ਹਰਸਿਮਰਤ ਤੋਂ ਬਾਅਦ ਸੁਖਬੀਰ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਸਿੱਖ ਸੰਗਤਾਂ ਨੂੰ ਬਾਦਲਾਂ ਨੂੰ ਕਾਲੇ ਝੰਡੇ ਵਿਖਾ ਕੇ ਪਿੰਡਾਂ ’ਚ ਨਾ ਵੜਨ ਦੇਣ ਦਾ ਸੱਦਾ

Protest against Sukhbir Badal

ਫਿਰੋਜ਼ਪੁਰ: ਬਠਿੰਡਾ ’ਚ ਹਰਸਿਮਰਤ ਕੌਰ ਬਾਦਲ ਦੇ ਵਿਰੋਧ ਮਗਰੋਂ ਹੁਣ ਲੋਕਸਭਾ ਹਲਕਾ ਫਿਰੋਜ਼ਪੁਰ ਤੋਂ ਉਮੀਦਵਾਰ ਸੁਖਬੀਰ ਬਾਦਲ ਦਾ ਵੀ ਕਾਲੀਆਂ ਝੰਡੀਆਂ ਨਾਲ ਵਿਰੋਧ ਹੋਣਾ ਸ਼ੁਰੂ ਹੋ ਗਿਆ ਹੈ। ਦਰਅਸਲ ਬੀਤੇ ਕੱਲ੍ਹ ਕਸਬਾ ਤਲਵੰਡੀ ਭਾਈ ’ਚ ਸੁਖਬੀਰ ਬਾਦਲ ਰੈਲੀ ਕਰਨ ਪਹੁੰਚੇ, ਜਿੱਥੇ ਪੰਥਕ ਜਥੇਬੰਦੀਆਂ ਨੇ ਸੁਖਬੀਰ ਨੂੰ ਕਾਲੀਆਂ ਝੰਡੀਆਂ ਵਿਖਾ ਕੇ ਵਿਰੋਧ ਕੀਤਾ।

ਮਿਲੀ ਜਾਣਕਾਰੀ ਮੁਤਾਬਕ, ਮੁੱਦਕੀ ਵਿਚ ਚੋਣ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਪਿੰਡ ਕੋਟ ਕਰੋੜ ਵਿਖੇ ਪਹੁੰਚਣ ’ਤੇ ਪੰਥਕ ਜੱਥੇਬੰਦੀਆਂ ਦੇ ਕਾਰਕੁੰਨਾਂ ਨੇ ਸੁਖਬੀਰ ਨੂੰ ਕਾਲੀਆਂ ਝੰਡੀਆਂ ਵਿਖਾਈਆਂ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਤੇ ਯੂਥ ਅਕਾਲੀ ਦਲ ਵਿਚਾਲੇ ਟਕਰਾਅ ਦੇ ਹਾਲਾਤ ਪੈਦਾ ਹੋ ਗਏ ਪਰ ਪੁਲਿਸ ਨੇ ਮੌਕਾ ਸੰਭਾਲ ਲਿਆ।

ਦੂਜੇ ਪਾਸੇ, ਸ਼੍ਰੋਮਣੀ ਅਕਾਲੀ ਦਲ (ਟਕਸਾਲੀ) ਦੇ ਪ੍ਰਧਾਨ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਨੇ ਸਿੱਖ ਸੰਗਤਾਂ ਨੂੰ ਸੱਦਾ ਦਿਤਾ ਕਿ ਬਾਦਲਾਂ ਨੂੰ ਹੁਣ ਸਜ਼ਾ ਦੇਣ ਦਾ ਢੁੱਕਵਾਂ ਸਮਾਂ ਹੈ। ਉਨ੍ਹਾਂ ਕਿਹਾ ਕਿ ਬਾਦਲਾਂ ਨੂੰ ਪਿੰਡਾਂ ਵਿਚ ਕਾਲੇ ਝੰਡੇ ਵਿਖਾਏ ਜਾਣ ਤੇ ਪਿੰਡਾਂ ਵਿਚ ਵੜਨ ਨਾ ਦਿਤਾ ਜਾਵੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬਹਿਬਲ ਕਲਾਂ ਗੋਲੀਕਾਂਡ ਘਟਨਾ ਪਿੱਛੇ ਬਾਦਲਾਂ ਦਾ ਹੱਥ ਹੈ, ਉਨ੍ਹਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਬਾਦਲ ਪਰਿਵਾਰ ਅੱਜ ਸਿਆਸੀ ਖੇਤਰ ਵਿਚ ਪੂਰੀ ਤਰ੍ਹਾਂ ਉੱਖੜ ਚੁੱਕਾ ਹੈ।

ਇਸ ਦੌਰਾਨ ਉਨ੍ਹਾਂ ਅਪੀਲ ਕੀਤੀ ਕਿ ਬਾਦਲਾਂ ਤੇ ਕਾਂਗਰਸ ਨੂੰ ਹਰਾਉਣ ਲਈ ਨਿਰਪੱਖ ਤੇ ਵਧੀਆ ਉਮੀਦਵਾਰ ਦਾ ਸਮਰਥਨ ਕੀਤਾ ਜਾਵੇ। ਬ੍ਰਹਮਪੁਰਾ ਨੇ ਆਖਿਆ ਕਿ ਬਾਦਲ ਪਰਿਵਾਰ ਨੇ ਬਹੁਤ ਵੱਡਾ ਪਾਪ ਕੀਤਾ ਹੈ ਤੇ ਇਸ ਲਈ ਇਨ੍ਹਾਂ ਨੂੰ ਕਾਲੀਆਂ ਝੰਡੀਆਂ ਨਹੀਂ, ਝੰਡੇ ਵਿਖਾਏ ਜਾਣ। ਨਾਲ ਹੀ ਉਨ੍ਹਾਂ ਕਿਹਾ ਕਿ ਉਹ ਬਾਦਲ ਤੇ ਕਾਂਗਰਸ ਦੋਵਾਂ ਵਿਰੁਧ ਹਨ

ਕਿਉਂਕਿ ਕਾਂਗਰਸ ਨੇ 1984 ਦੇ ਸਿੱਖ ਕਤਲੇਆਮ ਤੋਂ ਇਲਾਵਾ ਧਾਰਮਿਕ ਸਥਾਨਾਂ ਨੂੰ ਢਾਹਿਆ ਹੈ ਜਦਕਿ ਬਾਦਲਾਂ ਨੇ ਅਕਾਲ ਤਖ਼ਤ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਣੇ ਸਿੱਖ ਸੰਸਥਾਵਾਂ ਦਾ ਘਾਣ ਕੀਤਾ ਹੈ ਤੇ ਇਸ ਦਾ ਬਦਲਾ ਲੈਣ ਲਈ ਹੁਣ ਢੁੱਕਵਾਂ ਸਮਾਂ ਹੈ।