ਦਿੱਲੀ ਵਾਲਾ 'ਖੋਖਲਾ ਮਾਡਲ' ਪੰਜਾਬ 'ਚ ਕਦੇ ਕਾਮਯਾਬ ਨਹੀਂ ਹੋਵੇਗਾ: ਅਲਕਾ ਲਾਂਬਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਮਹਿੰਗਾਈ ਨੂੰ ਲੈ ਕੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ।

Alka Lamba

ਚੰਡੀਗੜ੍ਹ (ਅਮਨਪ੍ਰੀਤ ਕੌਰ): ਅਰਵਿੰਦ ਕੇਜਰੀਵਾਲ ’ਤੇ ਹਮਲਾ ਬੋਲਦਿਆਂ ਕਾਂਗਰਸ ਆਗੂ ਅਲਕਾ ਲਾਂਬਾ ਨੇ ਕਿਹਾ ਕਿ ਉਹ ਪੰਜਾਬ ਦੀਆਂ 18 ਸਾਲ ਤੋਂ ਵੱਧ ਉਮਰ ਦੀਆਂ ਧੀਆਂ ਨੂੰ 1000 ਰੁਪਏ ਦੇਣ ਦਾ ਲਾਲਚ ਦੇ ਰਹੇ ਹਨ ਪਰ ਸਾਡੀਆਂ ਧੀਆਂ ਪੜ੍ਹ ਲਿਖ ਚੁੱਕੀਆਂ ਹਨ, ਉਹ ਉਹਨਾਂ ਦੇ ਝਾਂਸੇ ਵਿਚ ਨਹੀਂ ਆਉਣਗੀਆਂ। ਸਾਡੀਆਂ ਧੀਆਂ ਪੈਸੇ ਨਹੀਂ ਸਗੋਂ ਨੌਕਰੀਆਂ ਦੀ ਮੰਗ ਕਰਨਗੀਆਂ, ਜੋ ਚੰਨੀ ਸਰਕਾਰ ਦੇ ਰਹੀ ਹੈ। ਉਹਨਾਂ ਕਿਹਾ ਕਿ ਦਿੱਲੀ ਵਾਲਾ 'ਖੋਖਲਾ ਮਾਡਲ' ਪੰਜਾਬ 'ਚ ਕਦੇ ਕਾਮਯਾਬ ਨਹੀਂ ਹੋਵੇਗਾ।

Alka Lamba

ਸਿਆਸੀ ਪਾਰਟੀਆਂ ਵਲੋਂ ਕੀਤੇ ਜਾ ਰਹੇ ਮੁਫ਼ਤ ਐਲਾਨਾਂ ਬਾਰੇ ਉਹਨਾਂ ਕਿਹਾ ਕਿ ਵਿਦਿਆਰਥੀਆਂ ਲਈ ਕੀਤੇ ਜਾ ਰਹੇ ਮੁਫ਼ਤ ਐਲਾਨ ਬਿਲਕੁਲ ਸਹੀ ਹਨ ਕਿਉਂਕਿ ਉਹ ਦੇਸ਼ ਦਾ ਭਵਿੱਖ ਹਨ ਅਤੇ ਫਿਲਹਾਲ ਉਹ ਕਮਾਈ ਨਹੀਂ ਕਰ ਸਕਦੇ। ਮਹਿੰਗਾਈ ਨੂੰ ਲੈ ਕੇ ਕਾਂਗਰਸ ਆਗੂ ਅਲਕਾ ਲਾਂਬਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਭਾਜਪਾ ਨੂੰ ਨਿਸ਼ਾਨੇ ’ਤੇ ਲਿਆ ਹੈ। ਨਵੇਂ ਸਾਲ ਦੇ ਪਹਿਲੇ ਦਿਨ ਹੀ ਜੀਐਸਟੀ ਦਰਾਂ ਵਿਚ ਵਾਧੇ ਦੇ ਚਲਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਨਵੇਂ ਸਾਲ ਵੀ ਮੋਦੀ ਸਰਕਾਰ ਲੋਕਾਂ ਦੀ ਜੇਬ ਕਤਰਨ ਆਈ ਹੈ।

GST

ਉਹਨਾਂ ਕਿਹਾ ਕਿ ਖਾਣ-ਪੀਣ ਵਾਲੀਆਂ ਵਸਤਾਂ ਤੋਂ ਲੈ ਕੇ ਬੱਚਿਆਂ ਦੀ ਪੜ੍ਹਾਈ ਦੀਆਂ ਵਸਤਾਂ ਆਦਿ ਸਭ ਕੁੱਝ ਮਹਿੰਗਾ ਕਰ ਦਿੱਤਾ ਗਿਆ ਹੈ, ਜਿਸ ਕਾਰਨ ਗਰੀਬ ਦਾ ਗੁਜ਼ਾਰਾ ਬਹੁਤ ਮੁਸ਼ਕਿਲ ਨਾਲ ਹੋ ਰਿਹਾ ਹੈ। ਅਲਕਾ ਲਾਂਬਾ ਨੇ ਕਿਹਾ ਨਵੇਂ ਸਾਲ ਵਾਲੇ ਦਿਨ ਵੀ ਕਾਂਗਰਸ ਪਾਰਟੀ ਕੇਂਦਰ ਸਰਕਾਰ ’ਤੇ ਮਹਿੰਗਾਈ ਘੱਟ ਕਰਨ ਲਈ ਦਬਾਅ ਬਣਾ ਰਹੀ ਹੈ। ਪਾਰਟੀ ਛੱਡ ਕੇ ਜਾ ਰਹੇ ਆਗੂਆਂ ਬਾਰੇ ਗੱਲ ਕਰਦਿਆਂ ਕਾਂਗਰਸ ਆਗੂ ਨੇ ਕਿਹਾ ਕਿ ਇਹ ਰਾਜਨੀਤੀ ਹੈ, ਇਸ ਵਿਚ ਸਿਆਸੀ ਆਗੂ ਪਾਰਟੀਆਂ ਛੱਡਦੇ ਰਹਿੰਦੇ ਹਨ ਪਰ ਆਖਰੀ ਫੈਸਲਾ ਜਨਤਾ ਹੀ ਕਰੇਗੀ।  ਜਨਤਾ ਅਪਣੇ ਨੁਮਾਇੰਦਿਆਂ ਨੂੰ ਚੰਗੀ ਤਰ੍ਹਾਂ ਜਾਣਦੀ ਹੈ।

PM modi

ਨਵਜੋਤ ਸਿੱਧੂ ਅਤੇ ਮੁੱਖ ਮੰਤਰੀ ਚੰਨੀ ਬਾਰੇ ਗੱਲ਼ ਕਰਦਿਆਂ ਉਹਨਾ ਕਿਹਾ ਕਿ ਦੋ ਲੋਕਾਂ ਦੇ ਵਿਚਾਰ ਵੱਖ ਹੋ ਸਕਦੇ ਹਨ ਅਤੇ ਉਹਨਾਂ ਦੀ ਵੱਖਰੀ ਸੋਚ ਹੁੰਦੀ ਹੈ। ਅਸੀਂ ਭਾਗਾਂਵਾਲੇ ਹਾਂ ਕਿ ਸਾਡੇ ਕੋਲ ਕਾਂਗਰਸ ਵਿਚ ਬਹੁਤ ਹੁਸ਼ਿਆਰ ਆਗੂ ਹਨ। ਕਾਂਗਰਸ ਪਾਰਟੀ ਇਕ ਹੈ ਅਤੇ ਇਹ ਇਕ ਹੀ ਰਹੇਗੀ। ਪੰਜਾਬ ਦੇ ਲੋਕ ਇਕ ਵਾਰ ਫਿਰ ਕਾਂਗਰਸ ਸਰਕਾਰ ਦੇਖਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਬਾਰੇ ਗੱਲ ਕਰਦਿਆਂ ਅਲਕਾ ਲਾਂਬਾ ਨੇ ਕਿਹਾ ਕਿ ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਪੰਜਾਬ ਆ ਰਿਹਾ ਹੈ ਤਾਂ ਜਨਤਾ ਨੂੰ ਅਪਣੀ ਗੱਲ ਰੱਖਣ ਦਾ ਹੱਕ ਹੈ। ਉਹਨਾਂ ਕਿਹਾ ਕਿ ਮਹਿੰਗਾਈ ਦੇ ਮੁੱਦੇ ’ਤੇ ਕਾਂਗਰਸ ਲਗਾਤਾਰ ਕੇਂਦਰ ਸਰਕਾਰ ਦਾ ਵਿਰੋਧ ਕਰਦੀ ਰਹੇਗੀ।