ਹਨੀਪ੍ਰੀਤ ਦੀ ਜ਼ਮਾਨਤ ਪਟੀਸ਼ਨ 'ਤੇ ਸੁਣਵਾਈ 9 ਮਈ ਤਕ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਟੀਸ਼ਨ 'ਚ ਹਨੀਪ੍ਰੀਤ ਨੇ ਕੀਤਾ ਦਾਅਵਾ - ਪੰਚਕੂਲਾ ਹਿੰਸਾ 'ਚ ਉਸ ਦੀ ਕੋਈ ਭੂਮਿਕਾ ਨਹੀਂ ਸੀ

Honeypreet bail plea adjourned till May 9

ਚੰਡੀਗੜ੍ਹ : ਡੇਰਾ ਸੌਦਾ ਸਾਧ ਦੀ ਮੂੰਹ ਬੋਲੀ ਧੀ ਅਤੇ ਪੰਚਕੂਲਾ ਹਿੰਸਾ ਮਾਮਲੇ 'ਚ ਦੋਸ਼ੀ ਪ੍ਰਿਅੰਕਾ ਤਨੇਜਾ ਉਰਫ਼ ਹਨੀਪ੍ਰੀਤ ਨੇ ਹਾਈ ਕੋਰਟ 'ਚ ਜਮਾਨਤ ਲਈ ਪਟੀਸ਼ਨ ਦਾਖ਼ਲ ਕੀਤੀ ਸੀ, ਜਿਸ 'ਤੇ ਅੱਜ ਸੁਣਵਾਈ ਕਰਦਿਆਂ ਮਾਮਲਾ 9 ਮਈ ਤਕ ਟਾਲ ਦਿੱਤਾ ਹੈ। ਪਟੀਸ਼ਨ 'ਚ ਹਨੀਪ੍ਰੀਤ ਨੇ ਦਾਅਵਾ ਕੀਤਾ ਹੈ ਕਿ ਇਸ ਹਿੰਸਾ 'ਚ ਉਸ ਦੀ ਕੋਈ ਭੂਮਿਕਾ ਨਹੀਂ ਸੀ। 

ਜ਼ਿਕਰਯੋਗ ਹੈ ਕਿ ਸੌਦਾ ਸਾਧ ਨੂੰ 25 ਅਗਸਤ 2017 ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੰਚਕੂਲਾ ਹਿੰਸਾ ਮਾਮਲੇ 'ਚ ਸਾਜ਼ਸ਼ ਰਚਣ ਦੇ ਦੋਸ਼ਾਂ 'ਚ ਹਨੀਪ੍ਰੀਤ ਲਗਭਗ ਡੇਢ ਸਾਲ ਤੋਂ ਜੇਲ 'ਚ ਬੰਦ ਹੈ। ਹਨੀਪ੍ਰੀਤ ਨੇ ਆਪਣੀ ਜ਼ਮਾਨਤ ਦੀ ਅਰਜ਼ੀ 'ਚ ਲੰਮਾ ਸਮਾਂ ਜੇਲ ਵਿਚ ਕੱਟਣ ਨੂੰ ਆਧਾਰ ਬਣਾਇਆ ਅਤੇ ਜ਼ਮਾਨਤ ਦੀ ਗੁਜ਼ਾਰਿਸ਼ ਕੀਤੀ। ਉਸ ਨੇ ਕਿਹਾ ਕਿ ਇਸੇ ਕੇਸ 'ਚ ਕਈ ਹੋਰਨਾਂ ਡੇਰਾ ਪ੍ਰੇਮੀਆਂ ਨੂੰ ਜ਼ਮਾਨਤਾਂ ਮਿਲ ਚੁੱਕੀਆਂ ਹਨ। ਹਨੀਪ੍ਰੀਤ ਉੱਤੇ ਇਸ ਮਾਮਲੇ 'ਚ ਰਾਮ ਰਹੀਮ ਨੂੰ ਬਚਾ ਕੇ ਲੈ ਜਾਣ ਅਤੇ ਹਿੰਸਾ ਭੜਕਾਉਣ ਦੀ ਸਾਜ਼ਸ਼ ਰਚਣ ਦੇ ਦੋਸ਼ ਹਨ। 

ਜ਼ਿਕਰਯੋਗ ਹੈ ਕਿ ਪੰਚਕੂਲਾ 'ਚ ਵਾਪਰੀ ਵਿਆਪਕ ਹਿੰਸਾ ਅਤੇ ਅੱਗਜਨੀ ਦੇ ਕੇਸ 'ਚ ਅਕਤੂਬਰ 2017 'ਚ ਆਤਮ ਸਮਰਪਣ ਕਰਨ ਵਾਲੀ ਸੌਦਾ ਸਾਧ ਦੀ ਕਰੀਬੀ ਹਨੀਪ੍ਰੀਤ ਉਦੋਂ ਤੋਂ ਹੀ ਅੰਬਾਲਾ ਜੇਲ 'ਚ ਬੰਦ ਹੈ।