ਦੀਪ ਸਿੱਧੂ ਦੇ ਹੱਕ ‘ਚ ਪਿੰਡ ਦੀ ਪੰਚਾਇਤ ਵੱਲੋਂ ਮਤਾ ਪਾਸ, ਕਿਹਾ ਅਸੀਂ ਨਾਲ ਖੜ੍ਹੇ ਹਾਂ
6 ਜਨਵਰੀ ਦੀ ਲਾਲਾ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਦੀਪ ਸਿੱਧੂ ਨੂੰ ਭਾਰੀ...
ਮੁਕਤਸਰ: 26 ਜਨਵਰੀ ਦੀ ਲਾਲਾ ਕਿਲ੍ਹੇ ਵਾਲੀ ਘਟਨਾ ਤੋਂ ਬਾਅਦ ਦੀਪ ਸਿੱਧੂ ਨੂੰ ਭਾਰੀ ਮੁਸ਼ਕਿਲਾਂ ਸਾਹਮਣਾ ਕਰਨਾ ਪਿਆ ਕਿਉਂਕਿ ਟ੍ਰੈਕਟਰ ਪਰੇਡ ਦੌਰਾਨ ਹਿੰਸਾ ਭੜਕ ਗਈ ਸੀ ਅਤੇ ਲਾਲ ਕਿਲ੍ਹੇ ਉਤੇ ਕੇਸਰੀ ਝੰਡਾ ਝੁਲਾਇਆ ਗਿਆ, ਜਿਸਦਾ ਸਾਰਾ ਦੋਸ਼ ਅਦਾਕਾਰ ਦੀਪ ਸਿੱਧੂ ਦੇ ਸਿਰ ਮੜਿਆ ਜਾ ਚੁੱਕਾ ਹੈ। ਇਸਨੂੰ ਲੈ ਕੇ ਅੱਜ ਦੀਪ ਸਿੱਧੂ ਦੇ ਪਿੰਡ ਦੀ ਪੰਚਾਇਤ ਹੋਈ, ਜਿਸ ਵਿਚ ਕਿਹਾ ਗਿਆ ਕਿ ਸਾਰਾ ਪਿੰਡ ਦੀਪ ਸਿੱਧੂ ਦੇ ਨਾਲ ਖੜ੍ਹਾ ਹੈ ਤੇ ਬਾਅਦ ‘ਚ ਵੀ ਖੜ੍ਹੇ ਰਹਾਂਗੇ।
ਉਨ੍ਹਾਂ ਕਿਹਾ ਕਿ ਜੇ ਸਿੱਧੂ ਨੂੰ ਗੱਦਾਰ ਕਹਿੰਦੇ ਹੋ ਤਾਂ ਸਾਡਾ ਸਾਰਾ ਪਿੰਡ ਹੀ ਗੱਦਾਰ ਹੈ। ਪਿੰਡ ਵਾਸੀਆਂ ਨੇ ਕਿਹਾ ਕਿ ਦੀਪ ਸਿੱਧੂ ਨੇ ਕਿੱਥੇ ਅਤੇ ਕਦੋਂ ਗੱਦਾਰੀ ਕੀਤੀ ਹੈ ਕੋਈ ਇਹ ਸਾਬਤ ਕਰਕੇ ਦਿਖਾਵੇ। ਪਿੰਡ ਦੀ ਪੰਚਾਇਤ ਅਤੇ ਪਿੰਡ ਦੇ ਲੋਕਾਂ ਨੇ ਦੀਪ ਸਿੱਧੂ ਦੇ ਹੱਕ ਵਿਚ ਇਕ ਮਤਾ ਵੀ ਪਾਸ ਕੀਤਾ ਹੈ, ਜਿਸ ਉਤੇ ਸਾਰਿਆਂ ਨੇ ਆਪਣੇ ਦਸਤਖਤ ਵੀ ਕੀਤੇ ਹਨ।
ਇੱਥੇ ਦੱਸਣਯੋਗ ਹੈ ਕਿ ਲਾਲ ਕਿਲ੍ਹੇ ‘ਤੇ 26 ਜਨਵਰੀ ਨੂੰ ਗਣਤੰਤਰਤਾ ਦਿਵਸ ਵਾਲੇ ਦਿਨ ਕੇਸਰੀ ਝੰਡਾ ਲਹਿਰਾਉਣ ਤੋਂ ਬਾਅਦ ਵਿੱਚ ਅਦਾਕਾਰ ਦੀਪ ਸਿੱਧੂ ਲਈ ਸਮਾਂ ਬੜਾ ਭਿਆਨਕ ਹੋਣ ਦੇ ਆਸਾਰ ਬਣ ਗਏ ਸਨ। ਉਥੇ ਹੀ ਕਿਸਾਨ ਆਗੂਆਂ ਅਤੇ ਹੋਰ ਵਿਅਕਤੀਆਂ ਵੱਲੋਂ ਕਿਸਾਨ ਅੰਦੋਲਨ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਨ ਲਈ ਦੀਪ ਸਿੱਧੂ ਨੂੰ ਕਿਸਾਨ ਅੰਦੋਲਨ ਦਾ ਗੱਦਾਰ ਗਰਦਾਨਿਆ ਗਿਆ ਸੀ।
ਇਸ ਤੋਂ ਬਾਅਦ ਕਿਸਾਨ ਆਗੂਆਂ ਨੇ ਆਪਣੇ ਸੋਸ਼ਲ ਮੀਡੀਆ ਅਕਾਉਂਟ ਉਤੇ ਲਾਈਵ ਹੋ ਕੇ ਕਿਸਾਨ ਆਗੂਆਂ ‘ਤੇ ਉਸ ਖਿਲਾਫ਼ ਝੂਠਾ ਪ੍ਰਚਾਰ ਕਰਨ ਅਤੇ ਆਪਣਾ ਸਡੈਂਡ ਬਦਲਣ ਦੇ ਦੋਸ਼ ਲਗਾਏ ਗਏ ਸਨ। ਅਦਾਕਾਰ ਦੀਪ ਸਿੱਧੂ ਨੇ ਫੇਸਬੁੱਕ ਉਤੇ ਲਾਈਵ ਹੋ ਕੇ ਕਿਹਾ ਕਿ ਮੈਨੂੰ ਕੌਮ ਦਾ ਗੱਦਾਰ ਕਿਹਾ ਜਾ ਰਿਹੈ ਅਤੇ ਆਰ.ਐਸ.ਐਸ ਦਾ ਏਜੰਟ ਕਿਹਾ ਜਾ ਰਿਹਾ ਹੈ। ਦੀਪ ਨੇ ਨੇ ਕਿਹਾ ਕਿ ਭਾਜਪਾ ਜਾਂ ਆਰ.ਐਸ.ਐਸ ਦਾ ਏਜੰਟ ਲਾਲ ਕਿਲ੍ਹੇ ‘ਤੇ ਕੇਸਰੀ ਝੰਡਾ ਝੁਲਾ ਸਕਦਾ ਹੈ।
ਸਿੱਧੂ ਨੇ 25 ਜਨਵਰੀ ਦੀ ਰਾਤ ਦੇ ਘਟਨਾਕ੍ਰਮ ਦਾ ਵੇਰਵਾ ਦਿੰਦਿਆਂ ਕਿਹਾ ਕਿ ਬਹੁਤ ਨੌਜਵਾਨਾਂ ਨੇ ਕਿਸਾਨ ਆਗਾਂ ਨੂੰ ਕਿਹਾ ਕਿ ਸਾਨੂੰ ਦਿੱਲੀ ਅੰਦਰ ਟ੍ਰੈਕਟਰ ਪਰੇਡ ਕਰਨ ਦਾ ਸੱਦਾ ਦੇ ਕੇ ਇੱਥੇ ਬੁਲਾਇਆ ਗਿਆ ਸੀ, ਜਦਕਿ ਹੁਣ ਕਿਸਾਨ ਆਗੂਆਂ ਨੇ ਆਪਣਾ ਸਟੈਂਡ ਬਦਲ ਲਿਆ ਹੈ। ਸਿੱਧੂ ਨੇ ਕਿਹਾ ਕਿ ਜੇਕਰ ਤੁਸੀਂ ਸਾਰੀਆਂ ਚੀਜ਼ਾਂ ਇਕ ਬੰਦੇ ਉਤੇ ਹੀ ਥੋਪਦੇ ਹੋ, ਇਕ ਬੰਦੇ ਨੂੰ ਹੀ ਗੱਦਾਰ ਦਾ ਸਰਟੀਫਿਕੇਟ ਦਿੰਦੇ ਹੋ ਤਾਂ ਤੁਹਾਨੂੰ ਅਪਣੇ ਲਈ ਸ਼ਰਮਿੰਦਾ ਹੋਣਾ ਚਾਹੀਦਾ ਹੈ।