ਆਪਸ ‘ਚ ਮਿਲ ਕੇ 'ਆਪ' ਨੂੰ ਰੋਕਣ ਦੇ ਯਤਨ ਕਰ ਰਹੇ ਨੇ ਬਾਦਲ ਤੇ ਕੈਪਟਨ: ਭਗਵੰਤ ਮਾਨ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਦਿਗਜ ਨੇਤਾ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਇੱਥੇ ਦਿੱਲੀ ਦੇ ਉਪ ਮੁੱਖ ਮੰਤਰੀ...

AAP

ਚੰਡੀਗੜ੍ਹ : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਦਿਗਜ ਨੇਤਾ ਅਤੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਨੇ ਬੁੱਧਵਾਰ ਇੱਥੇ ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਪੰਜਾਬ ਮਾਮਲਿਆਂ ਦੇ ਇੰਚਾਰਜ ਮੁਨੀਸ਼ ਸਿਸੋਦੀਆ ਅਤੇ ਕੋਰ ਕਮੇਟੀ ਪੰਜਾਬ ਦੇ ਮੈਂਬਰਾਂ ਦੀ ਮੌਜੂਦਗੀ 'ਚ ਪਾਰਟੀ ਦੀ ਪੰਜਾਬ ਇਕਾਈ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਪਾਰਟੀ ਵਿਧਾਇਕ, ਜ਼ੋਨ ਪ੍ਰਧਾਨ, ਜ਼ਿਲ੍ਹਾ ਪ੍ਰਧਾਨ, ਹਲਕਾ ਪ੍ਰਧਾਨ ਅਤੇ ਹੋਰ ਆਗੂ ਵੱਡੀ ਗਿਣਤੀ 'ਚ ਹਾਜ਼ਰ ਹੋਏ।

ਹਾਜ਼ਰੀਨ ਆਗੂਆਂ ਨੇ ਭਗਵੰਤ ਮਾਨ ਦੀਆਂ ਖ਼ੂਬ ਤਾਰੀਫ਼ਾਂ ਕੀਤੀਆਂ। ਭਗਵੰਤ ਮਾਨ ਜਿੱਥੇ ਪਾਰਟੀ ਦੀ ਚੜਦੀਕਲ੍ਹਾ ਲਈ ਦਿਨ-ਰਾਤ ਮਿਹਨਤ ਕਰਨ ਲਈ ਦਿਨ ਰਾਤ ਇਕ ਕਰਨ ਦਾ ਭਰੋਸਾ ਦਿਤਾ। ਭਗਵੰਤ ਮਾਨ ਨੇ ਬਾਦਲਾਂ ਅਤੇ ਕੈਪਟਨ ਅਮਰਿੰਦਰ ਸਿੰਘ ਉੱਪਰ ਇਕ ਦੂਸਰੇ ਨਾਲ ਪੂਰੀ ਤਰ੍ਹਾਂ ਮਿਲੇ ਹੋਣ ਦੇ ਦੋਸ਼ ਲਗਾਏ।
ਭਗਵੰਤ ਮਾਨ ਨੇ ਕਿਹਾ ਕਿ ਉਹ ਤਾਂ ਸਾਲਾਂ ਤੋਂ ਦੋਸ਼ ਲਗਾਉਂਦੇ ਆ ਰਹੇ ਹਨ ਕਿ ਬਾਦਲਾਂ ਨੇ ਨਸ਼ੇ ਦੇ ਕਾਰੋਬਾਰੀਆਂ ਨਾਲ ਮਿਲ ਕੇ ਪੰਜਾਬ ਦੀ ਜਵਾਨੀ ਤਬਾਹ ਕਰ ਦਿਤੀ ਹੈ,

ਹੋਰ ਵੀ ਵੱਡੇ ਦੁੱਖ ਦੀ ਗੱਲ ਇਹ ਹੈ ਕਿ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੀ ਬਾਦਲਾਂ ਦੇ ਪਦ-ਚਿੰਨ੍ਹਾਂ 'ਤੇ ਚੱਲ ਰਹੇ ਹਨ। ਕੈਪਟਨ ਅਮਰਿੰਦਰ ਸਿੰਘ ਅਪਣੇ ਚੋਣ ਵਾਅਦੇ ਤੋਂ ਭੱਜ ਚੁੱਕੇ ਹਨ। ਖ਼ੁਦ ਕਾਂਗਰਸੀ ਵਿਧਾਇਕ ਕੈਪਟਨ ਅਮਰਿੰਦਰ ਸਿੰਘ ਕੋਲ ਫ਼ਰਿਆਦਾਂ ਕਰ ਰਹੇ ਹਨ। ਬਾਦਲਾਂ ਅਤੇ ਨਸ਼ੇ ਦੇ ਸੌਦਾਗਰਾਂ ਵਿਰੁੱਧ ਕਾਰਵਾਈ ਕੀਤੀ ਜਾਵੇ ਤਾਂ ਕਿ ਉਹ (ਕਾਂਗਰਸੀ) ਪਿੰਡਾਂ 'ਚ ਜਾਣ ਜੋਗੇ ਰਹਿ ਸਕਣ। ਮਾਨ ਨੇ ਕਿਹਾ ਕਿ ਅੱਜ ਵੀ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਉਮੀਦ ਦੀ ਕਿਰਨ ਵਜੋਂ ਦੇਖ ਰਹੇ ਹਨ।

ਜੋ ਭਾਰਤ ਦੀ ਸਭ ਤੋਂ ਤੇਜ਼ੀ ਨਾਲ ਉੱਭਰਨ ਵਾਲੀ ਪਾਰਟੀ ਹੈ। ਮਾਨ ਨੇ ਕਿਹਾ ਕਿ ਦਿੱਲੀ 'ਚ ਅਰਵਿੰਦ ਕੇਜਰੀਵਾਲ ਸਰਕਾਰ ਦੇ ਮਾਡਲ ਨੂੰ ਪੰਜਾਬ ਦੇ ਪਿੰਡ-ਪਿੰਡ ਅਤੇ ਘਰ-ਘਰ ਤੱਕ ਲੈ ਕੇ ਜਾਵਾਂਗੇ। ਮਾਨ ਨੇ ਕਿਹਾ ਕਿ ਉਹ ਪਾਰਟੀ ਨੂੰ ਟੀਮ ਦੇ ਰੂਪ 'ਚ ਅੱਗੇ ਵਧਾਉਣਗੇ ਅਤੇ ਸਫ਼ਲਤਾ ਹਾਸਲ ਕਰੇਗੀ। ਇੱਕ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਦੱਸਿਆ ਕਿ ਉਨ੍ਹਾਂ ਮੁਆਫ਼ੀ ਦੇ ਮੁੱਦੇ 'ਤੇ ਸ੍ਰੀ ਅਰਵਿੰਦ ਕੇਜਰੀਵਾਲ ਨਾਲ ਬੈਠਕ ਦੌਰਾਨ ਸਾਰੇ ਸ਼ੰਕੇ-ਸੰਦੇਹ ਦੂਰ ਕਰ ਲਏ ਹਨ।

ਭਗਵੰਤ ਮਾਨ ਨੇ ਕਿਹਾ ਕਿ ਕੇਜਰੀਵਾਲ ਨੇ ਮੁਆਫ਼ੀ ਇਕੱਲੇ ਬਿਕਰਮ ਮਜੀਠੀਆ ਤੋਂ ਨਹੀਂ ਬਲਕਿ 34 ਦੇ ਕਰੀਬ ਕੇਸਾਂ 'ਚੋਂ ਮੰਗੀ ਹੈ, ਪਰੰਤੂ ਉਨ੍ਹਾਂ (ਕੇਜਰੀਵਾਲ) ਨੇ ਰਾਜਨੀਤਕ ਕੂਟਨੀਤੀ ਤਹਿਤ ਮਜੀਠੀਆ ਤੋਂ ਮੁਆਫ਼ੀ ਜ਼ਰੂਰ ਮੰਗੀ, ਪਰੰਤੂ ਮਜੀਠੀਆ ਨੂੰ ਕਲੀਨ ਚਿੱਟ ਨਹੀਂ ਦਿਤੀ। ਭਗਵੰਤ ਮਾਨ ਨੇ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਪੰਜਾਬ ਯੂਨਿਟ ਵਲੋਂ ਨਸ਼ਿਆਂ ਦੇ ਮੁੱਦੇ 'ਤੇ ਉਦੋਂ ਤੱਕ ਫ਼ਰੰਟ ਖੁੱਲ੍ਹਾ ਰੱਖਣ ਦੀ ਚੁਨੌਤੀ ਦਿਤੀ ਅਤੇ ਕਿਹਾ ਕਿ ਜਦੋਂ ਤੱਕ ਨਸ਼ਿਆਂ ਦੇ ਇਸ ਸਮੁੰਦਰ 'ਤੇ ਜਿੱਤ ਨਹੀਂ ਹਾਸਲ ਕਰ ਲੈਂਦੇ 'ਆਪ' ਵਲੋਂ ਅਪਣਾ ਸੰਘਰਸ਼ ਜਾਰੀ ਰੱਖਿਆ ਜਾਵੇਗਾ।

ਇਸ ਨਾਲ ਸਬੰਧਿਤ ਇਕ ਸਵਾਲ ਦੇ ਜਵਾਬ 'ਚ ਭਗਵੰਤ ਮਾਨ ਨੇ ਕਿਹਾ ਕਿ ਉਹ ਅਜੇ ਵੀ ਛਾਤੀ ਠੋਕ ਕੇ ਕਹਿੰਦੇ ਹਨ ਕਿ ਬਿਕਰਮ ਸਿੰਘ ਮਜੀਠੀਆ ਨਸ਼ੇ ਦੇ ਸੌਦਾਗਰ ਹਨ ਅਤੇ ਪੰਜਾਬ ਦੀ ਜਵਾਨੀ ਨੂੰ ਨਸ਼ੇ 'ਤੇ ਲਗਾਉਣ ਦੇ ਦੋਸ਼ ਹਨ। ਦਾਰੂ ਛੱਡਣ ਸੰਬੰਧੀ ਇੱਕ ਸਵਾਲ ਦਾ ਜਵਾਬ ਦਿੰਦਿਆਂ ਭਗਵੰਤ ਮਾਨ ਨੇ ਕਿਹਾ ਕਿ ਕੁੱਝ ਲੋਕਾਂ ਵਲੋਂ ਸ਼ਰਾਰਤੀ ਤੇ ਸਾਜ਼ਿਸ਼ੀ ਤਰੀਕੇ ਨਾਲ ਮੇਰੇ ਬਾਰੇ ਗ਼ਲਤ ਧਾਰਨਾ ਫੈਲਾਈ ਜਾ ਰਹੀ ਸੀ। ਜਿਸ ਦੇ ਜਵਾਬ ਲਈ ਮੈਂ ਇਹ ਐਲਾਨ ਬਰਨਾਲਾ ਰੈਲੀ 'ਚ ਜਨਤਕ ਤੌਰ 'ਤੇ ਕੀਤੀ ਸੀ।

ਪੰਜਾਬ ਦੇ ਪਾਣੀਆਂ ਦੇ ਮੁੱਦੇ 'ਤੇ ਭਗਵੰਤ ਮਾਨ ਨੇ ਕਿਹਾ ਕਿ ਅਕਾਲੀ-ਭਾਜਪਾ ਅਤੇ ਕਾਂਗਰਸ ਨੇ ਪੰਜਾਬ ਦੇ ਦਰਿਆਈ ਪਾਣੀਆਂ ਉਤੇ ਹਮੇਸ਼ਾ ਰਾਜਨੀਤਿਕ ਲਾਭ ਲੈਣ ਦੀ ਤਾਂ ਕੋਸ਼ਿਸ਼ ਕੀਤੀ ਪਰੰਤੂ ਇਸ ਮਾਮਲੇ ਦੇ ਹੱਲ ਲਈ ਲੋੜੀਂਦੇ ਕਦਮ ਕਦੇ ਨਹੀਂ ਚੁੱਕੇ। ਜਦਕਿ ਕਈ-ਕਈ ਵਾਰ ਕਦੇ ਅਕਾਲੀ-ਭਾਜਪਾ ਅਤੇ ਕਦੇ ਕਾਂਗਰਸ ਦੀਆਂ ਸਰਕਾਰਾਂ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਕੇਂਦਰ 'ਚ ਸਰਕਾਰਾਂ ਰਹੀਆਂ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਆਮ ਆਦਮੀ ਪਾਰਟੀ ਪੰਜਾਬ ਅਪਣੇ ਸੂਬੇ ਦੇ ਹਿੱਤਾਂ ਦੀ ਲੜਾਈ ਮਰਦੇ ਦਮ ਤੱਕ ਜਾਰੀ ਰੱਖੇਗੀ।

ਇਸ ਮੌਕੇ ਸੰਬੋਧਨ ਕਰਦਿਆਂ ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਆਮ ਆਦਮੀ ਪਾਰਟੀ ਜਨ ਹਿਤ ਲਈ ਲੜੇ ਗਏ ਅੰਦੋਲਨ 'ਚੋਂ ਨਿਕਲੀ ਹੋਈ ਪਾਰਟੀ ਹੈ, ਪਰੰਤੂ ਫਿਰ ਵੀ ਬਹੁਤ ਸਾਰੇ ਲੋਕ ਆਮ ਆਦਮੀ ਪਾਰਟੀ 'ਚ ਵੱਡੇ ਅਹੁਦੇ ਹਾਸਲ ਕਰਨ ਲਈ ਘੁੱਸ ਗਏ ਸਨ। ਮੁਨੀਸ਼ ਸਿਸੋਦੀਆ ਨੇ ਕਿਹਾ ਕਿ ਉਹ ਪਹਿਲਾਂ ਵੀ ਕਹਿ ਚੁੱਕੇ ਹਨ ਅਤੇ ਅੱਜ ਫਿਰ ਸਪੱਸ਼ਟ ਕਰਦੇ ਹਨ ਕਿ ਜੇ ਕਿਸੇ ਨੂੰ ਅਹੁਦੇ ਨਾਲ ਪਿਆਰ ਹੈ ਤਾਂ ਉਹ ਜਿਨ੍ਹਾਂ ਜਲਦੀ ਹੋ ਸਕੇ ਪਾਰਟੀ ਛੱਡ ਦੇਵੇ, ਕਿਉਂਕਿ ਪਾਰਟੀ 'ਚ ਅਜਿਹੇ ਲਾਲਚੀ ਲੋਕਾਂ ਲਈ ਕੋਈ ਜਗ੍ਹਾ ਨਹੀਂ ਹੈ।

ਇਸ ਮੌਕੇ ਸੰਸਦ ਮੈਂਬਰ ਪ੍ਰੋ. ਸਾਧੂ ਸਿੰਘ, ਹਰਪਾਲ ਸਿੰਘ ਚੀਮਾ, ਪ੍ਰਿੰਸੀਪਲ ਬੁੱਧ ਰਾਮ, ਅਮਨ ਅਰੋੜਾ, ਰੁਪਿੰਦਰ ਕੌਰ ਰੂਬੀ, ਸਰਬਜੀਤ ਕੌਰ ਮਾਣੂੰਕੇ, ਮੀਤ ਹੇਅਰ, ਕੁਲਤਾਰ ਸਿੰਘ ਸੰਧਵਾਂ, ਅਮਰਜੀਤ ਸਿੰਘ ਸੰਦੋਆ, ਕੁਲਵੰਤ ਸਿੰਘ ਪੰਡੋਰੀ, ਮਨਜੀਤ ਸਿੰਘ ਬਿਲਾਸਪੁਰ, ਜੈ ਕਿਸ਼ਨ ਸਿੰਘ ਰੌੜੀ (ਸਾਰੇ ਵਿਧਾਇਕ), ਡਾ. ਬਲਬੀਰ ਸਿੰਘ, ਡਾ. ਰਵਜੋਤ ਸਿੰਘ, ਕੁਲਦੀਪ ਸਿੰਘ ਧਾਲੀਵਾਲ, ਦਲਵੀਰ ਸਿੰਘ ਢਿਲੋਂ, ਮਨਜੀਤ ਸਿੰਘ ਸਿੱਧੂ, (ਸਾਰੇ ਕੋਰ ਕਮੇਟੀ ਮੈਂਬਰ),

ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ, ਜਸਟਿਸ ਜੋਰਾ ਸਿੰਘ, ਜਸਵੀਰ ਸਿੰਘ ਬੀਰ ਅਤੇ ਹੋਰ ਅਹੁਦੇਦਾਰ ਵੀ ਹਾਜ਼ਰ ਸਨ।