ਪੰਜਾਬੀਆਂ ਦੇ ਸੰਘਰਸ਼ੀ ਜਜ਼ਬੇ ਦੀ ਮਿਸਾਲ ਬਣਿਆ ਦਿੱਲੀ ਦੀਆਂ ਬਰੂਹਾਂ ਤੇ ਮਨਾਇਆ ਨਵਾਂ ਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਉਣ ਵਾਲੀਆਂ ਪੀੜੀਆਂ ਲਈ ਪ੍ਰੇਰਨਾ ਸਰੋਤ ਸਾਬਤ ਹੋਵੇਗਾ ਮੌਜੂਦਾ ਕਿਸਾਨੀ ਸੰਘਰਸ਼

Delhi Dharna

ਚੰਡੀਗੜ੍ਹ : ਖੱਟੀਆਂ-ਮਿਠੀਆਂ ਯਾਦਾਂ ਛੱਡਦਾ ਸਾਲ 2020 ਬੀਤੇ ਦੀ ਗੱਲ ਬਣ ਚੁਕਾ ਹੈ ਅਤੇ ਨਵੇਂ ਵਰ੍ਹੇ 2021 ਨੇ ਸਭ ਨੂੰ ਖੁਸ਼ਆਮਦੀਦ ਕਹਿੰਦਿਆਂ ਆਪਣੇ ਕਲਾਵੇ ਵਿਚ ਲੈ ਲਿਆ ਹੈ। ਨਵੇਂ ਵਰ੍ਹੇ ਦੀ ਆਮਦ ਵੈਸੇ ਤਾਂ ਹਰ ਵਾਰ ਖਿੱਚ ਦਾ ਕੇਂਦਰ ਹੁੰਦੀ ਹੈ, ਪਰ ਇਸ ਵਾਰ ਕਿਸਾਨਾਂ ਦੇ ਚੱਲ ਰਹੇ ਧਰਨੇ ਨੇ ਇਸ ਨੂੰ ਵਿਲੱਖਣ ਦਿੱਖ ਪ੍ਰਦਾਨ ਕੀਤੀ ਹੈ। ਇਹ ਪਹਿਲਾਂ ਮੌਕਾ ਹੈ ਜਦੋਂ ਲੱਖਾਂ ਦੀ ਗਿਣਤੀ ਵਿਚ ਲੋਕ ਸੜਕਾਂ ਕਿਨਾਰੇ ਨਵੇਂ ਸਾਲ ਨੂੰ ਜੀ ਆਇਆ ਕਹਿਣ ਦੇ ਨਾਲ-ਨਾਲ ਆਪਣੇ ਚੰਗੇਰੇ ਭਵਿੱਖ ਲਈ ਹੱਕਾਂ ਦੀ ਲੜਾਈ ਨੂੰ ਅਮਲੀ ਜਾਮਾ ਪਹਿਨਾਉਣ ਵਿਚ ਯੋਗਦਾਨ ਪਾ ਰਹੇ ਹਨ।

ਬੀਤੇ ਵਰ੍ਹੇਂ 2020 ਨੂੰ ਕਿਸਾਨੀ ਸੰਘਰਸ਼ ਦੇ ਨਾਲ-ਨਾਲ ਕੋਰੋਨਾ ਵਾਇਰਸ ਦੇ ਪ੍ਰਕੋਪ ਲਈ ਵੀ ਯਾਦ ਕੀਤਾ ਜਾਂਦਾ ਰਹੇਗਾ। ਕਰੋਨਾ ਕਾਲ ਦੇ ਕੌੜੇ ਤਜਰਬਿਆਂ ਦੀ ਚੀਸ ਲੰਮੇ ਸਮੇਂ ਤਕ ਲੋਕਾਈ ਨੂੰ ਪ੍ਰੇਸ਼ਾਨ ਕਰਦੀ ਰਹੇਗੀ, ਕਿਉਂਕਿ ਇਸ ਨੇ ਜਿੱਥੇ ਲੋਕਾਂ ਨੂੰ ਮਾਨਸਿਕ ਤੌਰ ‘ਤੇ ਤੋੜਿਆ ਹੈ ਉਥੇ ਹੀ ਕਾਰੋਬਾਰੀ ਅਤੇ ਮਾਇਕੀ ਤੌਰ ‘ਤੇ ਵੀ ਵੱਡੀ ਸੱਟ ਮਾਰੀ ਹੈ।

ਲੱਖਾਂ ਲੋਕ ਬੇਰੁਜ਼ਗਾਰੀ ਦੀ ਮਾਰ ਹੇਠ ਆ ਗਏ ਹਨ ਅਤੇ ਵੱਡੀ ਗਿਣਤੀ ਲੋਕ ਮਾਲਕ ਤੋਂ ਨੌਕਰ ਬਣਨ ਲਈ ਮਜਬੂਰ ਹਨ। ਹਾਲਤ ਇਹ ਹੈ ਕਿ ਜ਼ਿਆਦਾਤਰ ਨੂੰ ਸਮਰੱਥਾ ਅਤੇ ਪ੍ਰਤਿਭਾ ਦੇ ਹਿਸਾਬ ਨਾਲ ਮਿਹਨਤਾਨਾ ਵੀ ਨਹੀਂ ਮਿਲ ਰਿਹਾ। ਉਪਰੋਂ ਸਮੇਂ ਦੀਆਂ ਸਰਕਾਰ ਲੋਕਾਈ ਦਾ ਸਹਾਰਾ ਬਣਨ ਦੀ ਥਾਂ ਆਪਣੇ ਸਿਆਸੀ ਅਤੇ ਕਾਰਪੋਰੇਟੀ ਸਵਾਰਥ ਸਾਧਨ ਦੀ ਮਾਨਸਿਕਤਾ ਤਹਿਤ ਨਵੇਂ ਨਵੇਂ ਫੈਸਲੇ ਲੈਣ ‘ਚ ਮਸ਼ਰੂਫ ਹਨ।

ਖੇਤੀ ਕਾਨੂੰਨਾਂ ਤੋਂ ਇਲਾਵਾ ਮਜਦੂਰਾਂ ਦੇ ਹਿਤਾਂ ਅਤੇ ਬਿਜਲੀ ਬਾਰੇ ਲਏ ਗਏ ਨਵੇਂ ਫੈਸਲੇ ਇਸੇ ਮਾਨਸਿਕਤਾ ਦੀ ਪੈਦਾਇਸ਼ ਹਨ। ਪਰ ਕਾਰਪੋਰੇਟਾਂ ਦੀ ਸ਼ਹਿ ‘ਤੇ ਖੇਤੀ ਕਾਨੂੰਨ ਬਣਾ ਕੇ ਸਰਕਾਰ ਨੇ ਪੁਠਾ ਪੰਗਾ ਲੈ ਲਿਆ ਹੈ, ਜਿਸ ਦਾ ਖਮਿਆਜ਼ਾ ਸਰਕਾਰ ਨੂੰ ਕਿਸਾਨਾਂ ਦੀ ਮੁਖਾਲਫਤ ਦੇ ਰੂਪ ਵਿਚ ਭੁਗਤਣਾ ਪੈ ਰਿਹਾ ਹੈ। ਅਖੋਤੀ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕਿਸਾਨ ਕੜਾਕੇ ਦੀ ਠੰਡ 'ਚ ਵੀ ਦਿੱਲੀ ਦੀਆਂ ਬਰੂਹਾਂ 'ਤੇ ਡਟੇ ਹੋਏ ਹਨ।

ਇਸ ਦੌਰਾਨ ਕਿਸਾਨੀ ਅੰਦੋਲਨ ਨੂੰ ਵੱਖ-ਵੱਖ ਵਰਗਾਂ ਦਾ ਸਹਿਯੋਗ ਵੀ ਮਿਲ ਰਿਹਾ ਹੈ। ਕਿਸਾਨਾਂ ਦਾ ਸਮਰਥਨ ਕਰਨ ਲਈ ਜਿੱਥੇ ਆਮ ਲੋਕ ਸ਼ਿਰਕਤ ਕਰ ਰਹੇ ਹਨ, ਉਥੇ ਹੀ ਪੰਜਾਬੀ ਗਾਇਕ ਤੇ ਅਦਾਕਾਰ ਵੀ ਪਹੁੰਚ ਰਹੇ ਹਨ। ਨਵੇਂ ਸਾਲ ਦੀ ਸ਼ੁਰੂਆਤ ਇਸ ਵਾਰ ਪੰਜਾਬੀ ਕਲਾਕਾਰਾਂ ਨੇ ਕਿਸਾਨਾਂ ਨਾਲ ਮਨਾਉਣ ਦਾ ਫ਼ੈਸਲਾ ਕੀਤਾ।  ਵੱਡੀ ਗਿਣਤੀ ਪੰਜਾਬੀ ਕਲਾਕਾਰ ਦਿੱਲੀ ਅੰਦੋਲਨ ’ਚ ਪਹੁੰਚੇ, ਜਿਥੇ ਉਨ੍ਹਾਂ ਨੇ ਕਿਸਾਨਾਂ ਨਾਲ ਨਵੇਂ ਸਾਲ ਦਾ ਆਗਾਜ਼ ਕੀਤਾ।

ਦੱਸਣਯੋਗ ਹੈ ਕਿ ਪੰਜਾਬੀ ਗਾਇਕ ਕੰਵਰ ਗਰੇਵਾਲ, ਗਲਵ ਵੜੈਚ, ਹਰਫ ਚੀਮਾ, ਦੀਪ ਸਿੱਧੂ ਅਤੇ ਅਦਾਕਾਰਾ ਸੋਨੀਆ ਮਾਨ ਸ਼ੁਰੂ ਤੋਂ ਹੀ ਕਿਸਾਨ ਅੰਦੋਲਨ ਦਾ ਹਿੱਸਾ ਰਹੇ ਹਨ। ਇਹ ਅਜਿਹੇ ਕਲਾਕਾਰ ਹਨ, ਜੋ ਪਹਿਲੇ ਦਿਨ ਤੋਂ ਦਿੱਲੀ ਅੰਦੋਲਨ ’ਚ ਕਿਸਾਨਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜੇ ਹਨ। ਇਨ੍ਹਾਂ ਤੋਂ ਇਲਾਵਾ ਪੰਜਾਬੀ ਫ਼ਿਲਮ ਇੰਡਸਟਰੀ ਦੇ ਪ੍ਰਸਿੱਧ ਅਦਾਕਾਰ ਮਲਕੀਤ ਰੌਣੀ, ਜੈਜ਼ੀ ਬੀ, ਜਸਬੀਰ ਜੱਸੀ ਅਤੇ ਇਹਾਨਾ ਢਿੱਲੋਂ ਨੇ ਕਿਸਾਨੀ ਅੰਦੋਲਨ ’ਚ ਪਹੁੰਚ ਕੇ ਕਿਸਾਨਾਂ ਨਾਲ ਨਵਾਂ ਸਾਲ ਮਨਾਇਆ ਹੈ।

ਨਵੇਂ ਸਾਲ ਨੂੰ ਖੁਸ਼ਆਮਦੀਦ ਕਹਿਣ ਦੀ ਇਹ ਅਨੌਖੀ ਮਿਸਾਲ ਹੈ ਜੋ ਪੰਜਾਬੀਆਂ ਦੇ ਸੰਘਰਸ਼ੀ ਅਤੇ ਹੱਕਾਂ ਲਈ ਲੜਣ ਦੇ ਜਜ਼ਬੇ ਦੀ ਗਵਾਈ ਭਰਦੀ ਹੈ। ਦਿੱਲੀ ਦੀਆਂ ਬਰੂਹਾਂ ‘ਤੇ ਮਨਾਏ ਗਏ ਨਵੇਂ ਸਾਲ ਦੇ ਇਹ ਪਲ ਇਤਿਹਾਸ ਦੇ ਪੰਨਿਆਂ ਤੇ ਦਰਜ ਹੋ ਚੁਕੇ ਹਨ, ਜਿਨ੍ਹਾਂ ਤੋਂ ਆਉਂਦੀਆਂ ਪੀੜ੍ਹੀਆਂ ਸੇਧ ਲੈਂਦੀਆਂ ਰਹਿਣਗੀਆਂ। ਜਿਵੇਂ ਪੱਗੜੀ ਸੰਭਾਲ ਜੱਟਾਂ ਲਹਿਰ ਨੂੰ ਕਿਸਾਨਾਂ ਦੇ ਮਾਨ-ਸਨਮਾਨ ਵਜੋਂ ਯਾਦ ਕੀਤਾ ਜਾਂਦਾ ਹੈ, ਉਸੇ ਤਰ੍ਹਾਂ ਮੌਜੂਦਾ ਕਿਸਾਨੀ ਸੰਘਰਸ਼ ਨੂੰ ਵੀ ਕਿਸਾਨਾਂ ਦੀ ਵੱਡੀ ਉਪਲਬਧੀ ਵਜੋਂ ਹਮੇਸ਼ਾ ਸਤਿਕਾਰਿਆ ਜਾਂਦਾ ਰਹੇਗਾ।