ਲੁਧਿਆਣਾ ’ਚ ਮਿਲਿਆ ਇਕ ਹੋਰ ਕੋਰੋਨਾ ਪਾਜ਼ੀਟਿਵ ਕੇਸ, ਪੰਜਾਬ ’ਚ ਕੁੱਲ 42 ਮਰੀਜ਼
72 ਸਾਲਾ ਔਰਤ ਦੀ ਧੀ ਦਾ ਟੈਸਟ ਵੀ ਕੀਤਾ ਗਿਆ ਹੈ ਪਰ ਉਸ ਦਾ ਟੈਸਟ–ਨੈਗੇਟਿਵ ਆਇਆ ਹੈ
ਚੰਡੀਗੜ੍ਹ- ਕੋਰੋਨਾ ਵਾਇਰਸ ਦਾ ਕਹਿਰ ਪੂਰੀ ਦੁਨੀਆਂ ਵਿਚ ਜਾਰੀ ਹੈ ਤੇ ਹੁਣ ਲੁਧਿਆਣਾ ’ਚ ਇੱਕ ਹੋਰ ਕੋਰੋਨਾ–ਪਾਜ਼ਿਟਿਵ ਮਰੀਜ਼ ਮਿਲਿਆ ਹੈ। ਇਹ ਮਰੀਜ਼ ਇਕ ਔਰਤ ਹੈ। ਪੰਜਾਬ ’ਚ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ ਹੁਣ ਵਧ ਕੇ 42 ਹੋ ਗਈ। ਲੁਧਿਆਣਾ ’ਚ ਮਿਲੇ ਤਾਜ਼ਾ ਕੇਸ ’ਚ ਔਰਤ ਦੀ ਉਮਰ 72 ਸਾਲ ਹੈ ਤੇ ਉਹ ਉਸ ਔਰਤ ਦੀ ਗੁਆਂਢਣ ਹੈ, ਜਿਸ ਦੀ ਬੀਤੇ ਦਿਨੀਂ ਕੋਰੋਨਾ ਵਾਇਰਸ ਕਾਰਨ ਹੀ ਮੌਤ ਹੋ ਗਈ ਸੀ।
ਇਹ ਕੇਸ ਮੁਹੱਲਾ ਅਮਰਪੁਰਾ ’ਚੋਂ ਮਿਲਿਆ ਹੈ। 72 ਸਾਲਾ ਔਰਤ ਦੀ ਧੀ ਦਾ ਟੈਸਟ ਵੀ ਕੀਤਾ ਗਿਆ ਹੈ ਪਰ ਉਸ ਦਾ ਟੈਸਟ–ਨੈਗੇਟਿਵ ਆਇਆ ਹੈ। ਇਸ ਦੇ ਨਾਲ ਹੀ ਦੱਸ ਦਈਏ ਕਿ ਬੀਤੇ ਦਿਨੀਂ ਚੰਡੀਗੜ੍ਹ ਵਿਚੋਂ ਕੋਰੋਨਾ ਦੇ ਪੰਜ ਮਰੀਜ਼ ਮਿਲੇ ਹਨ। ਯੂਟੀ ਵਿਭਾਗ ਦੇ ਅਨੁਸਾਰ ਦੁਬਈ ਤੋਂ ਵਾਪਸ ਆਏ ਇਕ 22 ਸਾਲਾਂ ਨੌਜਵਾਨ ਦੀ 40 ਸਾਲਾ ਮਾਂ ਤੇ ਉਸ ਨੌਜਵਾਨ ਦੇ ਦੋ ਦੋਸਤ ਜਿਹਨਾਂ ਵਿਚਕਾਰ ਸੋਮਵਾਰ ਨੂੰ ਦੇਰ ਸ਼ਾਮ ਕੋਰੋਨਾ ਦੀ ਪੁਸ਼ਟੀ ਹੋਈ ਹੈ।
ਇਸ ਤੋਂ ਇਲਾਵਾ ਇਕ 32 ਸਾਲਾ ਜੋੜਾ ਹਾਲ ਹੀ ਵਿਚ ਕੈਨੇਡਾ ਤੋਂ ਵਾਪਸ ਆਇਆ ਸੀ ਜਿਹਨਾਂ ਨੂੰ ਸੋਮਵਾਰ ਨੂੰ ਕੋਰੋਨਾ ਵਾਇਰਸ ਹੋਣ ਦੀ ਪੁਸ਼ਟੀ ਕੀਤੀ ਗਈ। ਇਹਨਾਂ 5 ਮਰੀਜ਼ਾਂ ਨੂੰ ਜੀਐਮਸੀਐਚ-32 ਦੇ ਆਈਸੋਲੇਸ਼ਨ ਵਾਰਡ 'ਚ ਦਾਖਲ ਕਰਵਾਇਆ ਗਿਆ ਹੈ। ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਦੇ ਚਲਦੇ ਮੋਦੀ ਸਰਕਾਰ ਨੇ 21 ਦਿਨਾਂ ਦੇ ਲੌਕਡਾਊਨ ਦਾ ਐਲਾਨ ਕੀਤਾ ਸੀ।
ਇਸ ਲੌਕਡਾਊਨ ਦੇ ਵਿਚਕਾਰ ਕਈ ਸੇਵਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਤੇ ਹੁਣ ਇਕ ਵਾਰ ਫਿਰ ਪੰਜਾਬ ਸਰਕਾਰ ਨੇ ਜਰੂਰੀ ਸੇਵਾਵਾਂ ਤੇ ਸੰਸਥਾਵਾਂ ਨੂੰ ਖੁੱਲ੍ਹਾ ਰੱਖਣ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਸਨ। ਮੁੱਖ ਸਕੱਤਰ ਨੇ ਪ੍ਰਸ਼ਾਸ਼ਨਿਕ ਸਕੱਤਰਾਂ, ਵਿਭਾਗਾਂ ਦੇ ਮੁਖੀਆਂ, ਮੰਡਲ ਕਮਿਸ਼ਨਰਾਂ, ਡਿਪਟੀ ਕਮਿਸ਼ਨਰਾਂ, ਰੇਂਜ ਦੇ ਆਈਜੀ ਤੇ ਡੀਆਈਜੀ, ਐਸਐਸਪੀ ਆਦਿ ਨੂੰ ਇਹਨਾਂ ਹੁਕਮਾਂ ਦੀ ਸਖਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਨਿਰਦੇਸ਼ ਦਿੱਤੇ ਸਨ।
ਇਹਨਾਂ ਨਿਰਦੇਸ਼ਾਂ ਵਿਚ ਸਾਫ ਕਰ ਦਿੱਤਾ ਗਿਆ ਸੀ ਕਿ ਥੋਕ ਸਟੋਰ, ਕਰਿਆਨਾ, ਮੰਡੀ ਗੁਦਾਮ, ਜਰੂਰੀ ਚੀਜ਼ਾਂ ਤੇ ਸੇਵਾਵਾਂ ਦੀ ਢੁੱਕਵੀਂ ਤੇ ਨਿਰੰਤਰ ਸਪਲਾਈ ਨੂੰ ਯਕੀਨੀ ਬਣਾਉਣ ਲਈ ਸਿਰਫ ਹੋਮ ਡਿਲਵਰੀ ਲਈ ਖੋਲ੍ਹਿਆ ਜਾਵੇਗਾ। ਤਾਜੇ ਭੋਜਨ, ਫਲ ਤੇ ਸਬਜ਼ੀਆਂ, ਅੰਡੇ, ਪੋਲਟਰੀ, ਮੀਟ ਤੇ ਹੋਰ ਖਾਣ ਪੀਣ ਦੀਆਂ ਵਸਤਾਂ ਦੀ ਸਪਲਾਈ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ। ਦੁਕਾਨਾਂ, ਬੇਕਰੀ, ਖਾਣਾ ਬਣਾਉਣ, ਆਮ ਸਟੋਰ, ਕਰਿਆਨੇ, ਈ-ਕਾਮਰਸ, ਡਿਜੀਟਲ ਡਿਲਿਵਰੀ, ਹੋਮ ਡਿਲਿਵਰੀ, ਐਲਪੀਜੀ, ਕੋਲਾ, ਬਾਲਣ ਤੇ ਹੋਰ ਤੇਲ ਦੀ ਸਪਲਾਈ ਲੋਕਾਂ ਨੂੰ ਬਿਨਾਂ ਕਿਸੇ ਪ੍ਰੇਸ਼ਾਨੀ ਦੇ ਕੀਤੀ ਜਾਵੇਗੀ।
ਪਸ਼ੂ ਫੀਡ, ਪੋਲਟਰੀ ਫੀਡਜ਼, ਵੈਟਰਨਰੀ ਦਵਾਈਆਂ, ਪਸ਼ੂ ਹਸਪਤਾਲ, ਦੁੱਧ ਦੇ ਪਲਾਂਟ ਆਦਿ ਖੁੱਲੇ ਰਹਿਣਗੇ। ਇਸ ਦੇ ਨਾਲ ਹੀ ਬੀਜ, ਕੀਟਨਾਸ਼ਕਾਂ, ਖਾਦ, ਖੇਤੀਬਾੜੀ ਸਪਲਾਈ, ਖੇਤੀਬਾੜੀ ਉਪਕਰਣ, ਕੰਬਾਈਨ ਆਦਿ ਵੀ ਉਪਲੱਬਧ ਕਰਵਾਏ ਜਾਣਗੇ। ਪੈਟਰੋਲ ਪੰਪਾਂ ਤੇ ਕੋਈ ਰੋਕ ਨਹੀਂ ਹੋਵੇਗੀ। ਪੈਕਿੰਗ ਸਮੱਗਰੀ, ਪਲਾਸਟਿਕ ਬੈਗ ਆਦਿ ਦੀ ਸਪਲਾਈ ਜਾਰੀ ਰਹੇਗੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।