ਪੰਜਾਬ ਕਲਾ ਪਰਿਸ਼ਦ 2 ਤੋਂ 7 ਫਰਵਰੀ ਤੱਕ ਮਨਾਏਗੀ ਡਾ.ਐਮ.ਐਸ. ਰੰਧਾਵਾ ਸਾਹਿਤ ਤੇ ਕਲਾ ਉਤਸਵ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਾਹਿਤ, ਸੱਭਿਆਚਾਰ, ਨਾਟਕ, ਡਾਕੂਮੈਂਟਰੀ ਫਿਲਮਾਂ ਤੇ ਲੋਕ ਨਾਚ ਦੀਆਂ ਵੰਨਗੀਆਂ ਹੋਣਗੀਆ ਖਿੱਚ ਦਾ ਕੇਂਦਰ

Dr. MS Randhawa

ਚੰਡੀਗੜ੍ਹ : ਪੰਜਾਬ ਕਲਾ ਪਰਿਸ਼ਦ ਵਲੋਂ ਸੈਕਟਰ 16 ਸਥਿਤ ਪੰਜਾਬ ਕਲਾ ਭਵਨ ਦੇ ਵਿਹੜੇ ਵਿਚ 2 ਤੋਂ 7 ਫਰਵਰੀ ਤੱਕ ਡਾ. ਐੱਮ ਐੱਸ ਰੰਧਾਵਾ ਸਾਹਿਤ ਅਤੇ ਕਲਾ ਉਤਸਵ ਕਰਵਾਇਆ ਜਾ ਰਿਹਾ ਹੈ। ਹਫਤਾ ਭਰ ਚੱਲਣ ਵਾਲੇ ਇਸ ਉਤਸਵ ਦੌਰਾਨ ਸਾਹਿਤ, ਸੱਭਿਆਚਾਰ, ਨਾਟਕ, ਡਾਕੂਮੈਂਟਰੀ ਫ਼ਿਲਮਾਂ ਤੇ ਲੋਕ ਨਾਚ ਦੀਆਂ ਵੰਨਗੀਆਂ ਦੀ ਪੇਸ਼ਕਾਰੀ ਕਲਾ ਪ੍ਰੇਮੀਆਂ ਲਈ ਖਿੱਚ ਦਾ ਕੇਂਦਰ ਹੋਵੇਗੀ। ਇਹ ਜਾਣਕਾਰੀ ਪੰਜਾਬ ਕਲਾ ਪਰਿਸ਼ਦ ਦੇ ਚੇਅਰਮੈਨ ਡਾ. ਸੁਰਜੀਤ ਪਾਤਰ ਅਤੇ ਸਕੱਤਰ ਜਨਰਲ ਡਾ. ਲਖਵਿੰਦਰ ਸਿੰਘ ਜੌਹਲ ਨੇ ਅੱਜ ਇਥੇ ਜਾਰੀ ਪ੍ਰੈਸ ਬਿਆਨ ਰਾਹੀਂ ਦਿਤੀ।

ਡਾ.ਪਾਤਰ ਤੇ ਡਾ.ਜੌਹਲ ਨੇ ਦੱਸਿਆ ਕਿ ਪਹਿਲੇ ਦਿਨ ਸਾਹਿਤ ਖੇਤਰ ਵਿਚੋਂ ਦਲੀਪ ਕੌਰ ਟਿਵਾਣਾ, ਗੁਲਜ਼ਾਰ ਸਿੰਘ ਸੰਧੂ, ਪ੍ਰੇਮ ਪ੍ਰਕਾਸ਼ ਤੇ ਤੇਜਵੰਤ ਸਿੰਘ ਗਿੱਲ, ਲਲਿਤ ਕਲਾ ਵਿਚੋਂ ਰਘੂਰਾਏ ਤੇ ਰਣਬੀਰ ਕਾਲੇਕਾ ਅਤੇ ਰੰਗਮੰਚ ਵਿਚੋਂ ਆਤਮਜੀਤ ਤੇ ਸ਼ਹਰਯਾਰ ਨੂੰ ਪੰਜਾਬ ਗੌਰਵ ਪੁਰਸਕਾਰ ਨਾਲ ਸਨਮਾਨਤ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੂਰਾ ਹਫ਼ਤਾ ਵਿਭਾ ਗਲਹੋਤਰਾ ਦੀ ਪ੍ਰਦਰਸ਼ਨੀ 'ਕਲਾਈਮੈਕਟ੍ਰਿਕ' ਕਲਾ ਪ੍ਰੇਮੀਆਂ ਲਈ ਲਗਾਈ ਜਾਵੇਗੀ।

ਇਸ ਤੋਂ ਇਲਾਵਾ ਡਾ. ਐਮ.ਐਸ.ਰੰਧਾਵਾ ਦੇ ਜੀਵਨ ਕਾਲ ਦੀਆਂ ਵੱਖ-ਵੱਖ ਘਟਨਾਵਾਂ ਨੂੰ ਦਰਸਾਉਂਦੀਆਂ ਦੁਰਲੱਭ ਤਸਵੀਰਾਂ ਨਾਲ ਕਲਾ ਭਵਨ ਦਾ ਵਿਹੜਾ ਰੌਸ਼ਨਾਇਆ ਗਿਆ ਹੈ। ਪੰਜਾਬ ਕਲਾ ਪਰਿਸ਼ਦ ਦੇ ਮੀਡੀਆ ਕੁਆਰਡੀਨੇਟਰ ਸ੍ਰੀ ਨਿੰਦਰ ਘੁਗਿਆਣਵੀ ਨੇ ਹਫਤਾ ਭਰ ਚੱਲਣ ਵਾਲੇ ਪ੍ਰੋਗਰਾਮ ਦੀ ਰੂਪ ਰੇਖਾ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਫਰਵਰੀ ਨੂੰ ਉਘੇ ਗਾਇਕ ਰੱਬੀ ਸ਼ੇਰਗਿੱਲ, 6 ਫਰਵਰੀ ਨੂੰ ਮਦਨ ਗੋਪਾਲ ਸਿੰਘ ਅਤੇ ਸਾਥੀ ਸੂਫੀ ਗਾਇਨ ਪੇਸ਼ ਕਰਨਗੇ ਅਤੇ 7 ਫਰਵਰੀ ਨੂੰ ਸੁੱਖੀ ਈਦੂ ਸ਼ਰੀਫ ਢਾਡੀ ਲੋਕ ਗਾਥਾਵਾਂ ਪੇਸ਼ ਕਰਨਗੇ।

6 ਫਰਵਰੀ ਨੂੰ ਪ੍ਰਸਿੱਧ ਵਾਰਤਕ ਪ੍ਰਿੰਸੀਪਲ ਸਰਵਣ ਸਿੰਘ ਦਾ ਸਾਹਿਤ ਪ੍ਰੇਮੀਆਂ ਨਾਲ ਰੂਬਰੂ ਕਰਵਾਇਆ ਜਾਵੇਗਾ। ਡਾ.ਨਿਰਮਲ ਜੌੜਾ 7 ਫਰਵਰੀ ਨੂੰ ਸੱਭਿਆਚਾਰਕ ਕੁਇਜ਼ ਮੁਕਾਬਲੇ ਦਾ ਸੰਚਾਲਨ ਕਰਨਗੇ। ਇਸ ਤੋਂ ਇਲਾਵਾ ਬਹੁਭਾਸ਼ਾਈ ਕਵੀ ਦਰਬਾਰ, ਕੇਵਲ ਧਾਲੀਵਾਲ ਦਾ ਨਾਟਕ ਗੱਡੀ ਚੜ੍ਹਨ ਦੀ ਕਾਹਲ ਬੜੀ ਸੀ, ਚੱਠੇ ਸੇਖਵਾਂ ਦੀ ਟੀਮ ਦਾ ਮਲਵਈ ਗਿੱਧਾ ਖਿੱਚ ਦਾ ਕੇਂਦਰ ਹੋਵੇਗਾ। ਪੂਰਾ ਹਫ਼ਤਾ ਪੁਸਤਕਾਂ ਅਤੇ ਪੰਜਾਬ ਲਲਿਤ ਕਲਾ ਅਕਾਦਮੀ ਵਲੋਂ ਨੁਮਾਇਸ਼ ਵੀ ਲਗਾਈ ਜਾਵੇਗੀ।