ਚੋਣ ਕਮਿਸ਼ਨ ਨੇ ਖੰਨਾ ਪੁਲਿਸ ਜ਼ਿਲ੍ਹੇ ਦਾ SSP ਬਦਲਿਆ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਚੋਣ ਕਮਿਸ਼ਨ ਨੇ ਅੱਜ ਖੰਨਾ ਦੇ ਐਸ ਐਸ ਪੀ ਧਰੁਵ ਦਹੀਆ ਦਾ ਤਬਾਦਲਾ ਕਰ ਦਿੱਤਾ ਹੈ...

SSP Khanna, Dharuv Dahiya

ਚੰਡੀਗੜ੍ਹ - ਚੋਣ ਕਮਿਸ਼ਨ ਨੇ ਅੱਜ ਖੰਨਾ ਦੇ SSP, IPS ਅਫ਼ਸਰ ਸ਼੍ਰੀ ਧਰੁਵ ਦਹੀਆ ਦਾ ਤਬਾਦਲਾ ਕਰ ਦਿੱਤਾ ਹੈ। ਪੀਪੀਐਸ ਅਫਸਰ ਗੁਰਸ਼ਰਨਜੀਤ ਸਿੰਘ ਨੂੰ ਨਵਾਂ ਜ਼ਿਲ੍ਹਾ ਪੁਲੀਸ ਮੁਖੀ ਨਿਯੁਕਤ ਕੀਤਾ ਹੈ। ਜਲੰਧਰ ਦੇ ਪਾਦਰੀ ਐਂਥਨੀ ਦੇ ਘਰ  ਪੁਲੀਸ ਮੁਲਾਜ਼ਮਾਂ ਵੱਲੋਂ ਮਾਰੇ ਕਥਿਤ ਡਾਕੇ ਦੇ ਦੋਸ਼ਾਂ ਕਾਰਨ ਧਰੁਵ ਦਹੀਆ ਦੀ ਕਾਰਗੁਜ਼ਾਰੀ ‘ਤੇ ਲਗਾਤਾਰ ਸਵਾਲ ਉੱਠ ਰਹੇ ਸਨ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਪੰਜਾਬ ਦੇ ਡੀਜੀਪੀ ਦਿਨਕਰ ਗੁਪਤਾ ਨੇ ਖੰਨਾ ਪੁਲਿਸ ਵੱਲੋਂ ਰੋਮਨ ਕੈਥੋਲਿਕ ਗਿਰਜਾ ਘਰ ਦੇ ਪਾਦਰੀ ਦੇ ਜਲੰਧਰ ਸਥਿਤ ਘਰ ‘ਤੇ ਛਾਪਾ ਮਾਰ ਕੇ ਬਰਾਮਦ ਕੀਤੇ ਗਏ ਕਰੋੜਾਂ ਰੁਪਏ ਦੀ ਕਥਿਤ ਦੁਰਵਰਤੋਂ ਦੀ ਜਾਂਚ ਦੇ ਹੁਕਮ ਦੇ ਦਿੱਤੇ ਸੀ। ਇਹ ਜਾਂਚ ਆਈ ਜੀ ਕ੍ਰਾਈਮ ਪ੍ਰਵੀਨ ਕੁਮਾਰ ਸਿਨਹਾ ਨੂੰ ਦਿੱਤੀ ਗਈ ਸੀ।

ਗਿਰਜਾ ਘਰ ਦੇ ਜਲੰਧਰ ਦੇ ਪਾਦਰੀ ਐਂਥਨੀ ਮੈਡਾਸੇਰੀ ਨੇ ਪ੍ਰੈਸ ਕਾਂਨਫਰੰਸ ਕਰਕੇ ਖੰਨਾ ਪੁਲਿਸ ਵਿਰੁੱਧ 6.66 ਕਰੋੜ ਰੁਪਏ ਦੀ ਹੇਰਾਫੇਰੀ ਦਾ ਗੰਭੀਰ ਦੋਸ਼ ਲਗਾਏ ਸਨ। ਉਥੇ ਹੀ, ਪੁਲਿਸ ਵੱਲੋਂ ਅਪਣੇ ਪੱਧਰ ‘ਤੇ ਕੀਤੀ ਗਈ ਮੁੱਢਲੀ ਜਾਂਚ ਵਿਚ ਵੀਡੀਆਈਜੀ ਪੱਧਰ ਦੇ ਇਕ ਅਧਿਕਾਰੀ ਵੱਲੋਂ ਮਾਮਲੇ ‘ਤੇ ਸ਼ੱਕ ਜਤਾਉਂਦੇ ਹੋਏ ਇਸ ਦੀ ਉੱਚ ਪੱਧਰ ਜਾਂਚ ਦੀ ਸਿਫ਼ਾਰਿਸ਼ ਡੀਜੀਪੀ ਨੂੰ ਕੀਤੀ ਗਈ ਸੀ। ਉਸ ਤੋਂ ਬਾਅਦ ਹੀ ਡੀਜੀਪੀ ਪੰਜਾਬ ਦਿਨਕਰ ਗੁਪਤਾ ਵੱਲੋਂ ਇਹ ਜਾਂਚ ਕਰਾਉਣ ਦਾ ਫ਼ੈਸਲਾ ਲਿਆ ਗਿਆ ਸੀ।

ਇਥੇ ਦੱਸਣਯੋਗ ਹੈ ਕਿ ਖੰਨਾ ਪੁਲਿਸ ਦੇ ਐਸ.ਐਸ.ਪੀ ਧਰੁਵ ਦਹੀਆ ਵੱਲੋਂ ਪ੍ਰੈਸ ਕਾਂਨਫਰੰਸ ਕਰਕੇ ਇਹ ਖੁਲਾਸਾ ਕੀਤੀ ਗਿਆ ਸੀ ਕਿ ਛਾਪੇਮਾਰੀ ਵਿਚ 9.66 ਕਰੋੜ ਬਰਾਮਦ ਹੋਏ ਸਨ, ਜਦਕਿ ਪਾਦਰੀ ਦਾ ਕਹਿਣਾ ਸੀ ਕਿ ਉਕਤ ਰਾਸ਼ੀ 16 ਕਰੋੜ ਤੋਂ ਜ਼ਿਆਦਾ ਸੀ ਅਤੇ ਉਸ ਦਾ ਪੂਰਾ ਹਿਸਾਬ-ਕਿਸਾਬ ਉਨ੍ਹਾਂ ਦੋ ਕੋਲ ਮੌਜੂਦ ਹੈ ਅਤੇ ਉਕਤ ਰਾਸ਼ੀ ਉਸ ਸਮੇਂ ਜ਼ਬਤ ਕੀਤੀ ਗਈ ਜਦੋਂ ਬੈਂਕ ਦੇ ਅਧਿਕਾਰੀ ਉਸ ਨੂੰ ਜਮ੍ਹਾਂ ਕਰਨ ਲਈ ਗਿਣਤੀ ਕਰ ਰਹੇ ਸਨ।