ਫਿਰੋਜ਼ਪੁਰ ਸੀਟ ਤੋਂ ਸੁਖਬੀਰ ਬਾਦਲ ਲਈ ਦੋਹਰੀ ਤੇ ਵੱਡੀ ਚੁਣੌਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਰਾਜ ਵਿਚ ਸਭ ਕੁਝ ਸੋਚ ਸਮਝ ਕੇ ਖੇਡ ਰਿਹਾ ਹੈ...

Sukhbir badal with Sher Singh ghubaya

ਜਲਾਲਾਬਾਦ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਸ਼੍ਰੋਮਣੀ ਅਕਾਲੀ ਦਲ ਰਾਜ ਵਿਚ ਸਭ ਕੁਝ ਸੋਚ ਸਮਝ ਕੇ ਖੇਡ ਰਿਹਾ ਹੈ। ਇਸ ਸਮੇਂ ਫਿਰੋਜ਼ਪੁਰ ਸੀਟ ਸੁਖਬੀਰ ਸਿੰਘ ਬਾਦਲ ਦੇ ਲਈ ਦੋਹਰੀ ਚੁਣੌਤੀ ਬਣੀ ਹੋਈ ਹੈ। ਸੁਖਬੀਰ ਬਾਦਲ ਜਲਾਲਾਬਾਦ ਤੋਂ ਵਿਧਾਇਕ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਸੁਖਬੀਰ ਸਿੰਘ ਬਾਦਲ ਚੋਣਾਂ ਦੌਰਾਨ ਮੈਦਾਨ ਵਿਚ ਉਤਰਦੇ ਹਨ ਲੋਕ ਸਭਾ ਚੋਣਾਂ ਤੋਂ ਬਾਅਦ ਜਲਾਲਾਬਾਦ ਦਾ ਵਾਰਿਸ ਲੱਭਣਾ ਮੁਸ਼ਕਿਲ ਹੋ ਜਾਵੇਗਾ।

ਇਸ ਤੋਂ ਇਲਾਵਾ ਜਲਾਲਾਬਾਦ ਵਿਧਾਨ ਸਭਾ ਹਲਕੇ ਦੀ ਬਾਗਡੋਰ ਬਤੌਰ ਇੰਚਾਰਜ਼ ਸ਼੍ਰੋਮਣੀ ਅਕਾਲੀ ਦਲ ਨੇ ਸਤਿੰਦਰਜੀਤ ਸਿੰਘ ਮੰਟਾ ਨੂੰ ਸੌਂਪੀ ਹੋਈ ਹੈ ਪ੍ਰੰਤੂ ਮੌਜੂਦਾ ਹਾਲਾਤਾਂ ਵਿਚ ਕੁਝ ਟਕਸਾਲੀ ਅਕਾਲੀ ਸਮਰਥਕ ਸਤਿੰਦਰਜੀਤ ਸਿੰਘ ਮੰਟਾ ਤੋਂ ਨਾਰਾਜ਼ ਚੱਲ ਰਹੇ ਹਨ। ਦੂਜੇ ਪਾਸੇ ਜੇਕਰ ਚੋਣਾਂ ਵਿਚ ਸੁਖਬੀਰ ਦਾ ਮੁਕਾਬਲਾ ਕਾਂਗਰਸ ਪਾਰਟੀ ਦੇ ਸ਼ੇਰ ਸਿੰਘ ਘੁਬਾਇਆ ਨਾਲ ਹੁੰਦਾ ਹੈ ਤਾਂ ਅਪਣੇ ਪਿਛੇ (ਰਾਏ ਸਿੱਖ) ਬਰਾਦਰੀ ਦਾ ਵੋਟ ਬੈਂਕ ਲੈ ਕੇ ਚੱਲਣ ਵਾਲੇ ਘੁਬਾਇਆ ਉਨ੍ਹਾਂ ਲਈ ਵੱਡੀ ਮੁਸ਼ਕਿਲ ਖੜੀ ਕਰ ਸਕਦਾ ਹੈ, ਕਿਉਂਕਿ ਬਰਾਦਰੀ ਦੇ ਲਈ ਸ਼ੇਰ ਸਿੰਘ ਘੁਬਾਇਆ ਪਹਿਲੀ ਪਸੰਦ ਰਹੇ ਹਨ।

ਅਜਿਹੀ ਹਾਲਤ ਵਿਚ ਬਾਦਲ ਪਰਵਾਰ ਦੇ ਲਈ ਪਹਿਲੀ ਚੁਣੌਤੀ ਤਾਂ ਫਿਰੋਜ਼ਪੁਰ ਲੋਕ ਸਭਾ ਸੀਟ ਨੂੰ ਜਿੱਤਣ ਦੀ ਹੋਵੇਗੀ ਅਤੇ ਦੂਜੇ ਪਾਸੇ ਜੇਕਰ ਸ਼੍ਰੋਮਣੀ ਅਕਾਲੀ ਦਲ ਸੀਟ ਜਿੱਤ ਵੀ ਲੈਂਦਾ ਹੈ ਤਾਂ ਦੂਜੀ ਵੱਡੀ ਚੁਣੌਤੀ ਜਲਾਲਾਬਾਦ ਵਿਧਾਨ ਸਭਾ ਦੇ ਵਾਰਿਸ ਦੀ ਹੋਵੇਗੀ, ਕਿਉਂਕਿ ਅਕਾਲੀ ਦਲ ਦੇ ਕੋਲ ਕੋਈ ਪ੍ਰਭਾਵਸ਼ਾਲੀ ਚਹਿਰਾ ਨਹੀਂ ਹੈ ਜਿਹੜਾ ਕਿ ਜਲਾਲਾਬਾਦ ਦੀ ਬਾਗਡੋਰ ਸੰਭਾਲ ਸਕੇ।