ਰੋਡ ਸ਼ੋਅ ਦੌਰਾਨ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਗਰੇਵਾਲ ਦਾ ਸ਼ਾਨਦਾਰ ਸਵਾਗਤ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਅਕਾਲੀ-ਭਾਜਪਾ ਉਮੀਦਵਾਰ ਨੇ ਕਿਹਾ ਕਿ ਵਿਕਾਸ ਤੇ ਲੋਕ ਭਲਾਈ ਉਨ੍ਹਾਂ ਦੇ ਗਠਜੋੜ ਦਾ ਇੱਕੋ ਇੱਕ ਏਜੰਡਾ ਹੈ...

Maheshinder Grewal

ਲੁਧਿਆਣਾ : ਲੁਧਿਆਣਾ ਲੋਕ ਸਭਾ ਹਲਕੇ ਤੋਂ ਅਕਾਲੀ-ਭਾਜਪਾ ਉਮੀਦਵਾਰ ਮਹੇਸ਼ਇੰਦਰ ਸਿੰਘ ਗਰੇਵਾਲ ਦਾ ਲੁਧਿਆਣਾ ਕੇਂਦਰੀ ਵਿਧਾਨ ਸਭਾ ਹਲਕੇ ਚ ਕੱਢੇ ਗਏ ਵਿਸ਼ਾਲ ਰੋਡ ਸ਼ੋ ਦੌਰਾਨ ਸ਼ਾਨਦਾਰ ਸਵਾਗਤ ਕੀਤਾ ਗਿਆ। ਇਸ ਦੌਰਾਨ ਭਖਦੀ ਗਰਮੀ ਦੇ ਬਾਵਜੂਦ ਉਨ੍ਹਾਂ ਦਾ ਸਵਾਗਤ ਕਰਨ ਲਈ ਸਮਾਜ ਦੇ ਹਰ ਵਰਗ ਨਾਲ ਸਬੰਧਤ ਲੋਕ ਉਮੜ ਆਏ ਤੇ ਹਜ਼ਾਰਾਂ ਦੀ ਗਿਣਤੀ ਚ ਲੋਕਾਂ ਨੇ ਉਨ੍ਹਾਂ ਦਾ ਸਮਰਥਨ ਕੀਤਾ।

ਇਸ ਦੌਰਾਨ ਸੀਨੀਅਰ ਭਾਜਪਾ ਆਗੂਆਂ ਚ ਜਤਿੰਦਰ ਮਿੱਤਲ ਜ਼ਿਲ੍ਹਾ ਭਾਜਪਾ ਪ੍ਰਧਾਨ, ਗੁਰਦੇਵ ਸ਼ਰਮਾ ਦੇਬੀ ਤੇ ਯੁਵਾ ਮੋਰਚਾ ਦੇ ਹੋਰ ਆਗੂਆਂ ਦੇ ਨਾਲ ਗਰੇਵਾਲ ਦਾ ਕਾਫ਼ਲਾ ਵੱਖ ਵੱਖ ਇਲਾਕਿਆਂ ਤੋਂ ਹੋ ਕੇ ਨਿਕਲਿਆ। ਰਸਤੇ ਚ ਉਨ੍ਹਾਂ ਕਈ ਧਾਰਮਿਕ ਸਥਾਨਾਂ ਤੇ ਮੱਥਾ ਟੇਕਿਆ, ਜਿੱਥੇ ਉਨ੍ਹਾਂ ਸਰੋਪੇ ਵੀ ਪਾਏ ਗਏ। ਇਸ ਮੌਕੇ ਸੰਬੋਧਨ ਕਰਦਿਆਂ, ਅਕਾਲੀ-ਭਾਜਪਾ ਉਮੀਦਵਾਰ ਨੇ ਕਿਹਾ ਕਿ ਵਿਕਾਸ ਤੇ ਲੋਕ ਭਲਾਈ ਉਨ੍ਹਾਂ ਦੇ ਗਠਜੋੜ ਦਾ ਇੱਕੋ ਇੱਕ ਏਜੰਡਾ ਹੈ। ਉਨ੍ਹਾਂ ਲੋਕਾਂ ਨੂੰ ਉਨ੍ਹਾਂ ਨੂੰ ਵੋਟ ਦੇਣ ਦੀ ਅਪੀਲ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਵੋਟ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਦੇਸ਼ ਨੂੰ ਮਜਬੂਤ ਕਰਨ ਲਈ ਜਾਵੇਗੀ।

ਉਨ੍ਹਾਂ ਲੋਕਾਂ ਨੂੰ ਕਿਹਾ ਕਿ ਜੇਕਰ ਤੁਸੀਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ, ਤਾਂ 19 ਮਈ ਨੂੰ ਬਾਹਰ ਨਿਕਲੋ ਤੇ ਅਕਾਲੀ ਭਾਜਪਾ ਉਮੀਦਵਾਰ ਨੂੰ ਵੋਟ ਦਿਓ। ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਮੋਦੀ ਨੇ ਨਾ ਸਿਰਫ ਲੋਕ ਭਲਾਈ ਨੂੰ ਪੁਖਤਾ ਕੀਤਾ ਹੈ, ਸਗੋਂ ਦੇਸ਼ ਦੀ ਸੁਰੱਖਿਆ ਨੂੰ ਵੀ ਮਜ਼ਬੂਤ ਕੀਤਾ ਹੈ। ਉਨ੍ਹਾਂ ਕਿਹਾ ਕਿ ਪਹਿਲੀ ਵਾਰ ਹੋਇਆ ਹੈ, ਜਦੋਂ ਸਾਡੇ ਦੇਸ਼ ਨੇ ਪਾਕਿਸਤਾਨ ਨੂੰ ਅੱਤਵਾਦੀਆਂ ਨੂੰ ਭੇਜਣ ਤੇ ਸਾਡੇ ਇੱਥੇ ਸਮੱਸਿਆਵਾਂ ਪੈਦਾ ਕਰਨ ਲਈ ਮੂੰਹ ਤੋੜ ਜਵਾਬ ਦਿੱਤਾ ਹੈ।

ਉਨ੍ਹਾਂ ਕਿਹਾ ਕਿ ਤੁਸੀਂ ਉਨ੍ਹਾਂ ਇਹ ਕੋਈ ਉਦਾਹਰਨ ਦਿਓ, ਜਦੋਂ ਪ੍ਰਧਾਨ ਮੰਤਰੀ ਨੇ ਆਪਣੇ ਦੁਸ਼ਮਣ ਨੂੰ ਉਸੇ ਦੇ ਇਲਾਕੇ ਚ ਕਰਾਰਾ ਜਵਾਬ ਦੇਣ ਦਾ ਮਜ਼ਬੂਤ ਫੈਸਲਾ ਲਿਆ ਹੋਵੇ। ਉਨ੍ਹਾਂ ਲੋਕਾਂ ਨੂੰ ਕਿਹਾ ਕਿ ਭਾਰਤ ਨੂੰ ਮਜ਼ਬੂਤ, ਖੁਸ਼ਹਾਲ ਤੇ ਤਾਕਤਵਰ ਬਣਾਉਣ ਲਈ, ਉਨ੍ਹਾਂ ਕੋਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਹੱਥਾਂ ਨੂੰ ਮਜ਼ਬੂਤ ਕਰਨ ਦਾ ਇੱਕ ਸੁਨਹਿਰਾ ਮੌਕਾ ਹੈ।

ਬਾਅਦ ਚ ਜਲੰਧਰ ਬਾਈਪਾਸ ਵਿਖੇ ਸੀਨੀ ਅਕਾਲੀ ਆਗੂ ਵਿਜੈ ਦਾਨਵ ਵੱਲੋਂ ਆਯੋਜਿਤ ਇੱਕ ਪਬਲਿਕ ਮੀਟਿੰਗ ਨੂੰ ਸੰਬੋਧਨ ਕਰਦਿਆਂ, ਗਰੇਵਾਲ ਨੇ ਕਿਹਾ ਕਿ ਕੇਂਦਰ ਚ ਮੋਦੀ ਸਰਕਾਰ ਨੇ ਸਾਰੇ ਵਰਗਾਂ ਦੀ ਭਲਾਈ ਤੇ ਉਨ੍ਹਾਂ ਦੇ ਵਿਕਾਸ ਨੂੰ ਪੁਖਤਾ ਕੀਤਾ ਹੈ, ਖਾਸ ਕਰਕੇ ਉਹ ਲੋਕ ਜਿਹੜੇ ਪਿਛੜੇ ਤਬਕਿਆਂ ਨਾਲ ਸਬੰਧਤ ਹਨ। ਉਨ੍ਹਾਂ ਦਾਨਵ ਅਤੇ ਉਨ੍ਹਾਂ ਦੇ ਹਮਾਇਤੀਆਂ ਦਾ ਭਾਰੀ ਗਰਮੀ ਦੇ ਵਿੱਚ ਅਜਿਹੀ ਵਿਸ਼ਾਲ ਰੈਲੀ ਦਾ ਆਯੋਜਨ ਕਰਨ ਲਈ ਧੰਨਵਾਦ ਕੀਤਾ।