ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣੇ Reliance Industries ਦੇ ਚੇਅਰਮੈਨ ਮੁਕੇਸ਼ ਅੰਬਾਨੀ

ਏਜੰਸੀ

ਖ਼ਬਰਾਂ, ਵਪਾਰ

ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ।

Mukesh Ambani Become Sixth Richest Person in the World

ਨਵੀਂ ਦਿੱਲੀ: ਰਿਲਾਇੰਸ ਇੰਡਸਟਰੀਜ਼ ਲਿਮਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਦੁਨੀਆਂ ਦੇ ਛੇਵੇਂ ਸਭ ਤੋਂ ਅਮੀਰ ਵਿਅਕਤੀ ਬਣ ਗਏ ਹਨ। ਗੂਗਲ ਦੇ ਸਹਿ-ਸੰਸਥਾਪਕ ਲੈਰੀ ਪੇਜ ਨੂੰ ਪਿੱਛੇ ਛੱਡ ਕੇ ਉਹਨਾਂ ਨੇ ਇਹ ਸਥਾਨ ਹਾਸਲ ਕੀਤਾ ਹੈ। ਬਲੂਮਬਰਗ ਬਿਲੇਨੀਅਰਸ ਇੰਡੈਕਸ ਮੁਤਾਬਕ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਹੁਣ 72.4 ਅਰਬ ਡਾਲਰ ਹੋ ਗਈ ਹੈ।

ਇਸ ਤੋਂ ਪਹਿਲਾਂ ਮੁਕੇਸ਼ ਅੰਬਾਨੀ ਨੇ ਦੁਨੀਆਂ ਵਿਚ ਸਭ ਤੋਂ ਵੱਡੇ ਨਿਵੇਸ਼ਕ ਵਾਰੇਨ ਬਫੇ ਨੂੰ ਪਛਾੜਿਆ ਸੀ। ਦੱਸ ਦਈਏ ਕਿ ਦੁਨੀਆਂ ਦੇ 10 ਸਭ ਤੋਂ ਅਮੀਰ ਲੋਕਾਂ ਦੀ ਸੂਚੀ ਵਿਚ ਮੁਕੇਸ਼ ਅੰਬਾਨੀ ਪੂਰੇ ਏਸ਼ੀਆ ਦੇ ਇਕਲੌਤੇ ਵਿਅਕਤੀ ਹਨ।  ਰਿਲਾਇੰਸ ਇੰਡਸਟਰੀਜ਼ ਚੇਅਰਮੈਨ ਦੀ ਜਾਇਦਾਦ ਵਿਚ ਵਾਧੇ ਦਾ ਕਾਰਨ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰਾਂ ਵਿਚ ਲਗਾਤਾਰ ਵਾਧਾ ਰਿਹਾ ਹੈ।

ਮਾਰਚ ਤੋਂ ਬਾਅਦ ਹੁਣ ਤੱਕ ਰਿਲਾਇੰਸ ਦੇ ਸ਼ੇਅਰਾਂ ਵਿਚ ਦੁੱਗਣਾ ਵਾਧਾ ਹੋਇਆ ਹੈ। ਦਰਅਸਲ ਹਾਲ ਹੀ ਵਿਚ ਰਿਲਾਇੰਸ ਦੀ ਟੈਕਨਾਲੋਜੀ ਇਕਾਈ ਜੀਓ ਪਲੇਟਫਾਰਮ ਨੇ ਕਈ ਗਲੋਬਲ ਕੰਪਨੀਆਂ ਦੇ ਨਾਲ ਸਮਝੌਤਾ ਕਰਨ ਦਾ ਐਲਾਨ ਕੀਤਾ ਹੈ, ਜਿਸ ਵਿਚ ਫੇਸਬੁੱਕ ਵੀ ਸ਼ਾਮਲ ਹੈ। ਇਸ ਤੋਂ ਬਾਅਦ ਹੀ ਰਿਲਾਇੰਸ ਦੇ ਸ਼ੇਅਰਾਂ ਵਿਚ ਤੇਜ਼ੀ ਦੇਖਣ ਨੂੰ ਮਿਲ ਰਹੀ ਹੈ। 

ਤਿੰਨ ਮਹੀਨਿਆਂ ਵਿਚ ਰਿਲਾਇੰਸ ਜੀਓ ਵਿਚ 12 ਵਿਦੇਸ਼ੀ ਕੰਪਨੀਆਂ ਨਿਵੇਸ਼ ਕਰ ਚੁੱਕੀਆਂ ਹਨ। ਰਿਲਾਇੰਸ ਨੇ ਜੀਓ ਪਲੇਟਫਾਰਮ ਦੀ ਹਿੱਸੇਦਾਰੀ ਵਿਕਰੀ ਨਾਲ 117,588.45 ਕਰੋੜ ਰੁਪਏ ਕਮਾਏ ਹਨ। ਰਿਲਾਇੰਸ ਨੂੰ ਹੁਣ ਤੱਕ ਜੀਓ ਪਲੇਟਫਾਰਮ ਦੀ 25.09 ਹਿੱਸੇਦਾਰੀ ਲਈ ਨਿਵੇਸ਼ ਮਿਲ ਚੁੱਕਾ ਹੈ।

ਇਸ ਸੂਚੀ ਵਿਚ ਪਹਿਲੇ ਨੰਬਰ ‘ਤੇ ਐਮਾਜ਼ੋਨ ਦੇ ਸੀਈਓ ਜੇਫ ਬੇਜੋਸ ਹਨ। ਉਹਨਾਂ ਦੀ ਨੈੱਟਵਰਥ 184 ਅਰਬ ਡਾਲਰ ਹੈ। ਇਸ ਤੋਂ ਬਾਅਦ ਛੇ ਸਭ ਤੋਂ ਅਮੀਰ ਵਿਅਕਤੀਆਂ ਦੀ ਸੂਚੀ ਵਿਚ ਬਿਲ ਗੇਟਸ, ਬਰਨਾਰਡ ਆਰਨੌਲਟ, ਮਾਰਕ ਜ਼ੁਕਰਬਰਗ, ਸਟੇਲੇ ਬਾਲਮਰ ਅਤੇ ਮੁਕੇਸ਼ ਅੰਬਾਨੀ ਹਨ।