ਜਿਸ ਜੰਗ ’ਚ ਬਾਦਸ਼ਾਹ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਉਸ ਨੂੰ ਜੰਗ ਨਹੀਂ ਸਿਆਸਤ ਕਹਿੰਦੇ ਨੇ : ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

IAF Strike ਦੇ ਬਾਅਦ ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ ਦੇ ਮਾਹੌਲ ਦੇ ਵਿਚ ਨਵਜੋਤ ਸਿੰਘ ਸਿੱਧੂ ਨੇ ਤੰਜ ਕੱਸਿਆ ਹੈ। ਪੁਲਵਾਮਾ ਵਿਚ ਅਤਿਵਾਦੀ...

Navjot Singh Sidhu

ਚੰਡੀਗੜ੍ਹ : IAF Strike ਤੋਂ ਬਾਅਦ ਭਾਰਤ-ਪਾਕਿਸਤਾਨ ਵਿਚ ਬਣੇ ਤਣਾਅ ਦੇ ਮਾਹੌਲ ਦੇ ਵਿਚ ਨਵਜੋਤ ਸਿੰਘ ਸਿੱਧੂ ਨੇ ਤੰਜ ਕੱਸਿਆ ਹੈ। ਪੁਲਵਾਮਾ ਵਿਚ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਦੀ ਏਅਰ ਸਟਰਾਈਕ ਤੋਂ ਬਾਅਦ ਸਿਆਸੀ ਖਿੱਚੋਤਾਣ ਉਤੇ ਕਾਂਗਰਸ ਦੇ ਨੇਤਾ ਨਵਜੋਤ ਸਿੱਧੂ ਨੇ ਚਾਣਕਿਆ ਦੀ ਕਹੀ ਗੱਲ ਦਾ ਜ਼ਿਕਰ ਕੀਤਾ। ਉਨ੍ਹਾਂ ਨੇ ਅਪਣੇ ਟਵਿੱਟਰ ਉਤੇ ਲਿਖਿਆ, ‘ਜਿਸ ਜੰਗ ਵਿਚ ਬਾਦਸ਼ਾਹ ਦੀ ਜਾਨ ਨੂੰ ਖ਼ਤਰਾ ਨਾ ਹੋਵੇ, ਉਸ ਨੂੰ ਜੰਗ ਨਹੀਂ ਰਾਜਨੀਤੀ ਕਹਿੰਦੇ ਹਨ।

ਲੜਾਈ ਦੀ ਸ਼ਰਨ ਨਾਕਾਮ ਸਰਕਾਰਾਂ ਲੈਂਦੀਆਂ ਹਨ।’ ਉਨ੍ਹਾਂ ਨੇ ਪੁੱਛਿਆ ਕਿ ਫੋਕੇ ਰਾਜਨੀਤਕ ਉਦੇਸ਼ਾਂ ਨੂੰ ਪੂਰਾ ਕਰਨ ਲਈ ਅਤੇ ਕਿੰਨੇ ਨਿਰਦੋਸ਼ ਲੋਕਾਂ ਅਤੇ ਜਵਾਨਾਂ ਦੀ ਜਾਨ ਜਾਵੇਗੀ? ਸਿੱਧੂ ਨੇ ਅਪਣੇ ਬਿਆਨ ਵਿਚ ਕਿਸੇ ਦੇ ਨਾਮ ਦਾ ਜ਼ਿਕਰ ਨਹੀਂ ਕੀਤਾ ਪਰ ਭਾਰਤ-ਪਾਕਿ ਦੀ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਮੰਨਿਆ ਜਾ ਰਿਹਾ ਹੈ ਕਿ ਉਨ੍ਹਾਂ ਦਾ ਇਸ਼ਾਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲ ਹੈ।

ਭਾਰਤ-ਪਾਕਿ ਵਿਚਾਲੇ ਤਣਾਅ ਦੇ ਚੱਲਦੇ ਪਾਕਿ ਪ੍ਰਧਾਨ ਮੰਤਰੀ ਵਲੋਂ ਵਿੰਗ ਕਮਾਂਡਰ ਅਭਿਨੰਦਨ ਦੀ ਰਿਹਾਈ ਦੇ ਐਲਾਨ ਅਤੇ ਨਾਲ ਹੀ ਸ਼ਾਂਤੀ ਦਾ ਪ੍ਰਸਤਾਵ ਦੇਣ ਉਤੇ ਨਵਜੋਤ ਸਿੰਘ ਸਿੱਧੂ ਨੇ ਇਕ ਟਵੀਟ ਕਰਕੇ ਪਾਕਿ ਪੀਐਮ ਦੀ ਪ੍ਰਸ਼ੰਸਾ ਕੀਤੀ। ਸਿੱਧੂ ਨੇ ਟਵੀਟ ਵਿਚ ਲਿਖਿਆ ਹੈ ਕਿ  ਹਰ ਨੇਕ ਕੰਮ ਇਕ ਨਵਾਂ ਰਸਤਾ ਬਣਾਉਂਦਾ ਹੈ। ਤੁਹਾਡੀ ਪਹਿਲ ਅਤੇ ਸਦਭਾਵ ਇਕ ਅਰਬ ਲੋਕਾਂ ਲਈ ਖੁਸ਼ੀ ਦਾ ਪਿਆਲਾ ਹੈ ਅਤੇ ਇਕ ਦੇਸ਼ ਲਈ ਆਨੰਦ ਦੀ ਵਜ੍ਹਾ ਹੈ।

ਨਵਜੋਤ ਸਿੱਧੂ ਨੇ ਇਕ ਸੁਨੇਹਾ ਜਾਰੀ ਕੀਤਾ ਹੈ। ਭਾਰਤ ਅਤੇ ਪਾਕਿਸਤਾਨ ਦੇ ਵਿਚ ਤਣਾਅ ਦੇ ਮਾਹੌਲ ਨੂੰ ਵੇਖਦੇ ਹੋਏ ਉਨ੍ਹਾਂ ਨੇ ਲੋਕਾਂ ਨੂੰ ਸ਼ਾਂਤੀ ਦਾ ਸੁਨੇਹਾ ਦਿਤਾ ਹੈ। ਸਿੱਧੂ ਨੇ ਲਿਖਿਆ ਹੈ ਕਿ ਤੁਹਾਡਾ ਭਵਿੱਖ, ਤੁਹਾਡੀ ਚੋਣ ਉਤੇ ਨਿਰਭਰ ਕਰਦਾ ਹੈ। ਅੱਜ ਸਰਹੱਦ ਦੇ ਦੋਵਾਂ ਪਾਸੇ ਦੇ ਰਣਨੀਤੀਕਾਰ ਇਕ-ਦੂਜੇ ਨੂੰ ਨੁਕਸਾਨ ਪਹੁੰਚਾਉਣ ਦੀ ਤਿਆਰੀ ਵਿਚ ਹਨ। ਉਨ੍ਹਾਂ ਨੂੰ ਲੱਗਦਾ ਹੈ ਕਿ ਅਜਿਹੇ ਕਰਕੇ ਉਹ ਅਪਣੇ ਆਪ ਨੂੰ ਸੁਰੱਖਿਅਤ ਰੱਖ ਸਕਦੇ ਹਨ ਪਰ ਇਹ ਇਕ ਭੁਲੇਖਾ ਹੈ।

ਦੂਜਿਆਂ ਨੂੰ ਨੁਕਸਾਨ ਪਹੁੰਚਾਉਣ ਦੀ ਗੱਲ ਸੋਚਣਾ ਆਸਾਨ ਹੈ ਪਰ ਇਹ ਸੋਚ ਸਾਨੂੰ ਸੁਰੱਖਿਅਤ ਨਹੀਂ ਰੱਖ ਸਕਦੀ। ਮੈਂ ਇਕ ਅਜ਼ਾਦੀ ਸੈਨਾਪਤੀ ਦਾ ਪੁੱਤਰ ਹਾਂ, ਜੋ ਅਪਣੇ ਦੇਸ਼ ਦੇ ਨਾਲ ਖੜਾ ਹੈ। ਮੇਰੀ ਸੱਚੀ ਦੇਸ਼ਭਗਤੀ ਦੀ ਪਹਿਚਾਣ ਮੇਰਾ ਸਾਹਸ ਹੈ, ਜੋ ਇਸ ਡਰ ਦੇ ਵਿਰੁਧ ਸੀਨਾ ਤਾਣ ਕੇ ਖੜ੍ਹਾ ਹੈ। ਉਹ ਡਰ ਜਿਸ ਦੀ ਵਜ੍ਹਾ ਨਾਲ ਅੱਜ ਕਈ ਲੋਕ ਚੁੱਪੀ ਸਾਧੇ ਹੋਏ ਹਨ। ਮੈਂ ਅਪਣੇ ਸਿਧਾਂਤਾਂ ਉਤੇ ਕਾਇਮ ਹਾਂ ਕਿ ਕੁੱਝ ਲੋਕਾਂ ਦੀ ਗਲਤੀ ਦੀ ਵਜ੍ਹਾ ਕਰਕੇ ਪੂਰੇ ਸਮਾਜ ਭਾਈਚਾਰੇ ਨੂੰ ਦੋਸ਼ੀ ਠਹਿਰਾਉਣਾ ਠੀਕ ਨਹੀਂ ਹੈ।