”ਅਸੀਂ ਕੋਵਿਡ ਖਿਲਾਫ ਜੰਗ ਲੜ ਰਹੇ ਹਾਂ, ਇਹ ਸਮਾਂ ਰਾਜਸੀ ਲਾਹਾ ਲੈਣ ਦਾ ਨਹੀਂ”-ਕੈਪਟਨ ਅਮਰਿੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕੋਵਿਡ ਖਿਲਾਫ ਲੜਾਈ ਲਈ ਅਕਾਲੀਆਂ ਤੇ ਆਪ ਨੂੰ ਸੂਬਾ ਸਰਕਾਰ ਨਾਲ ਇਕਜੁੱਟ ਹੋਣ ਦੀ ਕੀਤੀ ਅਪੀਲ, ਲੋਕਾਂ ਨੂੰ ਨਾ ਘਬਰਾਉਣ ਦੀ ਕੀਤੀ ਅਪੀਲ

Photo

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁੱਕਰਵਾਰ ਨੂੰ ਵਿਰੋਧੀ ਪਾਰਟੀਆਂ ਨੂੰ ਤੰਗਦਿਲ ਰਾਜਨੀਤੀ ਨਾ ਕਰਨ ਦੀ ਅਪੀਲ ਕਰਦਿਆਂ ਕਿਹਾ ਕਿ ਉਹ ਸੂਬੇ ਵਿੱਚ ਕੋਵਿਡ ਮਹਾਮਾਰੀ ਬਾਰੇ ਗਲਤ ਜਾਣਕਾਰੀ ਫੈਲਾਅ ਕੇ ਲੋਕਾਂ ਵਿੱਚ ਘਬਰਾਹਟ ਦਾ ਮਾਹੌਲ ਨਾ ਪੈਦਾ ਕਰਨ। ਉਹਨਾਂ ਵਿਰੋਧੀ ਪਾਰਟੀਆਂ ਨੂੰ ਇਸ ਅਣਕਿਆਸੇ ਸੰਕਟ ਨਾਲ ਨਜਿੱਠਣ ਲਈ ਸੂਬਾ ਸਰਕਾਰ ਦੇ ਨਾਲ ਇਕਜੁੱਟ ਹੋ ਕੇ ਕੰਮ ਕਰਨ ਦੀ ਅਪੀਲ ਕੀਤੀ।

ਪੰਜਾਬ ਦੇ ਲੋਕਾਂ ਦੇ ਨਾਮ ਟੈਲੀਵੀਜ਼ਨ ਸੰਦੇਸ਼ ਵਿੱਚ ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ਵਿੱਚ ਸੰਕਟ ਬਾਰੇ ਕੋਈ ਮਾੜਾ ਪ੍ਰਬੰਧ ਜਾਂ ਵੱਡੇ ਪੱਧਰ ਦਾ ਫੈਲਾਅ ਨਹੀਂ ਹੋਇਆ ਜਿਵੇਂ ਕਿ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਹਾਲ ਹੀ ਵਿੱਚ ਸਾਹਮਣੇ ਆਏ ਕੇਸਾਂ ਵਿੱਚੋਂ ਬਹੁਤੇ ਉਹ ਹਨ ਜਿਹੜੇ ਦੂਜੇ ਸੂਬਿਆਂ ਤੋਂ ਆਏ ਹਨ। ਨਵੇਂ ਕੇਸਾਂ ਬਾਰੇ ਖੁਲਾਸਾ ਕਰਦਿਆਂ ਉਹਨਾਂ ਕਿਹਾ ਕਿ ਸਿਰਫ 7 ਕੇਸ ਸਥਾਨਕ ਸਾਹਮਣੇ ਆਏ ਹਨ ਜਦੋਂ ਕਿ 93 ਕੇਸ ਦੂਜੇ ਸੂਬਿਆਂ ਤੋਂ ਆਉਣ ਵਾਲੇ ਪੰਜਾਬੀਆਂ ਦੇ ਹਨ।

ਮੁੱਖ ਮੰਤਰੀ ਨੇ ਲੋਕਾਂ ਨੂੰ ਅਚਾਨਕ ਵਧੇ ਕੇਸਾਂ ਬਾਰੇ ਚਿੰਤਤ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਆਉਂਦੇ ਦਿਨਾਂ ਵਿੱਚੋਂ ਦੂਜੇ ਸੂਬਿਆਂ ਤੋਂ ਹੋਰ ਲੋਕਾਂ ਦੇ ਆਪਣੇ ਘਰ ਆਉਣ ਨਾਲ ਇਹ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਭਾਰਤ ਸਰਕਾਰ ਨੇ ਫੈਸਲਾ ਕਰਦਿਆਂ ਫਸੇ ਹੋਏ ਲੋਕਾਂ ਨੂੰ ਆਪਣੇ ਘਰ ਜਾਣ ਦੀ ਆਗਿਆ ਦਿੱਤੀ ਹੈ। ਮੁੱਖ ਮੰਤਰੀ ਨੇ ਪੰਜਾਬ ਅਤੇ ਪੰਜਾਬੀਆਂ ਦੇ ਹਿੱਤਾਂ ਲਈ ਵਿਰੋਧੀ ਪਾਰਟੀਆਂ ਨੂੰ ਹੱਥ ਮਿਲਾਉਣ ਅਤੇ ਸੂਬਾ ਸਰਕਾਰ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕਰਨ ਦੀ ਅਪੀਲ ਕਰਦਿਆਂ ਕਿਹਾ, ”ਅਸੀਂ ਇਸ ਵੇਲੇ ਲੜਾਈ ਲੜ ਰਹੇ ਹਾਂ ਅਤੇ ਇਹ ਸਮਾਂ ਰਾਜਸੀ ਲਾਹਾ ਲੈਣ ਦਾ ਨਹੀਂ ਬਲਿਕ ਇਕਜੁੱਟਤਾ ਦਿਖਾਉਣ ਦਾ ਹੈ।”

ਕੈਪਟਨ ਅਮਰਿੰਦਰ ਸਿੰਘ ਨੇ ਬਰਤਾਨਵੀ ਇਤਿਹਾਸ ਦੀ ਇਕ ਉਦਾਹਰਨ ਸਾਂਝੀ ਕਰਦਿਆਂ ਦੱਸਿਆ ਕਿ ਜਦੋਂ ਬਰਤਾਨੀਆ ਜਰਮਨੀ ਖਿਲਾਫ ਜੰਗ ਲੜ ਰਿਹਾ ਸੀ ਤਾਂ ਕੰਜ਼ਰਵੇਟਿਵ ਪਾਰਟੀ ਦੇ ਤੱਤਕਾਲੀ ਪ੍ਰਧਾਨ ਮੰਤਰੀ ਵਿੰਸਟਨ ਚਰਚਿਲ ਨੇ ਲੇਬਰ ਪਾਰਟੀ ਦੇ ਕਲੈਮਿਟ ਐਟਲੀ ਨੂੰ ਆਪਣਾ ਡਿਪਟੀ ਪ੍ਰਧਾਨ ਮੰਤਰੀ ਨਿਯੁਕਤ ਕਰ ਲਿਆ ਸੀ। ਉਹਨਾਂ ਕਿਹਾ ਕਿ ਜੰਗ ਸਿਰਫ ਇਕਜੁੱਟਤਾ ਨਾਲ ਹੀ ਲੜ ਕੇ ਜਿੱਤੀ ਜਾ ਸਕਦੀ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਪੰਜਾਬ ਮੁਸ਼ਕਲ ਸਮੇਂ ਵਿੱਚੋਂ ਲੰਘ ਰਿਹਾ ਹੈ। ਉਹਨਾਂ ਕਿਹਾ ਕਿ ਸੂਬੇ ਅਤੇ ਇਥੋਂ ਦੇ ਲੋਕਾਂ ਨੂੰ ਬਚਾਉਣ ਲਈ ਸਾਰਿਆਂ ਨੂੰ ਇਕੱਠੇ ਹੋਣ ਦੀ ਲੋੜ ਹੈ। ਉਹਨਾਂ ਕਿਹਾ, ”ਇਹ ਪੰਜਾਬ ਦੀ ਲੜਾਈ ਹੈ ਜੋ ਲੋਕਾਂ ਲਈ ਲੜੀ ਜਾ ਰਹੀ ਹੈ।”

ਵਿਰੋਧੀ ਪਾਰਟੀਆਂ ਵੱਲੋਂ ਸੂਬਾ ਸਰਕਾਰ ਦੀ ਕੋਵਿਡ ਸਥਿਤੀ ਨਾਲ ਨਜਿੱਠਣ ਬਾਰੇ ਕੀਤੀ ਜਾ ਰਹੀ ਆਲੋਚਨਾ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਈ ਵੀ ਇਸ ਨਾਜ਼ੁਕ ਸਮੇਂ ਵਿੱਚ ਨਕਰਾਤਮਕ ਗੱਲਾਂ ਨਹੀਂ ਸੁਣਨੀਆਂ ਚਾਹੇਗਾ। ਉਹਨਾਂ ਕਿਹਾ ਕਿ ਲੋਕ ਪਹਿਲਾ ਹੀ ਨਕਰਾਤਮਕ ਦੌਰ ਵਿੱਚੋਂ ਗੁਜ਼ਰ ਰਹੇ ਹਨ ਅਤੇ ਉਹ ਚੰਗੀਆਂ ਤੇ ਖੁਸ਼ੀ ਵਾਲੀਆਂ ਖਬਰਾਂ ਸੁਣਨਾ ਚਾਹੁੰਦੇ ਹਨ।

ਕੇਂਦਰ ਸਰਕਾਰ ਵੱਲੋਂ ਮਾਪਦੰਡਾਂ ਵਿੱਚ ਢਿੱਲ ਦੇਣ ਨਾਲ ਬਾਹਰੀ ਸੂਬਿਆਂ ‘ਚ ਫਸੇ ਹੋਰ ਪੰਜਾਬੀਆਂ ਦੇ ਵਾਪਸ ਪਰਤਣ ਨਾਲ ਕੋਵਿਡ ਦੇ ਕੇਸਾਂ ਦੀ ਗਿਣਤੀ ਵਿੱਚ ਸੰਭਾਵੀ ਵਾਧੇ ਬਾਰੇ ਸੁਚੇਤ ਕਰਦਿਆਂ ਮੁੱਖ ਮੰਤਰੀ ਨੇ ਲੋਕਾਂ ਨੂੰ ਏਕਾਂਤਵਾਸ ਤੋਂ ਖੌਫਜ਼ਦਾ ਨਾ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਦਾ ਮਨੋਰਥ ਇਹ ਯਕੀਨੀ ਬਣਾਉਣਾ ਹੈ ਕਿ ਵਾਪਸ ਪਰਤਣ ਵਾਲੇ ਇਸ ਰੋਗ ਦਾ ਫੈਲਾਅ ਆਪਣੇ ਪਰਿਵਾਰਾਂ, ਗੁਆਂਢੀਆਂ ਅਤੇ ਹੋਰਾਂ ਦਰਮਿਆਨ ਨਾ ਫੈਲਾਉਣ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਏਕਤਾਂਵਾਸ ਕੁਝ ਨਹੀਂ ਸਗੋਂ ਪੰਜਾਬ ਵਿੱਚ ਆਉਣ ਵਾਲੇ ਲੋਕਾਂ ਨੂੰ ਅਲਹਿਦਾ ਰੱਖਣਾ ਹੈ ਜਦਕਿ ਡਾਕਟਰਾਂ ਵੱਲੋਂ ਉਹਨਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਕਲੀਨ ਚਿੱਟ ਦੇ ਦਿੱਤੀ ਜਾਂਦੀ ਹੈ। ਉਹਨਾਂ ਨੇ ਸਪੱਸ਼ਟ ਕੀਤਾ ਕਿ ਇਹਤਿਆਦੀ ਕਦਮ ਦੇ ਤੌਰ ‘ਤੇ ਸੂਬੇ ਵਿੱਚ ਵਾਪਸ ਪਰਤਣ ਵਾਲੇ ਹਰੇਕ ਵਿਅਕਤੀ ਨੂੰ ਸੰਸਥਾਗਤ ਏਕਾਂਤਵਾਸ ਵਿੱਚ ਰੱਖਿਆ ਜਾਵੇਗਾ।

ਕੁਝ ਲੋਕਾਂ ਵੱਲੋਂ ਸਰਹੱਦਾਂ ਤੋਂ ਲੁਕਵੇਂ ਢੰਗ ਰਾਹੀਂ ਘਰ ਪਰਤਣ ਦੀਆਂ ਰਿਪੋਰਟਾਂ ਦੇ ਸੰਦਰਭ ਵਿੱਚ ਮੁੱਖ ਮੰਤਰੀ ਨੇ ਸਾਰਿਆਂ ਨੂੰ ਅਜਿਹੇ ਖਤਰਨਾਕ ਕਦਮ ਨਾ ਚੁੱਕਣ ਦੀ ਅਪੀਲ ਕਰਦਿਆਂ ਜਾਂਚ, ਟੈਸਟਿਗ ਅਤੇ ਏਕਾਂਤਵਾਸ ਦੀ ਸਹੀ ਪ੍ਰਕ੍ਰਿਆ ਰਾਹੀਂ ਹੀ ਵਾਪਸ ਆਉਣ ਲਈ ਆਖਿਆ। ਉਹਨਾਂ ਕਿਹਾ ਕਿ ਪੰਜਾਬ ਦੀ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਅਜਿਹਾ ਕਰਨਾ ਬਹੁਤ ਜ਼ਰੂਰੀ ਹੈ ਕਿਉਂ ਜੋ ਸੂਬੇ ਵਿੱਚ ਵੇਲੇ ਸਿਰ ਕਰਫਿਊ ਲਾ ਦੇਣ ਕਰਕੇ ਹੀ ਵੱਡੀ ਪੱਧਰ ‘ਤੇ ਸਥਿਤੀ ਕਾਬੂ ਹੇਠ ਬਣੀ ਹੋਈ ਹੈ। ਉਹਨਾਂ ਨੇ ਐਲਾਨ ਕੀਤਾ,”ਕਿਸੇ ਵੀ ਵਿਅਕਤੀ ਨੂੰ ਨਿਰਧਾਰਤ ਸਮੇਂ ਦੇ ਏਕਾਂਤਵਾਸ ਅਤੇ ਡਾਕਟਰੀ ਦੀ ਪ੍ਰਵਾਨਗੀ ਤੋਂ ਬਿਨਾਂ ਘਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।”

ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਘਰ ਵਾਪਸ ਆਉਣ ਵਾਲੇ ਹਰੇਕ ਪੰਜਾਬੀ ਦਾ ਸਵਾਗਤ ਹੈ ਅਤੇ ਇੱਥੋਂ ਆਪਣੇ ਸੂਬਿਆਂ ਨੂੰ ਵਾਪਸ ਜਾਣ ਵਾਲਿਆਂ ਨੂੰ ਵੀ ਸਹੂਲਤ ਮੁਹੱਈਆ ਕਰਵਾਈ ਜਾਵੇਗੀ ਪਰ ਇਹ ਸਭ ਕੁਝ ਸਹੀ ਢੰਗ ਨਾਲ ਕੀਤਾ ਜਾਣਾ ਜ਼ਰੂਰੀ ਹੈ ਤਾਂ ਕਿ ਕੋਰੋਨਾਵਾਇਰਸ ਦਾ ਅੱਗੇ ਹੋਰ ਫੈਲਾਅ ਨਾ ਹੋਵੇ। ਪੰਜਾਬ ਵਿੱਚ ਫਸੇ ਬਾਹਰੀ ਸੂਬਿਆਂ ਦੇ ਲੋਕਾਂ ਦੀ ਵਾਪਸੀ ਬਾਰੇ ਮੁੱਖ ਮੰਤਰੀ ਨੇ ਕਿਹਾ ਕਿ ਸਬੰਧਤ ਸੂਬਿਆਂ ਦੀਆਂ ਸਰਕਾਰਾਂ ਨੂੰ ਪ੍ਰਬੰਧ ਕਰਨੇ ਹੋਣਗੇ ਜਾਂ ਫਿਰ ਅਜਿਹੇ ਲੋਕਾਂ ਦੀ ਵੱਡੀ ਗਿਣਤੀ ਹੋਣ ਕਰਕੇ ਭਾਰਤ ਸਰਕਾਰ ਨੂੰ ਵਿਸ਼ੇਸ਼ ਰੇਲ ਗੱਡੀਆਂ ਦਾ ਪ੍ਰਬੰਧ ਕਰਨਾ ਪਵੇਗਾ।

ਮੁੱਖ ਮੰਤਰੀ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹਨਾਂ ਦੀ ਸਰਕਾਰ ਵੱਲੋਂ ਦੋ ਦਿਨਾਂ ਪਹਿਲਾਂ ਕਰਫਿਊ ਵਿੱਚ ਦਿੱਤੀ ਢਿੱਲ ਦੇ ਸਮੇਂ ਦੌਰਾਨ ਬਾਹਰ ਨਿਕਲਣ ਮੌਕੇ ਮਾਸਕ ਪਹਿਨਣ, ਹੱਥਾਂ ਦੀ ਸਫਾਈ ਅਤੇ ਸਮਾਜਿਕ ਦੂਰੀ ਸਮੇਤ ਸਾਰੇ ਇਹਤਿਆਦੀ ਕਦਮਾਂ ਨੂੰ ਹਰ ਹੀਲੇ ਯਕੀਨੀ ਬਣਾਇਆ ਜਾਵੇ। ਲੋਕਾਂ ਨੂੰ ਰਾਹਤ ਦੇਣ ਦੇ ਉਦੇਸ਼ ਨਾਲ ਕਰਫਿਊ ਵਿੱਚ ਦਿੱਤੀ ਢਿੱਲ ਅਗਲੇ ਕੁਝ ਦਿਨਾਂ ਵਿੱਚ ਸਹੀ ਢੰਗ ਨਾਲ ਸ਼ੁਰੂ ਹੋ ਜਾਵੇਗੀ ਕਿਉਂਕਿ ਸਬੰਧਤ ਡਿਪਟੀ ਕਮਿਸ਼ਨਰ ਵਾਰੋ-ਵਾਰੀ ਚੋਣਵੀਆਂ ਦੁਕਾਨਾਂ ਖੋਲਣ ਲਈ ਇਲਾਕੇ ਅਨੁਸਾਰ ਆਪਣੀਆਂ ਯੋਜਨਾਵਾਂ ਤਿਆਰ ਕਰਨਗੇ। ਉਹਨਾਂ ਨੇ ਲੋਕਾਂ ਨੂੰ ਭਰੋਸਾ ਦਿੰਦਿਆਂ ਡਾਕਟਰਾਂ ਅਤੇ ਮਾਹਿਰਾਂ ਵੱਲੋਂ ਦਿੱਤੀ ਸਲਾਹ/ਦਿਸ਼ਾ-ਨਿਰਦੇਸ਼ਾਂ ਨੂੰ ਅਪਣਾਉਣ ਦਾ ਸੱਦਾ ਦਿੱਤਾ ਤਾਂ ਕਿ ਇਸ ਲਾਗ ਦੇ ਫੈਲਾਅ ਨੂੰ ਰੋਕਿਆ ਜਾ ਸਕੇ।

ਇਸੇ ਦੌਰਾਨ ਇਸ ਤੋਂ ਪਹਿਲਾਂ ਮੁੱਖ ਮੰਤਰੀ ਨੇ ਪੰਜਾਬ ਕਾਂਗਰਸ ਵੱਲੋਂ ਮਈ ਦਿਵਸ ਮੌਕੇ ਕੋਰੋਨਾ ਵਿਰੁੱਧ ਡਟੇ ਯੋਧਿਆਂ ਨਾਲ ਇਕਜੁਟਤਾ ਪ੍ਰਗਟਾਉਣ ਅਤੇ ਕੋਵਿਡ ਵਿਰੁੱਧ ਜੰਗ ‘ਚ ਸਹਾਇਤਾ ਦੇਣ ਦੇ ਮਾਮਲੇ ਵਿੱਚ ਸੂਬੇ ਨਾਲ ਕੇਂਦਰ ਦੇ ਵਿਤਕਰੇ ਖਿਲਾਫ਼ ਰੋਸ ਜ਼ਾਹਰ ਕਰਨ ਕੀਤੇ ਫੈਸਲੇ ਦੀ ਲੀਹ ‘ਤੇ ਰਾਸ਼ਟਰੀ ਝੰਡਾ ਵੀ ਲਹਿਰਾਇਆ।

ਮੁੱਖ ਮੰਤਰੀ ਨੇ ਟਵੀਟ ਕੀਤਾ,”ਮਈ ਦਿਵਸ ਸਮੁੱਚੀ ਕਿਰਤੀ ਜਮਾਤ ਦੇ ਲੋਕਾਂ ਦੀ ਸਖਤ ਘਾਲਣਾ ਅਤੇ ਕੁਰਬਾਨੀ ਦੇ ਮੌਕੇ ਨੂੰ ਮਨਾਉਣ ਦਾ ਦਿਹਾੜਾ ਹੈ। ਸਾਡੇ ਮੁਲਕ ਵੱਲੋਂ ਕੀਤੀ ਤਰੱਕੀ ਦਾ ਸਿਹਰਾ ਸਾਡੇ ਸਨਅਤੀ ਕਾਮਿਆਂ ਨੂੰ ਜਾਂਦਾ ਹੈ। ਕੋਵਿਡ-19 ਦੇ ਦਰਿਮਆਨ ਅਸੀਂ ਆਪਣੇ ਕਰੋਨਾ ਯੋਧਿਆਂ ਦੇ ਵੀ ਸ਼ੁਕਰਗੁਜ਼ਾਰ ਹਾਂ। ਮੈਂ ਕਿਰਤ ਦਿਵਸ ਮੌਕੇ ਸਭ ਨੂੰ ਸਲਾਮ ਕਰਦਾ ਹਾਂ।”