Punjab Youth Congress: ਪੰਜਾਬ ਯੂਥ ਕਾਂਗਰਸ ਆਗਾਮੀ ਲੋਕ ਸਭਾ ਚੋਣਾਂ ਲਈ ਘਰ-ਘਰ ਜਾ ਕੇ ਸ਼ੁਰੂ ਕਰੇਗੀ ਮੁਹਿੰਮ: ਮੋਹਿਤ ਮਹਿੰਦਰਾ
ਯੂਥ ਕਾਂਗਰਸ ਨੇ 'ਜੈ ਜਵਾਨ ਜੈ ਕਿਸਾਨ ਜੈ ਨੌਜਵਾਨ' ਮੁਹਿੰਮ ਤਹਿਤ ਕੱਢਿਆ ਪੈਦਲ ਮਾਰਚ
Punjab Youth Congress: ਪੰਜਾਬ ਯੂਥ ਕਾਂਗਰਸ ਨੇ ਲੋਕ ਸਭਾ ਚੋਣਾਂ ਲਈ ਘਰ-ਘਰ ਜਾ ਕੇ ਮੁਹਿੰਮ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਅੱਜ ਫਿਰੋਜ਼ਪੁਰ ਵਿਚ ਅਪਣੇ ਪ੍ਰਮੁੱਖ ਪ੍ਰੋਗਰਾਮ "ਜੈ ਜਵਾਨ ਜੈ ਕਿਸਾਨ ਜੈ ਨੌਜਵਾਨ" ਲਈ ਜਾਗਰੂਕਤਾ ਮੁਹਿੰਮ ਚਲਾਈ ਗਈ। ਆਉਣ ਵਾਲੀਆਂ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਇਹ ਮੁਹਿੰਮ ਪੰਜਾਬ ਦੇ ਸਾਰੇ 13 ਸੰਸਦੀ ਹਲਕਿਆਂ ਤੋਂ ਸ਼ੁਰੂ ਕੀਤੀ ਜਾਵੇਗੀ। ਪੁੱਡਾ ਕਲੋਨੀ ਤੋਂ ਸ਼ੁਰੂ ਹੋ ਕੇ ਫਿਰੋਜ਼ਪੁਰ ਦੇ ਸ਼ਹੀਦ ਊਧਮ ਸਿੰਘ ਚੌਕ ਤਕ ਕੱਢੇ ਗਏ ਪੈਦਲ ਮਾਰਚ ਵਿਚ 400 ਤੋਂ ਵੱਧ ਬੇਰੁਜ਼ਗਾਰ ਨੌਜਵਾਨਾਂ ਨੇ ਹਿੱਸਾ ਲਿਆ।
ਮਾਰਚ ਤੋਂ ਬਾਅਦ ਪੰਜਾਬ ਯੂਥ ਕਾਂਗਰਸ ਦੇ ਪ੍ਰਧਾਨ ਮੋਹਿਤ ਮਹਿੰਦਰਾ, ਕੁਲਵੀਰ ਜ਼ੀਰਾ ਅਤੇ ਹੋਰਾਂ ਨੇ ਹੁਸੈਨੀਵਾਲਾ ਬਾਰਡਰ 'ਤੇ ਸ਼ਰਧਾਂਜਲੀ ਭੇਟ ਕੀਤੀ।
ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਮੋਹਿਤ ਮਹਿੰਦਰਾ ਨੇ ਕਿਹਾ ਕਿ ਅੱਜ ਯੂਥ ਕਾਂਗਰਸ ਪੰਜਾਬ ਵਿਚ ਪ੍ਰਦੇਸ਼ ਕਾਂਗਰਸ ਲਈ ਅਪਣੀ ਸਹਿਯੋਗੀ ਭੂਮਿਕਾ ਨਿਭਾਉਣ ਲਈ ਆਗਾਮੀ ਲੋਕ ਸਭਾ ਚੋਣਾਂ ਲਈ ਜ਼ੋਰਦਾਰ ਪ੍ਰਚਾਰ ਕਰਨ ਲਈ ਤਿਆਰ ਹੈ। ਯੂਥ ਕਾਂਗਰਸ ਪਾਰਟੀ ਉਮੀਦਵਾਰਾਂ ਲਈ ਪ੍ਰਚਾਰ ਕਰਨ ਵਿਚ ਮਹੱਤਵਪੂਰਨ ਭੂਮਿਕਾ ਨਿਭਾਏਗੀ। ਨੌਜਵਾਨ ਕਾਂਗਰਸ ਪਾਰਟੀ ਦੀ ਰੀੜ੍ਹ ਦੀ ਹੱਡੀ ਹਨ। ਅਸੀਂ ਕਿਸਾਨਾਂ, ਨੌਜਵਾਨਾਂ ਅਤੇ ਅਗਨੀਵੀਰਾਂ ਦੇ ਮੁੱਦੇ ਨੂੰ ਪੰਜਾਬ ਦੇ ਹਰ ਘਰ ਤਕ ਪਹੁੰਚਾਵਾਂਗੇ।
ਮੋਹਿਤ ਨੇ ਕਿਸਾਨਾਂ ਦੇ ਮੁੱਦੇ ਨੂੰ ਲੈ ਕੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁੱਦੇ ਨੂੰ ਸਿਰਫ ਰਾਜਨੀਤਿਕ ਮਾਨਸਿਕਤਾ ਨਾਲ ਹੱਲ ਕੀਤਾ ਜਾ ਸਕਦਾ ਹੈ। ਰਾਹੁਲ ਗਾਂਧੀ ਦੀ ਅਗਵਾਈ ਹੇਠ ਕਾਂਗਰਸ ਪਾਰਟੀ ਪਹਿਲਾਂ ਹੀ ਕਿਸਾਨਾਂ ਨੂੰ ਪੂਰਾ ਸਮਰਥਨ ਦੇ ਚੁੱਕੀ ਹੈ ਅਤੇ ਵਾਅਦਾ ਕਰ ਚੁੱਕੀ ਹੈ ਕਿ 2024 ਵਿਚ ਸਰਕਾਰ ਬਣਨ ਤੋਂ ਬਾਅਦ ਕਾਂਗਰਸ ਪਾਰਟੀ ਸਾਰੀਆਂ 22 ਫਸਲਾਂ 'ਤੇ ਘੱਟੋ-ਘੱਟ ਸਮਰਥਨ ਮੁੱਲ ਲਿਆਏਗੀ। ਉਨ੍ਹਾਂ ਇਹ ਵੀ ਕਿਹਾ ਕਿ ਕੇਂਦਰ ਸਰਕਾਰ ਘੱਟੋ-ਘੱਟ ਸਮਰਥਨ ਮੁੱਲ ਦੀ ਗਰੰਟੀ ਦੇਣ ਵਿਚ ਬੁਰੀ ਤਰ੍ਹਾਂ ਅਸਫਲ ਰਹੀ ਹੈ।
ਮੋਹਿਤ ਨੇ ਇਹ ਵੀ ਕਿਹਾ ਕਿ ਕੀ ਭਾਰਤ ਦੇ ਪ੍ਰਧਾਨ ਮੰਤਰੀ ਇਹ ਅੰਕੜਾ ਦੇ ਸਕਦੇ ਹਨ ਕਿ ਉਨ੍ਹਾਂ ਦੀ ਸਰਕਾਰ ਨੇ ਨੌਂ ਸਾਲਾਂ ਵਿਚ ਕਿੰਨੇ ਰੁਜ਼ਗਾਰ ਦਿਤੇ ਹਨ। ਅੱਜ ਹਰ ਛੇਵਾਂ ਗ੍ਰੈਜੂਏਟ ਬੇਰੁਜ਼ਗਾਰ ਹੈ ਜਦਕਿ ਮੋਦੀ ਦੀ ਅਗਵਾਈ ਵਾਲੀ ਸਰਕਾਰ ਦੇ 9 ਸਾਲਾਂ ਵਿਚ 22 ਕਰੋੜ ਬੇਰੁਜ਼ਗਾਰਾਂ ਨੇ ਕੇਂਦਰ ਸਰਕਾਰ ਵਿਚ ਨੌਕਰੀਆਂ ਲਈ ਅਰਜ਼ੀਆਂ ਦਿਤੀਆਂ ਹਨ। ਭਾਰਤ ਵਿਚ ਵਿਸ਼ਵ ਵਿਚ ਸੱਭ ਤੋਂ ਵੱਧ ਨੌਜਵਾਨ ਵੋਟਰ ਹਨ ਜਦਕਿ ਸਾਡੇ 60% ਨੌਜਵਾਨ ਬੇਰੁਜ਼ਗਾਰ ਹਨ। 42% 20 ਤੋਂ 24 ਸਾਲ ਦੀ ਉਮਰ ਦੇ ਵਿਚਕਾਰ ਬੇਰੁਜ਼ਗਾਰ ਹਨ। ਦੇਸ਼ ਬੇਰੁਜ਼ਗਾਰੀ ਦੀ ਮਾਰ ਹੇਠ ਹੈ। ਦੇਸ਼ ਵਿਚ ਮੌਜੂਦਾ ਬੇਰੁਜ਼ਗਾਰੀ ਦੀ ਸਥਿਤੀ ਤੋਂ ਸਰਕਾਰ ਨੇ ਅੱਖਾਂ ਬੰਦ ਕਰ ਲਈਆਂ ਹਨ। ਅੱਜ ਦੇਸ਼ ਵਿੱਤੀ ਸੰਕਟ ਵਿਚੋਂ ਗੁਜ਼ਰ ਰਿਹਾ ਹੈ ਜਿਸ ਕਾਰਨ ਬੇਰੁਜ਼ਗਾਰੀ ਦੀ ਦਰ ਕਈ ਗੁਣਾ ਵੱਧ ਗਈ ਹੈ। ਸੱਤਾ 'ਚ ਆਉਣ ਤੋਂ ਪਹਿਲਾਂ ਇਸ ਮੋਦੀ ਸਰਕਾਰ ਨੇ ਹਰ ਸਾਲ 2 ਕਰੋੜ ਨੌਕਰੀਆਂ ਦੇਣ ਦਾ ਵਾਅਦਾ ਕੀਤਾ ਸੀ ਜਿਸ ਨਾਲ 16 ਕਰੋੜ ਨੌਕਰੀਆਂ ਬਣਦੀਆਂ ਹਨ ਪਰ ਅਸਲੀਅਤ ਇਹ ਹੈ ਕਿ ਕੇਂਦਰ ਸਰਕਾਰ 'ਚ 22 ਕਰੋੜ ਨੌਜਵਾਨਾਂ ਨੇ ਵੱਖ-ਵੱਖ ਨੌਕਰੀਆਂ ਲਈ ਅਪਲਾਈ ਕੀਤਾ, ਜਿਨ੍ਹਾਂ 'ਚੋਂ 7 ਲੱਖ ਨੂੰ ਨੌਕਰੀਆਂ ਦਿਤੀਆਂ ਗਈਆਂ। ਦੇਸ਼ ਦੇ ਨੌਜਵਾਨਾਂ ਨੂੰ ਕੌਮੀ ਬੇਰੁਜ਼ਗਾਰੀ ਦਿਵਸ ਮਨਾਉਣਾ ਚਾਹੀਦਾ ਹੈ। ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੂੰ ਨੌਜਵਾਨਾਂ ਨੂੰ ਹੁਨਰ ਅਧਾਰਤ ਸਿਖਲਾਈ ਦੇ ਕੇ ਆਤਮ ਨਿਰਭਰ ਬਣਾਉਣ ਬਾਰੇ ਸੋਚਣਾ ਚਾਹੀਦਾ ਹੈ ਤਾਂ ਜੋ ਉਹ ਵਿਦੇਸ਼ਾਂ ਵੱਲ ਆਕਰਸ਼ਿਤ ਨਾ ਹੋਣ।
ਅਗਨੀਵੀਰਾਂ ਦੇ ਮੁੱਦੇ 'ਤੇ ਮੋਹਿਤ ਨੇ ਕਿਹਾ ਕਿ ਅਜਿਹੇ 60 ਤੋਂ ਵੱਧ ਨੌਜਵਾਨ ਉਮੀਦਵਾਰ, ਜੋ ਅਪਣੇ ਨਿਯੁਕਤੀ ਪੱਤਰਾਂ ਦੀ ਉਡੀਕ ਕਰ ਰਹੇ ਸਨ, ਨੇ ਲਿਖਤੀ ਪ੍ਰੀਖਿਆ, ਇੰਟਰਵਿਊ, ਸਰੀਰਕ ਅਤੇ ਮੈਡੀਕਲ ਟੈਸਟਾਂ ਸਮੇਤ ਭਰਤੀ ਦੇ ਮਾਪਦੰਡਾਂ ਨੂੰ ਪਾਸ ਕਰਨ 'ਤੇ ਚੁਣੇ ਜਾਣ ਤੋਂ ਬਾਅਦ ਵੀ ਰੱਖਿਆ ਬਲਾਂ ਵਿਚ ਭਰਤੀ ਤੋਂ ਇਨਕਾਰ ਕੀਤੇ ਜਾਣ ਤੋਂ ਬਾਅਦ ਖੁਦਕੁਸ਼ੀ ਕਰ ਲਈ ਸੀ।
ਪੰਜਾਬ ਸਰਕਾਰ 'ਤੇ ਵਰ੍ਹਦਿਆਂ ਕੁਲਬੀਰ ਸਿੰਘ ਜ਼ੀਰਾ ਨੇ ਕਿਹਾ ਕਿ ਮੁੱਖ ਮੰਤਰੀ ਨੇ ਕਿਹਾ ਸੀ ਕਿ ਸਰਕਾਰ ਬਣਨ ਮਗਰੋਂ ਕਿਸਾਨਾਂ ਨੂੰ 22 ਫਸਲਾਂ ਉਤੇ ਘੱਟੋ ਘੱਟ ਸਮਰਥਨ ਮੁੱਲ ਦਿਤਾ ਜਾਵੇਗਾ ਪਰ ਅੱਜ ਅਫ਼ਸੋਸ ਦੀ ਗੱਲ ਹੈ ਕਿ ਦੋ ਸਾਲਾਂ ਬਾਅਦ ਹੁਣ ਉਹ ਐਮਐਸਪੀ ਦੇਣ ਲਈ ਕੇਂਦਰ ਨੂੰ ਕਹਿ ਰਹੀ ਹੈ।