Karnataka Congress MLA: ਜੇ ਲੋਕ ਸਭਾ ਚੋਣਾਂ ’ਚ ਵੱਧ ਤੋਂ ਵੱਧ ਸੀਟਾਂ ਨਾ ਮਿਲੀਆਂ ਤਾਂ ਗਾਰੰਟੀ ਸਕੀਮਾਂ ਬੰਦ ਕਰ ਦਿਆਂਗੇ : ਕਾਂਗਰਸ ਵਿਧਾਇਕ

ਏਜੰਸੀ

ਖ਼ਬਰਾਂ, ਰਾਜਨੀਤੀ

ਕਿਹਾ, ਲੋਕ ਫੈਸਲਾ ਕਰਨ ਕਿ ਉਹ ‘ਅਕਸ਼ਤ’ ਚਾਹੁੰਦੇ ਹਨ ਜਾਂ ਪੰਜ ਗਾਰੰਟੀ ਯੋਜਨਾਵਾਂ

Karnataka Congress MLA Calls For Halting Guarantee Schemes If Party Fails To Win

Karnataka Congress MLA: ਕਰਨਾਟਕ ’ਚ ਸੱਤਾਧਾਰੀ ਕਾਂਗਰਸ ਦੇ ਵਿਧਾਇਕ ਐਚ.ਸੀ. ਬਾਲਾਕ੍ਰਿਸ਼ਨ ਨੇ ਲੋਕ ਸਭਾ ਚੋਣਾਂ ’ਚ ਵੱਧ ਤੋਂ ਵੱਧ ਸੀਟਾਂ ਜਿੱਤਣ ’ਚ ਅਸਫਲ ਰਹਿਣ ’ਤੇ ਗਾਰੰਟੀ ਸਕੀਮਾਂ ਬੰਦ ਕਰਨ ਦੀ ਵਕਾਲਤ ਕੀਤੀ ਹੈ।  ਉਨ੍ਹਾਂ ਕਿਹਾ ਕਿ ਜੇਕਰ ਕਾਂਗਰਸ ਨੂੰ ਲੋਕ ਸਭਾ ਚੋਣਾਂ ’ਚ ਵੱਧ ਤੋਂ ਵੱਧ ਸੀਟਾਂ ਨਹੀਂ ਮਿਲਦੀਆਂ ਤਾਂ ਇਹ ਮੰਨ ਲਿਆ ਜਾਵੇਗਾ ਕਿ ਲੋਕਾਂ ਨੇ ਯੋਜਨਾਵਾਂ ਨੂੰ ਰੱਦ ਕਰ ਦਿਤਾ ਹੈ।

ਸੂਬੇ ਦੇ ਮਗਦੀ ਹਲਕੇ ਤੋਂ ਵਿਧਾਇਕ ਬਾਲਕ੍ਰਿਸ਼ਨ ਨੇ ਕਿਹਾ ਕਿ ਉਨ੍ਹਾਂ ਨੇ ਮੁੱਖ ਮੰਤਰੀ ਸਿਧਾਰਮਈਆ ਅਤੇ ਉਪ ਮੁੱਖ ਮੰਤਰੀ ਡੀ.ਕੇ. ਸ਼ਿਵਕੁਮਾਰ ਨਾਲ ਗੱਲ ਕੀਤੀ ਹੈ ਅਤੇ ਕਿਹਾ ਹੈ ਕਿ ਇਹ ਲੋਕਾਂ ਨੂੰ ਫੈਸਲਾ ਕਰਨਾ ਹੈ ਕਿ ਉਹ ‘ਅਕਸ਼ਤ’ ਚਾਹੁੰਦੇ ਹਨ ਜਾਂ ਪੰਜ ਗਾਰੰਟੀ ਯੋਜਨਾਵਾਂ। ਜ਼ਿਕਰਯੋਗ ਹੈ ਕਿ ਅਯੁੱਧਿਆ ’ਚ ਰਾਮ ਮੰਦਰ ਦੀ ਸਥਾਪਨਾ ਸਮਾਰੋਹ ਤੋਂ ਪਹਿਲਾਂ ਕੌਮੀ ਸਵੈਸੇਵਕ ਸੰਘ (ਆਰ.ਐਸ.ਐਸ.)/ਵਿਸ਼ਵ ਹਿੰਦੂ ਪ੍ਰੀਸ਼ਦ (ਵੀ.ਐਚ.ਪੀ.) ਦੇ ਵਰਕਰਾਂ ਅਤੇ ਵਲੰਟੀਅਰਾਂ ਨੇ ਹਲਦੀ ਅਤੇ ਘਿਓ ਦੇ ਨਾਲ ਚੌਲ (ਅਕਸ਼ਤ) ਦੇ ਬੀਜ ਵੰਡੇ ਸਨ।

ਇਸ ਦੌਰਾਨ ਵਿਰੋਧੀ ਧਿਰ ਭਾਰਤੀ ਜਨਤਾ ਪਾਰਟੀ (ਭਾਜਪਾ) ਨੇ ਵਿਧਾਇਕ ਬਾਲਾਕ੍ਰਿਸ਼ਨਨ ਅਤੇ ਕਾਂਗਰਸ ਸਰਕਾਰ ’ਤੇ ਨਿਸ਼ਾਨਾ ਸਾਧਿਆ। ਜਦਕਿ ਉੱਪ ਮੁੱਖ ਮੰਤਰੀ ਸ਼ਿਵਕੁਮਾਰ ਨੇ ਸਪੱਸ਼ਟ ਕੀਤਾ ਕਿ ਕੋਈ ਗਾਰੰਟੀ ਸਕੀਮ ਬੰਦ ਨਹੀਂ ਕੀਤੀ ਜਾਵੇਗੀ ਅਤੇ ਇਹ ਪੰਜ ਸਾਲਾਂ ਤਕ ਜਾਰੀ ਰਹੇਗੀ।

ਬਾਲਾਕ੍ਰਿਸ਼ਨਨ ਨੇ ਕਿਹਾ, ‘‘ਅਸੀਂ ਕੰਮ ਕਰਾਂਗੇ, ਸਾਡੇ ਕੋਲ ਪੰਜ ਸਾਲਾਂ ਲਈ ਸਰਕਾਰ ਹੋਵੇਗੀ। ਮੈਂ ਤੁਹਾਨੂੰ ਇਕ ਗੱਲ ਪੁੱਛਦਾ ਹਾਂ, ਕੀ ਤੁਹਾਡੀ ਵੋਟ ‘ਅਕਸ਼ਤ’ ਲਈ ਹੈ ਜਾਂ ਪੰਜ ਗਰੰਟੀਆਂ ਲਈ?’’ ਅਪਣੇ ਹਲਕੇ ’ਚ ਇਕ ਇਕੱਠ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ, ‘‘ਅਸੀਂ ਸਾਰੇ ਹਿੰਦੂ ਹਾਂ, ਅਸੀਂ ਵੀ ਮੰਦਰ ਦੇ ਨਿਰਮਾਣ ਦਾ ਸਮਰਥਨ ਕਰਦੇ ਹਾਂ, ਪਰ ਸਾਡੀ ਦਲੀਲ ਹੈ ਕਿ ਮੰਦਰ ਦੇ ਨਾਮ ’ਤੇ ਵੋਟਾਂ ਮੰਗਣਾ ਸਹੀ ਨਹੀਂ ਹੈ।’’

ਗਾਰੰਟੀ ਸਕੀਮਾਂ ਦੇ ਫਾਇਦਿਆਂ ਨੂੰ ਸੂਚੀਬੱਧ ਕਰਦੇ ਹੋਏ ਉਨ੍ਹਾਂ ਕਿਹਾ, ‘‘ਇਸ ਸੱਭ ਦੇ ਬਾਵਜੂਦ, ਜੇ ਲੋਕ ਸਾਨੂੰ ਵੋਟ ਨਹੀਂ ਦਿੰਦੇ ਅਤੇ ਸਾਨੂੰ ਰੱਦ ਕਰਦੇ ਹਨ, ਤਾਂ ਅਸੀਂ ਕੀ ਫੈਸਲਾ ਲਵਾਂਗੇ? ਇਨ੍ਹਾਂ ਗਰੰਟੀਆਂ ਦਾ ਕੋਈ ਮੁੱਲ ਨਹੀਂ ਹੈ, ਪਰ ‘ਅਕਸ਼ਤ’ ਦਾ ਮੁੱਲ ਹੈ। ਇਸ ਲਈ ਅਸੀਂ ਗਾਰੰਟੀ ਬੰਦ ਕਰਾਂਗੇ ਅਤੇ ਅਸੀਂ ਮੰਦਰ ਵੀ ਬਣਾਵਾਂਗੇ, ਉੱਥੇ ਪੂਜਾ ਕਰਾਂਗੇ, ਅਕਸ਼ਤ ਦੇਵਾਂਗੇ ਅਤੇ ਵੋਟਾਂ ਲਵਾਂਗੇ।’’

(For more Punjabi news apart from Karnataka Congress MLA Calls For Halting Guarantee Schemes If Party Fails To Win, stay tuned to Rozana Spokesman)