ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਸਰਹੱਦ ‘ਤੇ ਦੋ ਦੂਰਬੀਨਾਂ ਦਾ ਹੋਇਆ ਪ੍ਰਬੰਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿ ਸਰਹੱਦ ਉਤੇ ਬਣੇ ਦਰਸ਼ਨ ਸਥਾਨ ਉਤੇ ਦੋ ਵੱਡੀਆਂ ਨਵੀਆਂ ਦੂਰਬੀਨਾਂ...

Two Telescopes Installed For Visit To Gurdwara Shri Kartarpur Sahib

ਡੇਰਾ ਬਾਬਾ ਨਾਨਕ : ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਭਾਰਤ-ਪਾਕਿ ਸਰਹੱਦ ਉਤੇ ਬਣੇ ਦਰਸ਼ਨ ਸਥਾਨ ਉਤੇ ਦੋ ਵੱਡੀਆਂ ਨਵੀਆਂ ਦੂਰਬੀਨਾਂ ਲਗਾਈਆਂ ਗਈਆਂ ਹਨ। ਜਦੋਂ ਤੱਕ ਕਰਤਾਰਪੁਰ ਲਾਂਘਾ ਚਾਲੂ ਨਹੀਂ ਹੁੰਦਾ ਤੱਦ ਤੱਕ ਵੱਡੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੀਆਂ। ਦੱਸ ਦਈਏ ਕਿ ਇਸ ਤੋਂ ਪਹਿਲਾਂ ਸਾਲਾਂ ਪੁਰਾਣੀ ਦੂਰਬੀਨ ਲੱਗੀ ਸੀ ਜਿਸ ਨਾਲ ਸ਼ਰਧਾਲੂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਦੇ ਸਨ।

ਹੁਣ ਦੋ ਨਵੀਆਂ ਦੂਰਬੀਨਾਂ ਲੱਗਣ ਨਾਲ ਇਕ ਸਮੇਂ ‘ਤੇ ਤਿੰਨ ਸ਼ਰਧਾਲੂ ਪਾਕਿਸਤਾਨ ਸਥਿਤ ਗੁਰਦੁਆਰਾ ਸ਼੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਣਗੇ। ਪੰਜਾਬ ਦੇ ਜੇਲ੍ਹ ਅਤੇ ਸਹਿਕਾਰਤਾ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਇਨ੍ਹਾਂ ਦਾ ਉਦਘਾਟਨ ਕੀਤਾ। ਇਸ ਮੌਕੇ ਉਤੇ ਬਟਾਲਾ ਦੇ ਡਾ. ਸਤਨਾਮ ਸਿੰਘ ਨਿਝਰ, ਬਟਾਲਾ ਦੇ ਤਹਿਸੀਲਦਾਰ ਅਰਵਿੰਦ ਸਲਵਾਨ ਮੌਜੂਦ ਸਨ।

ਕੈਬਨਿਟ ਮੰਤਰੀ  ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਦੇ ਦਰਸ਼ਨਾਂ ਲਈ ਦਰਸ਼ਨ ਸਥਾਨ ਉਤੇ ਪੁਰਾਣੀ ਦੂਰਬੀਨ ਲੱਗੀ ਸੀ ਅਤੇ ਪੁਰਾਣੀ ਹੋਣ ਦੀ ਵਜ੍ਹਾ ਕਰਕੇ ਵਿਜ਼ੀਬੀਲਿਟੀ ਘੱਟ ਹੋ ਗਈ ਸੀ। ਰੰਧਾਵਾ ਨੇ ਕਿਹਾ ਕਿ ਜਦੋਂ ਤੱਕ ਲਾਂਘਾ ਚਾਲੂ ਨਹੀਂ ਹੁੰਦਾ ਤੱਦ ਤੱਕ ਸੰਗਤ ਇਸ ਦੂਰਬੀਨਾਂ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਹੋਰ ਵੀ ਵਧੀਆ ਢੰਗ ਨਾਲ ਕਰ ਸਕੇਗੀ।

ਰੰਧਾਵਾ ਨੇ ਕਿਹਾ ਕਿ ਲਾਂਘੇ ਦੀ ਉਸਾਰੀ ਲਈ ਸਰਵੇ ਟੀਮਾਂ ਅਪਣਾ ਕੰਮ ਕਰ ਰਹੀਆਂ ਹਨ ਅਤੇ ਅੱਜ ਵੀ ਗੁਰੂ ਨਾਨਕ ਦੇਵ  ਯੂਨੀਵਰਸਿਟੀ ਦੀ ਇਕ ਟੀਮ ਡੇਰਾ ਬਾਬਾ ਨਾਨਕ ਵਿਚ ਅਪਣਾ ਕੰਮ ਕਰ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਜ਼ਮੀਨ ਪ੍ਰਾਪਤੀ ਕਰਨਾ ਭਾਰਤ ਸਰਕਾਰ ਦਾ ਕੰਮ ਹੈ ਅਤੇ ਉਹ ਇਸ ਦੇ ਲਈ ਲਗਭੱਗ ਪੂਰੀ ਤਰ੍ਹਾਂ ਤਿਆਰ ਹੈ। ਰੰਧਾਵਾ ਦੇ ਮੁਤਾਬਕ ਜ਼ਮੀਨ ਪ੍ਰਾਪਤੀ ਤੋਂ ਬਾਅਦ ਲਗਭੱਗ ਇਕ ਮਹੀਨੇ ਵਿਚ ਲਾਂਘੇ ਲਈ ਸੜਕਾਂ ਤਿਆਰ ਹੋ ਜਾਣਗੀਆਂ।

ਰੰਧਾਵਾ ਨੇ ਇਸ ਗੱਲ ਨੂੰ ਮੰਨਿਆ ਕਿ ਪਾਕਿਸਤਾਨ ਵਲੋਂ ਲਾਂਘੇ ਦੀ ਉਸਾਰੀ ਦਾ ਕੰਮ ਭਾਰਤ ਦੇ ਮੁਕਾਬਲੇ ਤੇਜ਼ ਹੈ। ਕਿਸਾਨਾਂ ਦੇ ਮੁਆਵਜ਼ੇ ਨੂੰ ਲੈ ਕੇ ਕੀਤੇ ਸਵਾਲ ਵਿਚ ਰੰਧਾਵਾ ਨੇ ਦੱਸਿਆ ਕਿ ਅਜੇ ਉਨ੍ਹਾਂ ਨੂੰ ਇਸ ਗੱਲ ਦਾ ਪਤਾ ਨਹੀਂ ਲੱਗਿਆ ਹੈ ਕਿ ਮੁਆਵਜ਼ੇ ਦੀ ਰਾਸ਼ੀ ਕੀ ਹੋਵੇਗੀ ਪਰ ਉਨ੍ਹਾਂ ਨੂੰ ਇਹ ਵਿਸ਼ਵਾਸ ਹੈ ਕਿ ਜ਼ਮੀਨ ਪ੍ਰਾਪਤੀ ਦਾ ਮੁਆਵਜ਼ਾ ਭਾਰਤ ਸਰਕਾਰ ਕਿਸਾਨਾਂ ਨੂੰ ਠੀਕ ਰਾਸ਼ੀ ਵਿਚ ਦੇਵੇਗੀ।