਨ। ਇਸ ਤੋਂ ਪਹਿਲਾਂ ਪ੍ਰਸ਼ਾਂਤ ਕੁਮਾਰੀ ਭਾਰਤੀ ਸਟੇਟ ਬੈਂਕ ਦੇ ਚੀਫ ਫਾਈਨੈਂਸ਼ੀਅਲ ਅਫ਼ਸਰ ਰਹਿ ਚੁੱਕੇ ਹਨ। ਪ੍ਰਸ਼ਾਂਤ ਕੁਮਾਰ ਨੇ 36 ਸਾਲਾਂ ਤੱਕ ਐਸਬੀਆਈ ਵਿਚ ਅਪਣੀਆਂ ਸੇਵਾਵਾਂ ਨਿਭਾਈਆਂ ਹਨ।