ਪੰਜਾਬ ਮੁੱਖ ਮੰਤਰੀ ਵਲੋਂ ਇੰਡਸ ਰਿਵਰ ਡੋਲਫਿਨ ਨੂੰ ਸੂਬਾਈ ਜਲ ਜੀਵ ਐਲਾਨਣ ਲਈ ਸਹਿਮਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿੱਚ ਕਾਲੀ ਬੇਈਂ ਨੂੰ ਜੰਗਲੀ ਜੀਵ ਸੰਭਾਲ ਰੱਖ ਲਈ ਵੀ ਪ੍ਰਵਾਨਗੀ

DECLARATION OF INDUS RIVER DOLPHIN AS STATE AQUATIC ANIMAL

ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਪਤ ਹੋਣ ਦੀ ਕਾਗਾਰ 'ਤੇ ਪਹੁੰਚੀ ਬਿਆਸ ਦਰਿਆ 'ਚ ਪਾਈ ਗਈ ਇੰਡਸ ਰਿਵਰ ਡੋਲਫਿਨ ਨੂੰ ਪੰਜਾਬ ਰਾਜ ਜਲ ਜੀਵ ਐਲਾਨਣ ਦੀ ਪ੍ਰਵਾਨਗੀ ਦੇ ਦਿਤੀ ਹੈ। ਜੰਗਲੀ ਜੀਵ ਬਾਰੇ ਸੂਬਾਈ ਬੋਰਡ ਦੀ ਦੂਜੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਇੰਡਸ ਡੋਲਫਿਨ ਇਕ ਦੁਰਲਭ ਪਾਣੀ ਜੀਵ ਹੈ ਜੋ ਬਿਆਸ ਦਰਿਆ ਦੀ ਵਾਤਾਵਰਨ ਪ੍ਰਣਾਲੀ ਦੀ ਸੰਭਾਲ ਲਈ ਇਕ ਉਪ-ਜਾਤੀ ਹੋਵੇਗੀ। 

ਮੁੱਖ ਮੰਤਰੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਇਤਿਹਾਸਕ 550ਵੇਂ ਪ੍ਰਕਾਸ਼ ਪੁਰਬ ਦੇ ਸੰਦਰਭ ਵਿਚ ਸੇਮ ਵਾਲੇ ਇਲਾਕੇ ਕਾਂਜਲੀ ਅਤੇ ਪੱਵਿਤਰ ਕਾਲੀ ਬੇਈਂ ਨੂੰ ਜੰਗਲੀ ਜੀਵਾਂ ਦੀ ਸੰਭਾਲ ਲਈ ਰੱਖ ਵੱਜੋਂ ਐਲਾਨਣ ਲਈ ਵੀ ਪ੍ਰਵਾਨਗੀ ਦੇ ਦਿਤੀ ਹੈ। ਇਹ ਪਵਿੱਤਰ ਕਾਲੀ ਬੇਈਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ ਨਾਲ ਸਬੰਧਤ ਹੈ ਜਿਨ੍ਹਾਂ ਨੂੰ ਇਸ ਪਵਿੱਤਰ ਬੇਈਂ ਵਿਚ ਗਿਆਨ ਹਾਸਲ ਹੋਇਆ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਖੇਤਰ ਨੂੰ ਰੱਖ ਐਲਾਨਣ ਦੇ ਨਾਲ ਇਸ ਖਿੱਤੇ ਵਿਚ ਪਰਿਆਵਰਣ ਦੇ ਸੰਤੁਲਣ ਨੂੰ ਬਣਾਈ ਰੱਖਣ ਵਿੱਚ ਯੋਗਦਾਨ ਮਿਲਣ ਦੇ ਨਾਲ-ਨਾਲ ਨਦੀ ਦੀ ਸਫਾਈ ਵੀ ਹੋਵੇਗੀ ਜੋ ਸਮੇਂ ਦੇ ਬੀਤਣ ਨਾਲ ਦੂਸ਼ਿਤ ਹੋ ਗਈ ਹੈ। ਬਿਆਸ ਦਰਿਆ ਵਿੱਚ ਬੇਨਿਯਮੇਂ ਪਾਣੀ ਦੇ ਵਹਾਅ 'ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ 5000 ਤੋਂ 6000 ਕਿਉਸਿਕ ਪਾਣੀ ਦਾ ਘੱਟੋ-ਘੱਟ ਵਹਾਅ ਯਕੀਨੀ ਬਣਾਉਣ ਲਈ ਜਲ ਸ੍ਰੋਤ ਵਿਭਾਗ ਨੂੰ ਨਿਰਦੇਸ਼ ਜਾਰੀ ਕੀਤੇ ਹਨ।

ਉਨ੍ਹਾਂ ਨੇ ਪਾਣੀ ਦੀ ਧਾਰਾ ਦੀ ਲਗਾਤਾਰਤਾ ਨੂੰ ਬਣਾਈ ਰੱਖਣ ਅਤੇ ਜੰਗਲੀ ਜੀਵਾਂ ਨੂੰ ਦਰਪੇਸ਼ ਖਤਰਿਆਂ ਨੂੰ ਖਤਮ ਕਰਨ ਲਈ ਵੀ ਹੁਕਮ ਜਾਰੀ ਕੀਤੇ ਹਨ। ਕੈਪਟਨ ਅਮਰਿੰਦਰ ਸਿੰਘ ਨੇ ਬਿਆਸ ਦਰਿਆ ਦੀ ਇਤਿਹਾਸਕ, ਸੱਭਿਆਚਾਰ, ਸਾਮਾਜਿਕ ਅਤੇ ਧਾਰਮਿਕ ਮਹਤੱਤਾ ਦੇ ਮੱਦੇਨਜ਼ਰ ਇਸ ਨੂੰ ਵਿਰਾਸਤੀ ਦਰਿਆ ਐਲਾਨਣ ਦੀ ਪ੍ਰਕਿਰਿਆ ਤੁਰੰਤ ਸ਼ੁਰੂ ਕਰਨ ਲਈ ਵੀ ਮੁੱਖ ਜੰਗਲੀ ਜੀਵ ਵਾਰਡਨ ਨੂੰ ਨਿਰਦੇਸ਼ ਦਿਤੇ ਹਨ। 

ਬਿਆਸ ਦਰਿਆ ਵਿੱਚ ਘੜਿਆਲ ਛੱਡੇ ਜਾਣ ਸਬੰਧੀ ਪ੍ਰਾਜੈਕਟ ਦੀ ਪ੍ਰਸ਼ੰਸਾ ਕਰਦਿਆਂ ਮੁੱਖ ਮੰਤਰੀ ਨੇ ਹਰੀਕੇ ਵਿਖੇ ਕੱਛੂਕੰਮਾ ਹੈਚਰੀ ਸਥਾਪਤ ਕਰਨ ਦੀ ਪ੍ਰਵਾਨਗੀ ਦੇਣ ਤੋਂ ਇਲਾਵਾ ਬਿਆਸ ਦਰਿਆ ਵਿੱਚ ਹੋਰ ਘੜਿਆਲ ਛੱਡੇ ਜਾਣ ਨੂੰ ਵੀ ਪ੍ਰਵਾਨਗੀ ਦੇ ਦਿਤੀ ਹੈ ਤਾਂ ਜੋ ਇਨ੍ਹਾਂ ਉੱਚ ਦੁਰਲਭ ਜਾਤੀਆਂ ਦੀ ਸੰਭਾਲ ਨੂੰ ਯਕੀਨੀ ਬਣਾਇਆ ਜਾ ਸਕੇ। 

ਸ਼ਿਵਾਲਕ ਅਤੇ ਇਸ ਦੇ ਆਲੇ-ਦੁਆਲੇ ਸੇਮ ਵਾਲੇ ਖੇਤਰਾਂ ਵਿੱਚ ਈਕੋ-ਟੂਰੀਜ਼ਮ ਨੂੰ ਵਿਕਸਿਤ ਕਰਨ ਦੀ ਜ਼ਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਇਸ ਖੇਤਰ ਵਿਚ ਨਿੱਜੀ ਤੌਰ 'ਤੇ ਕੰਮ ਕਰਨ ਵਾਲੀਆਂ ਪ੍ਰਮੁੱਖ ਹਸਤੀਆਂ ਦੇ ਨਾਲ ਤਾਲਮੇਲ ਰਾਹੀਂ ਕਰਨਾਟਕਾ ਮਾਡਲ ਦੇ ਜੰਗਲ ਲਾਅਜ਼ ਲਾਗੂ ਕਰਨ ਲਈ ਜੰਗਲੀ ਜੀਵ ਵਿਭਾਗ ਨੂੰ ਆਖਿਆ ਹੈ। ਉਨ੍ਹਾਂ ਨੇ ਪ੍ਰਿੰਸੀਪਲ ਚੀਫ ਜੰਗਲੀ ਜੀਵ ਵਾਰਡਨ ਅਤੇ ਡਾਇਰੈਕਟਰ ਸੈਰ-ਸਪਾਟਾ ਤੇ ਐਮ ਡੀ ਪੰਜਾਬ ਰਾਜ ਜੰਗਲਾਤ ਕਾਰਪੋਰੇਸ਼ਨ 'ਤੇ ਆਧਾਰਿਤ ਇਕ ਕਮੇਟੀ ਦਾ ਵੀ ਗਠਨ ਕੀਤਾ ਹੈ

ਜੋ ਸੱਮੁਚੇ ਮਾਮਲਿਆਂ ਦਾ ਜਾਇਜ਼ਾ ਲਵੇਗੀ ਅਤੇ 30 ਦਿਨਾਂ ਦੇ ਵਿਚ ਅਪਣੀ ਰਿਪੋਰਟ ਪੇਸ਼ ਕਰੇਗੀ। ਸ਼ਾਲਾ ਪੱਤਣ ਵੈਟਲੈਂਡ ਗੁਰਦਾਸਪੁਰ ਦੀ ਸੰਭਾਲ ਲਈ ਉੱਘੀ ਵਾਤਾਵਰਣ ਮਾਹਿਰ ਰੀਮਾ ਢਿਲੋਂ ਵਲੋਂ ਪ੍ਰਗਟਾਈ ਗਈ ਚਿੰਤਾ ਦੇ ਸੰਦਰਭ ਵਿਚ ਮੁੱਖ ਮੰਤਰੀ ਨੇ ਸੂਬੇ ਦੇ ਜੰਗਲੀ ਜੀਵ ਵਿਭਾਗ ਅਤੇ ਵਾਈਲਡ ਲਾਈਫ ਇੰਸਟੀਚਿਉਟ ਆਫ ਇੰਡੀਆ ਦੇਹਰਾਦੂਨ ਨੂੰ ਮਿਲ ਕੇ ਇਕ ਕਾਰਜ ਯੋਜਨਾ ਤਿਆਰ ਕਰਨ ਲਈ ਆਖਿਆ ਹੈ। 

ਜੰਗਲੀ ਸੂਰਾਂ ਦੀ ਵੱਧ ਰਹੀ ਗਿਣਤੀ 'ਤੇ ਗੰਭੀਰ ਨੋਟਿਸ ਲੈਂਦਿਆਂ ਮੁੱਖ ਮੰਤਰੀ ਨੇ ਸੂਬੇ ਵਿਚ ਜੰਗਰੀ ਸੂਰਾਂ ਦੀ ਗਿਣਤੀ ਲਈ ਵਿਸ਼ੇਸ਼ ਗਣਨਾ ਕਰਾਉਣ ਲਈ ਜੰਗਲੀ ਜੀਵ ਵਿਭਾਗ ਨੂੰ ਆਖਿਆ ਹੈ। ਜਿਨ੍ਹਾਂ ਖੇਤਰਾਂ ਵਿਚ ਜੰਗਲੀ ਸੂਰ ਕਿਸਾਨਾਂ ਲਈ ਸਮਸਿਆ ਪੈਦਾ ਕਰਦੇ ਹਨ ਅਤੇ ਇਨ੍ਹਾਂ ਦੇ ਸ਼ਿਕਾਰ ਲਈ ਆਨਲਾਈਨ ਪਰਮਿਟ ਦੇਣ ਵਾਸਤੇ ਮੋਬਾਈਲ ਐਪ ਵੀ ਸ਼ੁਰੂ ਕੀਤੀ ਗਈ ਹੈ। ਮੁੱਖ ਮੰਤਰੀ ਨੇ ਵੈਟਨਰੀ ਦੀ ਵਰਤੋਂ ਲਈ ਐਕਲੋਫਿਨਕ ਡਰੱਗ 'ਤੇ ਪਾਬੰਦੀ ਬਾਰੇ ਅਪਣੀ ਸਰਕਾਰ ਦੇ ਫੈਸਲੇ ਦਾ ਵੀ ਐਨਾਨ ਕੀਤਾ ਤਾਂ ਜੋ ਗਿਰਝਾਂ ਦੀ ਸੰਭਾਲ ਕੀਤੀ ਜਾ ਸਕੇ।

ਉਨ੍ਹਾਂ ਨੇ ਇਹ ਮੁੱਦਾ ਭਾਰਤ ਸਰਕਾਰ ਕੋਲ ਉਠਾਉਣ ਕੋਲ ਵੀ ਡਾਇਰੈਕਟਰ ਪਸ਼ੂ ਪਾਲਣ ਵਿਭਾਗ ਨੂੰ ਆਖਿਆ। ਜੰਗਲੀ ਜੀਵ ਅਤੇ ਪਰਿਆਵਰਣ ਦੀ ਸੰਭਾਲ ਲਈ ਵਿਦਿਆਰਥੀਆਂ ਵਿਚ ਜਾਗਰੂਕਤਾ ਪੈਦਾ ਕਰਨ ਦੀ ਜਰੂਰਤ 'ਤੇ ਜ਼ੋਰ ਦਿੰਦੇ ਹੋਏ ਮੁੱਖ ਮੰਤਰੀ ਨੇ ਜੰਗਲੀ ਜੀਵਾਂ ਬਾਰੇ ਵਿਸ਼ਾ ਪਾਠਕ੍ਰਮ ਵਿਚ ਸ਼ਾਮਲ ਕਰਨ ਲਈ ਸਕੂਲ ਸਿੱਖਿਆ ਵਿਭਾਗ ਨੂੰ ਆਖਿਆ ਹੈ। ਉਨ੍ਹਾਂ ਨੇ ਚਿੜੀਆ ਘਰਾਂ ਅਤੇ ਹੋਰ ਜੰਗਲੀ ਜੀਵਾਂ ਨਾਲ ਸਬੰਧਤ ਸੈਂਚਰੀਆਂ ਵਿਚ ਜਾਣ ਵਾਲੇ ਵਿਦਿਆਰਥੀਆਂ ਨੂੰ ਫੰਡ ਦੇਣ ਲਈ ਢੰਗ-ਤਰੀਕਾ ਲੱਭਣ ਲਈ ਵੀ ਵਿੱਤ ਵਿਭਾਗ ਨੂੰ ਆਖਿਆ ਹੈ। 

ਸੂਬੇ ਵਿੱਚ ਅਵਾਰਾ ਕੁੱਤਿਆ ਦੀ ਸਮੱਸਿਆ 'ਤੇ ਡੂੰਘੀ ਚਿੰਤਾ ਪ੍ਰਗਟ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਹ ਹੁਣ ਲੋਕਾਂ ਦੀ ਸੁਰੱਖਿਆ ਨੂੰ ਗੰਭੀਰ ਚੁਣੌਤੀ ਦੇਣ ਲੱਗ ਪਏ ਹਨ। ਇਸ ਸਮੱਸਿਆ ਨੂੰ ਪਹਿਲ ਦੇ ਆਧਾਰ 'ਤੇ ਹਲ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਜੰਗਲੀ ਜੀਵ ਵਿਭਾਗ ਨੂੰ ਪਸ਼ੂ ਪਾਲਨ ਵਿਭਾਗ ਨਾਲ ਮਿਲ ਕੇ ਰੂਪ ਰੇਖਾ ਤਿਆਰ ਕਰਨ ਲਈ ਆਖਿਆ ਹੈ ਤਾਂ ਜੋ ਅਵਾਰਾ ਪਸ਼ੁਆਂ ਨੂੰ ਉਨ੍ਹਾਂ ਬੀੜਾਂ ਵਿਚ ਤਬਦੀਲ ਕੀਤਾ ਜਾ ਸਕੇ ਜੋ ਜੰਗਲੀ ਜੀਵ ਸੈਂਚਰੀਆਂ ਨਹੀ ਹਨ। 

ਮੁੱਖ ਮਤੰਰੀ ਨੇ ਜੰਗਲੀ ਜੀਵ ਅਤੇ ਵੈਟਲੈਂਡ ਤੇ ਜੰਗਲਾਤ ਤੇ ਬੀੜ ਮੋਤੀ ਬਾਗ ਵਾਈਲਡ ਲਾਈਫ ਸੈਂਚਰੀ ਦੀ ਬਹਾਲੀ ਲਈ ਵੱਖਰਾ ਡਾਇਰੈਕਟੋਰੇਟ ਗਠਿਤ ਕਰਨ ਨਾਲ ਸਬੰਧਤ ਕੁੱਝ ਮੁੱਦਿਆ ਦਾ ਜਾਇਜ਼ਾ ਲੈਣ ਲਈ ਮੇਜਰ ਏ.ਪੀ.ਸਿੰਘ, ਹਰਦਿੱਤ ਸਿੰਘ ਸਿੱਧੂ, ਕਰਨਲ ਪੀ.ਐਸ ਗਰੇਵਾਲ ਅਤੇ ਜਸਕਰਨ ਸਿੰਘ ਸਣੇ ਜੰਗਲੀ ਜੀਵ ਸੂਬਾਈ ਬੋਰਡ ਦੇ ਉੱਘੇ ਮੈਂਬਰਾਂ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀਆਂ ਅਧਾਰਿਤ ਇੱਕ ਕਮੇਟੀ ਦਾ ਵੀ ਗਠਨ ਕੀਤਾ ਹੈ ਤਾਂ ਜੋ ਵੱਖ ਵੱਖ ਜੰਗਲੀ ਜੀਵ ਜਾਤੀਆਂ ਨੂੰ ਰਹਿਣ ਲਈ ਕੁਦਰਤੀ ਸਥਾਨ ਮੁਹੱਈਆ ਹੋ ਸਕੇ ਅਤੇ ਉਨ੍ਹਾਂ ਦਾ ਗੈਰ-ਕਾਨੂੰਨੀ ਸ਼ਿਕਾਰ ਰੋਕਿਆ ਜਾ ਸਕੇ। 

ਮੁੱਖ ਮੰਤਰੀ ਨੇ ਛੱਤਬੀੜ ਚਿੜੀਆ ਘਰਾਂ ਵਿੱਚ ਜਾਨਵਰਾਂ ਦੀਆਂ ਵੱਖ-ਵੱਖ ਨਸਲਾਂ ਨੂੰ ਲਿਆਉਣ ਲਈ ਅਫਰੀਕੀ ਦੇਸ਼ਾਂ ਤੋਂ ਜੈਬਰਾ, ਜ਼ਿਰਾਫ, ਚੈਂਪਾਂਜੀ ਅਤੇ ਗੋਰੀਲਾ ਵਰਗੇ ਜੀਵਾਂ ਨੂੰ ਦਰਾਮਦ ਕਰਨ ਦੀ ਪ੍ਰਕਿਰਿਆ ਸ਼ੁਰੂ ਕਰਨ ਲਈ ਜੰਗਲੀ ਜੀਵ ਵਿਭਾਗ ਨੂੰ ਆਗਿਆ ਦੇ ਦਿਤੀ ਹੈ। ਜੰਗਲੀ ਜੀਵ ਵਿਭਾਗ ਦੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਮੁੱਖ ਮੰਤਰੀ ਨੇ ਵਧੀਕ ਮੁੱਖ ਸਕੱਤਰ ਜੰਗਲਾਤ ਨੂੰ ਕਿਹਾ ਹੈ ਕਿ ਉਹ ਛੱਤਬੀੜ ਚਿੜੀਆ ਘਰ ਤੋਂ ਪੈਦਾ ਹੁੰਦਾ ਮਾਲੀਆ ਸੂਬੇ ਦੇ ਖਜ਼ਾਨੇ ਦੀ ਥਾਂ ਪੰਜਾਬ ਜ਼ੂਅਜ਼ ਡਿਵੈਲਪਮੈਂਟ ਸੋਸਾਈਟੀ ਨੂੰ ਤਬਦੀਲ ਕਰਨ ਸਬੰਧੀ ਵਿਆਪਕ ਪ੍ਰਸਤਾਵ ਉਨ੍ਹਾਂ ਕੋਲ ਭੇਜਣ

ਤਾਂ ਜੋ ਚਿੜੀਆ ਘਰਾਂ ਦੇ ਕੰਮਕਾਜ ਨੂੰ ਨਿਰਵਿਘਨ ਚਲਾਇਆ ਜਾ ਸਕੇ ਅਤੇ ਜੰਗਲੀ ਜੀਵਾਂ ਦੀ ਚੰਗੀ ਸੰਭਾਲ ਹੋ ਸਕੇ। ਮੀਟਿੰਗ ਵਿਚ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ, ਮੁੱਖ ਮੰਤਰੀ ਦੇ ਮੀਡੀਆ ਸਲਾਹਕਾਰ ਰਵੀਨ ਠੁਕਰਾਲ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਤੇ ਕੁਸਲਦੀਪ ਸਿੰਘ ਢਿਲੋਂ, ਵਧੀਕ ਮੁੱਖ ਸਕੱਤਰ ਜੰਗਲਾਤ ਰੋਸ਼ਨ ਸੁੰਕਾਰੀਆ, ਪ੍ਰਮੁੱਖ ਸਕੱਤਰ ਮੁੱਖ ਮੰਤਰੀ ਤੇਜਵੀਰ ਸਿੰਘ, ਮੁੱਖ ਜੰਗਲੀ ਜੀਵ ਵਰਡਨ ਡਾ. ਕੁਲਦੀਪ ਕੁਮਾਰ,

ਪੀਸੀਸੀਐਫ ਜਤਿੰਦਰ ਸ਼ਰਮਾ, ਡਾਇਰੈਕਟਰ ਮੱਛੀ ਪਾਲਣ ਡਾ. ਮਦਨ ਮੋਹਨ ਅਤੇ ਡਾਇਰੈਕਟਰ ਪਸੂ ਪਾਲਣ ਡਾ. ਇੰਦਰਜੀਤ ਸਿੰਘ ਅਤੇ ਵਾਈਲਡ ਲਾਈਫ ਇੰਸਟੀਚਿਉਟ ਆਫ ਇੰਡੀਆ ਡਾ. ਅਨਿਲ ਭਾਰਦਵਾਜ ਹਾਜ਼ਰ ਸਨ। ਗੈਰ-ਸਰਕਾਰੀ ਮੈਂਬਰਾਂ ਵਿਚ ਨਿਰਵੀਰ ਕਾਹਲੋਂ, ਰੁਪਿੰਦਰ ਸੰਧੂ ਅਤੇ ਵਿਸ਼ਵਦੇਵ ਸਿੰਘ ਸ਼ਾਮਲ ਸਨ।

Related Stories