ਸਾਕਾ ਨਕੋਦਰ ਦੀ ਗੱਲ 'ਤੇ ਸੁਖਬੀਰ ਬਾਦਲ ‘No Answer, No Comment’ ਕਿਉਂ ਕਰਨ ਲੱਗ ਜਾਂਦੇ ਨੇ?

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1986 ਨੂੰ ਨਕੋਦਰ ਵਿਖੇ ਪੁਲਿਸ ਗੋਲੀਬਾਰੀ 'ਚ ਚਾਰ ਸਿੱਖ ਹੋਏ ਸਨ ਸ਼ਹੀਦ...

Sukhbir

ਚੰਡੀਗੜ੍ਹ : ਇਸ ਵਿਚ ਕੋਈ ਸ਼ੱਕ ਨਹੀਂ ਕਿ ਕਿਸੇ ਸਮੇਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮੋਹਤਬਰ ਜਮਾਤ ਹੁੰਦੀ ਸੀ। ਸਿੱਖਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੀ ਸੀ ਪਰ ਕੀ ਤੁਸੀਂ ਸੋਚ ਸਕਦੇ ਹੋ ਕਿ ਇਸ ਜਮਾਤ ਦੇ ਪ੍ਰਧਾਨ ਨੂੰ ਸਿੱਖਾਂ ਦੇ ਕਿਸੇ ਵੱਡੇ ਮਸਲੇ ਬਾਰੇ ਨਾ ਪਤਾ ਹੋਵੇ। ਸੁਣਨ ਨੂੰ ਭਾਵੇਂ ਇਹ ਗੱਲ ਕਿਵੇਂ ਵੀ ਲਗਦੀ ਹੋਵੇ ਪਰ ਇਹ ਸੱਚ ਹੈ ਜੀ ਹਾਂ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਦਾ ਕਹਿਣਾ ਹੈ ਕਿ ਉਸ ਨੂੰ ਸਾਕਾ ਨਕੋਦਰ ਬਾਰੇ ਕੋਈ ਜਾਣਕਾਰੀ ਨਹੀਂ ਹੈ। 1986 ਵਿਚ ਵਾਪਰੇ ਸਾਕਾ ਨਕੋਦਰ ਬਾਰੇ ਪੱਤਰਕਾਰਾਂ ਵਲੋਂ ਸਵਾਲ ਪੁੱਛੇ ਜਾਣ 'ਤੇ ਉਹ ਬਿਨਾਂ ਕੋਈ ਜਵਾਬ ਦਿਤੇ 'ਨੋ ਅੰਸਰ-ਨੋ ਅੰਸਰ' ਕਰਦੇ ਕਰਦੇ ਤੁਰਦੇ ਬਣੇ।

ਇਸ ਤੋਂ ਵੱਡੇ ਦੁੱਖ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਕਿਸੇ ਸਮੇਂ ਸਿੱਖਾਂ ਦੀ ਮੋਹਤਬਰ ਰਹੀ ਜਮਾਤ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਿੱਖ ਇਤਿਹਾਸ ਨਾਲ ਜੁੜੀ ਕਿਸੇ ਵੱਡੀ ਘਟਨਾ ਨੂੰ ਲੈ ਕੇ ਇਹ ਆਖਣ ਕਿ 'ਮੈਨੂੰ ਤਾਂ ਇਸ ਬਾਰੇ ਜਾਣਕਾਰੀ ਹੀ ਨਹੀਂ ਹੈ' ਜਦਕਿ 1986 ਵਿਚ ਵਾਪਰੇ ਸਾਕਾ ਨਕੋਦਰ ਵਿਖੇ ਚਾਰ ਸਿੱਖਾਂ ਨੂੰ ਪੁਲਿਸ ਨੇ ਗੋਲੀਆਂ ਮਾਰ ਕੇ ਮਾਰ ਦਿਤਾ ਸੀ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਰੋਸ ਵਜੋਂ ਪ੍ਰਦਰਸ਼ਨ ਕਰ ਰਹੇ ਸਨ।

ਜਿਕਰਯੋਗ ਹੈ ਕਿ ਨਕੋਦਰ ਵਿੱਚ 32 ਸਾਲ ਪਹਿਲਾਂ 2 ਫਰਵਰੀ 1986 ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਵਿਰੁੱਧ ਰੋਸ ਪ੍ਰਗਟਾਉਣ ਵਾਲਿਆਂ ’ਤੇ ਪੁਲਿਸ ਵੱਲੋਂ ਚਲਾਈਆਂ ਗੋਲੀਆਂ ਨਾਲ ਸ਼ਹੀਦ ਹੋਏ ਚਾਰ ਨੌਜਵਾਨਾਂ ਬਾਰੇ ਹੁਣ ਪੁਲੀਸ ਕਹਿ ਰਹੀ ਹੈ ਕਿ ਉਸ ਦਿਨ ਨਕੋਦਰ ਗੋਲੀ ਨਹੀਂ ਸੀ ਚੱਲੀ ਅਤੇ ਨਾ ਹੀ ਕਿਸੇ ਦੀ ਗੋਲੀ ਲੱਗਣ ਨਾਲ ਮੌਤ ਹੋਈ ਸੀ। ਇਸ ਰੋਸ ਮਾਰਚ ਦੀ ਅਗਵਾਈ ਉਸ ਵੇਲੇ ਦੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਜਥੇਦਾਰ ਕੁਲਦੀਪ ਸਿੰਘ ਵਡਾਲਾ ਨੇ ਕੀਤੀ ਸੀ।

ਪਿੰਡ ਲਿੱਤਰਾਂ ਦੇ ਸ. ਬਲਦੇਵ ਸਿੰਘ ਦਾ ਪੁੱਤਰ ਭਾਈ ਰਵਿੰਦਰ ਸਿੰਘ ਇਸ ਗੋਲੀ ਕਾਂਡ ਵਿੱਚ ਸ਼ਹੀਦ ਹੋ ਗਿਆ ਸੀ। ਉਸ ਵੱਲੋਂ ਆਰਟੀਆਈ ਤਹਿਤ 19 ਜਨਵਰੀ 2018 ਨੂੰ ਜਾਣਕਾਰੀ ਮੰਗੀ ਗਈ ਸੀ ਕਿ 4 ਫਰਵਰੀ 1986 ਨੂੰ ਨਕੋਦਰ ‘ਚ ਹੋਏ ਗੋਲੀ ਕਾਂਡ ਵਿੱਚ ਹੋਈਆਂ ਮੌਤਾਂ ਅਤੇ 5 ਫਰਵਰੀ 1986 ਨੂੰ ਅਣਪਛਾਤੇ ਵਿਅਕਤੀਆਂ ਦੇ ਸਸਕਾਰ ਦੀ ਰਿਪੋਰਟ ਅਤੇ ਮ੍ਰਿਤਕਾਂ ਦੀ ਪਛਾਣ ਬਾਰੇ ਦੱਸਿਆ ਜਾਵੇ।