ਹਰਸਿਮਰਤ ਤੇ ਸੁਖਬੀਰ ਤੋਂ ਬਾਅਦ ਅੱਜ ਰਣੀਕੇ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਇਸ ਤੋਂ ਪਹਿਲਾਂ ਸੁਖਬੀਰ ਤੇ ਹਰਸਿਮਰਤ ਦਾ ਹੋਇਆ ਸੀ ਕਾਲੀਆਂ ਝੰਡੀਆਂ ਨਾਲ ਵਿਰੋਧ

People Protest Against Gulzar Singh Ranike

ਫਰੀਦਕੋਟ: ਬਠਿੰਡਾ ’ਚ ਹਰਸਿਮਰਤ ਤੇ ਫਿਰੋਜ਼ਪੁਰ ’ਚ ਸੁਖਬੀਰ ਤੋਂ ਬਾਅਦ ਅੱਜ ਫਰੀਦਕੋਟ ਲੋਕਸਭਾ ਹਲਕੇ ਤੋਂ ਅਕਾਲੀ ਦਲ ਦੇ ਉਮੀਦਵਾਰ ਗੁਲਜ਼ਾਰ ਸਿੰਘ ਰਣੀਕੇ ਦਾ ਲੋਕਾਂ ਨੇ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ। ਦਰਅਸਲ, ਗੁਲਜ਼ਾਰ ਸਿੰਘ ਰਣੀਕੇ ਅੱਜ ਬਰਗਾੜੀ ਨਾਲ ਲੱਗਦੇ ਪਿੰਡ ਵਿਚ ਚੋਣ ਪ੍ਰਚਾਰ ਕਰਨ ਪਹੁੰਚੇ, ਜਿੱਥੇ ਲੋਕਾਂ ਵਲੋਂ ਰਣੀਕੇ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ ਗਿਆ।

ਦੱਸ ਦਈਏ ਕਿ ਰਣੀਕੇ ਨੂੰ ਪਹਿਲਾਂ ਵੀ ਕਈ ਪਿੰਡਾਂ ਵਿਚ ਵਿਰੋਧ ਦਾ ਸਾਹਮਣਾ ਕਰਨਾ ਪਿਆ ਹੈ। ਇਸ ਬਾਰੇ ਸਾਬਕਾ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਲੋਕਾਂ ਨੂੰ ਅਪੀਲ ਵੀ ਕੀਤੀ ਸੀ ਕਿ ‘ਵੋਟਾਂ ਭਾਵੇਂ ਨਾ ਪਾਓ ਪਰ ਕਾਲੀਆਂ ਝੰਡੀਆਂ ਤਾਂ ਨਾ ਵਿਖਾਓ’। ਦੱਸ ਦਈਏ ਕਿ ਬੀਤੇ ਦਿਨ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਬਾਦਲ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕੀਤਾ ਗਿਆ। ਦਰਅਸਲ ਕਸਬਾ ਤਲਵੰਡੀ ਭਾਈ ’ਚ ਸੁਖਬੀਰ ਬਾਦਲ ਰੈਲੀ ਕਰਨ ਪਹੁੰਚੇ, ਜਿੱਥੇ ਪੰਥਕ ਜਥੇਬੰਦੀਆਂ ਨੇ ਸੁਖਬੀਰ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ।

ਮੁੱਦਕੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪਿੰਡ ਕੋਟ ਕਰੋੜ ਵਿਖੇ ਪਹੁੰਚਣ ’ਤੇ ਪੰਥਕ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਸੁਖਬੀਰ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਯੂਥ ਅਕਾਲੀ ਦਲ ਵਿਚਾਲੇ ਟਕਰਾਅ ਦੇ ਹਾਲਾਤ ਪੈਦਾ ਹੋ ਗਏ ਪਰ ਪੁਲਿਸ ਨੇ ਮੌਕਾ ਸੰਭਾਲ ਲਿਆ। ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿੱਖ ਸੰਗਤਾਂ ਨੂੰ ਸੱਦਾ ਦਿਤਾ ਕਿ ਬਾਦਲਾਂ ਨੂੰ ਹੁਣ ਸਜ਼ਾ ਦੇਣ ਦਾ ਢੁੱਕਵਾਂ ਸਮਾਂ ਹੈ।

ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਪਿੰਡਾਂ ਵਿਚ ਕਾਲੇ ਝੰਡੇ ਵਿਖਾਏ ਜਾਣ ਤੇ ਪਿੰਡਾਂ ਵਿਚ ਵੜਨ ਨਾ ਦਿਤਾ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਘਟਨਾ ਪਿੱਛੇ ਬਾਦਲਾਂ ਦਾ ਹੱਥ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਨਾਲ ਹੀ ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਕਾਲੀਆਂ ਝੰਡੀਆਂ ਨਹੀਂ ਸਗੋਂ ਕਾਲੇ ਝੰਡੇ ਵਿਖਾਓ।