Warren Buffett ਤੋਂ ਜ਼ਿਆਦਾ ਅਮੀਰ ਹੋਏ ਮੁਕੇਸ਼ ਅੰਬਾਨੀ, ਬਣੇ ਦੁਨੀਆ ਦੇ 7ਵੇਂ ਸਭ ਤੋਂ ਅਮੀਰ ਵਿਅਕਤੀ

ਏਜੰਸੀ

ਖ਼ਬਰਾਂ, ਵਪਾਰ

ਦੁਨੀਆ ਦੇ ਸਭ ਤੋਂ ਸਫ਼ਲ ਨਿਵੇਸ਼ਕ ਹਨ ਵਾਰੇਨ ਬਫੇ

Mukesh Ambani and Warren Buffett

ਨਵੀਂ ਦਿੱਲੀ: ਦੌਲਤ ਦੇ ਮਾਮਲੇ ਵਿਚ ਰਿਲਾਇੰਸ ਇੰਡਸਟਰੀਜ਼ ਦੇ ਚੇਅਰਪਰਸਨ ਮੁਕੇਸ਼ ਅੰਬਾਨੀ ਨੇ ਵਾਰੇਨ ਬਫੇ ਨੂੰ ਪਛਾੜ ਦਿੱਤਾ ਹੈ। ਬਰਕਸ਼ਾਇਰ ਹੈਥਵੇ ਦੇ ਫਾਂਊਡਰ ਵਾਰੇਨ ਬਫੇ ਨੂੰ ਦੁਨੀਆ ਦਾ ਸਭ ਤੋਂ ਵੱਡਾ ਅਤੇ ਸਫਲ ਨਿਵੇਸ਼ਕ ਮੰਨਿਆ ਜਾਂਦਾ ਹੈ। ਸਾਲ 2008 ਵਿਚ ਬਫੇ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਬਣੇ ਸੀ ਅਤੇ ਲੰਬੇ ਸਮੇਂ ਤੱਕ ਉਹ ਚੋਟੀ ਦੀਆਂ ਤਿੰਨ ਅਮੀਰ ਸ਼ਖਸੀਅਤਾਂ ਵਿਚ ਸ਼ਾਮਲ ਰਹੇ ਹਨ।

ਫੋਰਬਸ ਮੁਤਾਬਕ ਮੁਕੇਸ਼ ਅੰਬਾਨੀ ਦੀ ਜਾਇਦਾਦ 70 ਬਿਲੀਅਨ ਡਾਲਰ ਨੂੰ ਪਾਰ ਕਰ ਗਈ ਹੈ। ਫੋਰਬਸ ਇੰਡੀਆ ਨੇ ਮੁਕੇਸ਼ ਅੰਬਾਨੀ ਨੂੰ ਸੱਤਵਾਂ ਸਭ ਤੋਂ ਅਮੀਰ ਵਿਅਕਤੀ ਦੱਸਿਆ ਹੈ। ਉਹਨਾਂ ਨੇ ਬਰਕਸ਼ਾਇਰ ਹੈਥਵੇ ਦੇ ਵਾਰੇਨ ਬਫੇ, ਗੂਗਲ ਦੇ ਲੈਰੀ ਪੇਜ ਅਤੇ ਸੇਰਗੇਈ ਬ੍ਰਿਨ ਨੂੰ ਪਛਾੜ ਦਿੱਤਾ ਹੈ।

ਅਰਬਪਤੀਆਂ ਦੀ ਸੂਚੀ ਵਿਚ ਟਾਪ ‘ਤੇ ਐਮਾਜ਼ੋਨ ਦੇ ਫਾਂਊਡਰ ਜੈਫ ਬੇਜੋਸ ਹਨ। ਉੱਥੇ ਹੀ ਮਾਈਕ੍ਰੋਸਾਫਟ ਦੇ ਬਿਲ ਗੇਟਸ ਦੂਜੇ ਨੰਬਰ ‘ਤੇ ਹਨ ਜਦਕਿ ਬਰਨਾਰਡ ਓਰਨਾਲਟ ਪਰਿਵਾਰ ਤੀਜੇ ਨੰਬਰ ‘ਤੇ ਹੈ। ਇਸ ਤੋਂ ਇਲਾਵਾ ਫੇਸਬੁੱਕ ਦੇ ਫਾਂਊਡਰ ਮਾਰਕ ਜ਼ਕਰਬਰਗ ਚੌਥੇ ਨੰਬਰ ‘ਤੇ, ਸਟੀਵ ਬਾਲਮਰ ਪੰਜਵੇਂ ਨੰਬਰ ‘ਤੇ ਅਤੇ ਲੈਰੀ ਐਲੀਸਨ ਛੇਵੇਂ ਨੰਬਰ ‘ਤੇ ਹਨ।

ਵਿਸ਼ਵ ਭਰ ਵਿਚ ਚੋਟੀ ਦੇ 10 ਅਮੀਰਾਂ ਦੀ ਲਿਸਟ ਵਿਚ ਪੂਰੇ ਏਸ਼ੀਆ ‘ਚ ਇਕਲੌਤੇ ਮੁਕੇਸ਼ ਅੰਬਾਨੀ ਸ਼ਾਮਲ ਹਨ। ਮੁਕੇਸ਼ ਅੰਬਾਨੀ ਦੀ ਦੌਲਤ ਵਿਚ ਵਾਧੇ ਦਾ ਸਭ ਤੋਂ ਵੱਡਾ ਕਾਰਨ ਰਿਲਾਇੰਸ ਜੀਓ ਹੈ। ਦਰਅਸਲ ਰਿਲਾਇੰਸ ਜੀਓ ਨੂੰ ਗਲੋਬਲ ਪੱਧਰ ‘ਤੇ ਇਕ ਲੱਖ ਕਰੋੜ ਤੋਂ ਜ਼ਿਆਦਾ ਦਾ ਨਿਵੇਸ਼ ਮਿਲ ਚੁੱਕਾ ਹੈ। ਇਸ ਨਿਵੇਸ਼ ਕਾਰਨ ਰਿਲਾਇੰਸ ਇੰਡਸਟਰੀਜ਼ ਕਰਜ਼ਾਮੁਕਤ ਵੀ ਹੋ ਗਈ ਹੈ।

ਉੱਥੇ ਹੀ ਰਿਲਾਇੰਸ ਇੰਡਸਟਰੀਜ਼ ਦੇ ਸ਼ੇਅਰ ਨੇ ਵੀ ਰਿਕਾਰਡ 1850 ਰੁਪਏ ਦੇ ਭਾਅ ਨੂੰ ਛੂਹ ਲਿਆ ਹੈ। ਹਾਲ ਹੀ ਵਿਚ ਰਿਲਾਇੰਸ ਇੰਡਸਟਰੀਜ਼ ਦਾ ਮਾਰਕਿਟ ਕੈਪ 12 ਲੱਖ ਕਰੋੜ ਨੂੰ ਪਾਰ ਕਰ ਗਿਆ ਹੈ। ਇਹ ਪਹਿਲੀ ਅਜਿਹੀ ਭਾਰਤੀ ਕੰਪਨੀ ਨੇ, ਜਿਸ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ।