ਕਾਂਗਰਸ ਕੋਲ ਵਿਧਾਨ ਸਭਾ ਵਿਚ ਦੋ ਤਿਹਾਈ ਬਹੁਮਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਨੇ ਸੂਬਾਈ ਸਿਆਸਤ ਦੇ ਕਈ ਸਮੀਕਰਨ ਬਦਲ...

Hardev Singh Laddi Sherowalia showing victory Sign

ਚੰਡੀਗੜ੍ਹ, ਸ਼੍ਰੋਮਣੀ ਅਕਾਲੀ ਦਲ ਦੇ ਗੜ੍ਹ ਮੰਨੇ ਜਾਂਦੇ ਸ਼ਾਹਕੋਟ ਵਿਧਾਨ ਸਭਾ ਹਲਕੇ ਦੀ ਜ਼ਿਮਨੀ ਚੋਣ ਦੇ ਅੱਜ ਆਏ ਨਤੀਜਿਆਂ ਨੇ ਸੂਬਾਈ ਸਿਆਸਤ ਦੇ ਕਈ ਸਮੀਕਰਨ ਬਦਲ ਦਿਤੇ ਹਨ। ਹਾਲਾਂਕਿ ਇਥੋਂ ਕਾਂਗਰਸੀ ਉਮੀਦਵਾਰ ਦੀ ਹੋਈ ਜਿੱਤ ਨੂੰ ਮੋਟੇ ਤੌਰ 'ਤੇ ਸੱਤਾਧਾਰੀ ਧਿਰ ਦੀ ਸੌਖੀ ਜਿੱਤ ਅਤੇ ਸੂਬੇ ਦੀ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ (ਆਪ) ਦੀ ਬੇਹੱਦ ਸ਼ਰਮਨਾਕ ਹਾਰ ਵਜੋਂ ਹੀ ਵੇਖਿਆ ਜਾ ਰਿਹਾ ਹੈ।

ਪਰ ਇਸ ਦਾ ਇਕ ਹੋਰ ਗੌਲਣਯੋਗ ਪਹਿਲੂ ਸੂਬੇ 'ਚ ਲਗਾਤਾਰ ਦੋ ਵਾਰ ਰਾਜ ਕਰ ਚੁਕੀ ਅਤੇ ਸੂਬੇ ਇਕੋ ਇਕ ਮਜ਼ਬੂਤ ਖੇਤਰੀ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਵਿਚ ਗਿਣਤੀ ਪੱਖੋਂ ਗ੍ਰਾਫ਼ ਇਤਿਹਾਸਕ ਗਿਰਾਵਟ ਵਲ ਹੋਰ ਵੱਧ ਗਿਆ ਹੋਣਾ ਵੀ ਰਿਹਾ ਹੈ। ਭਾਵੇਂ ਕਿ ਮੁੱਖ ਵਿਰੋਧੀ ਧਿਰ ਆਮ ਆਦਮੀ ਪਾਰਟੀ ਪਿਛਲੀ ਜ਼ਿਮਨੀ ਚੋਣ (ਗੁਰਦਾਸਪੁਰ ਲੋਕ ਸਭਾਈ ਸੀਟ) ਉਤੇ ਮਾੜੇ ਪ੍ਰਦਰਸ਼ਨ ਦੌਰਾਨ ਹੀ ਰਹਿੰਦਾ ਖੂੰਹਦਾ ਜਨਾ-ਆਦੇਸ਼ ਵੀ ਗੁਆ ਚੁਕੀ ਸੀ

ਤੇ ਇਸ ਵਾਰ ਵੀ ਸੂਬਾਈ ਲੀਡਰਸ਼ਿਪ ਦੀ ਸਪਸ਼ਟ ਬੇਰੁਚੀ ਦੇ ਚਲਦਿਆਂ ਮਸਾਂ ਹੀ ਆਖ਼ਰੀ ਵੇਲੇ ਦੀ 'ਜਕੋ-ਤਕੀ' ਵਿਚ 'ਆਪ' ਵਲੋਂ ਇਹ ਸ਼ਾਹਕੋਟ ਜ਼ਿਮਨੀ ਚੋਣ ਲੜੀ ਗਈ ਹੈ, ਪਰ ਅਕਾਲੀ ਦਲ ਨੇ ਜਿਸ ਤਰੀਕੇ ਪਿਛਲੇ ਇਕ ਸਾਲ ਤੋਂ ਅਪਣੇ ਬਾਰੇ 'ਜਨਾ-ਆਦੇਸ਼' ਦੇ ਵਾਧੇ ਦਾ ਪ੍ਰਭਾਵ ਬਣਾ ਵਿਚਰਨਾ ਸ਼ੁਰੂ ਕੀਤਾ।
ਆਖ਼ਰ ਨੂੰ ਅੱਜ ਅਪਣੇ ਮਜ਼ਬੂਤ ਕਾਡਰ ਵਾਲੀ ਮੰਨੀ ਜਾਂਦੀ ਸ਼ਾਹਕੋਟ ਵੀ ਸੀਟ (ਕਿਉਂਕਿ ਇਸ ਸੀਟ (ਪਹਿਲਾਂ ਲੋਹੀਆਂ) 'ਤੇ ਪਿਛਲੇ 22 ਸਾਲਾਂ ਤੋਂ ਸ਼੍ਰੋਮਣੀ ਅਕਾਲੀ ਦਲ ਦਾ ਕਬਜ਼ਾ ਸੀ) ਵੀ ਵੱਡੇ ਮਾਰਜਨ ਨਾਲ ਗੁਆ ਲਈ, ਤਾਂ ਇਸ ਚੋਣ ਨਤੀਜੇ ਨੂੰ ਅਕਾਲੀ ਦਲ ਦੀ ਪਿੱਠ ਲੱਗ ਗਈ ਹੋਣਾ ਕਹਿਣਾ ਕੁਥਾਂ ਨਹੀਂ ਹੋਵੇਗਾ

ਕਿਉਂਕਿ ਇਹ ਸੀਟ ਅਕਾਲੀ ਦਲ ਕੋਲੋਂ ਜਿੱਤ ਜਾਣ ਨਾਲ ਹੀ ਅੱਜ 117 ਮੈਂਬਰੀ ਪੰਜਾਬ ਵਿਧਾਨ ਕਾਂਗਰਸ ਦੀਆਂ ਸੀਟਾਂ ਦੀ ਗਿਣਤੀ 78 ਹੋ ਗਈ ਹੈ ਜਿਸ ਦਾ ਸਿੱਧਾ ਅਤੇ ਸਪਸ਼ਟ ਮਤਲਬ ਹੈ ਕਿ ਹੁਣ ਅੱਜ ਤੋਂ ਕਾਂਗਰਸ ਕੋਲ ਸਦਨ ਵਿਚ ਦੋ-ਤਿਹਾਈ ਬਹੁਮਤ ਹੋ ਗਿਆ ਹੈ ਜਦਕਿ ਦੂਜੇ ਪਾਸੇ ਸੂਬੇ ਦੀ 'ਅਪਣੀ ਖੇਤਰੀ' ਨੁਮਾਇੰਦਾ ਪਾਰਟੀ ਹੋਣ ਦਾ ਪ੍ਰਭਾਵ ਬਰਕਰਾਰ ਰਖਣ ਦੀ ਜਦੋ ਜਹਿਦ ਕਰ ਰਹੇ ਅਕਾਲੀ ਦਲ ਨੂੰ ਇਹ ਸੀਟ ਹਾਰਨ ਨਾਲ ਵਿਧਾਨ ਸਭਾ ਵਿਚ ਮਹਿਜ਼ 14 ਸੀਟਾਂ 'ਤੇ ਸੁੰਗੜਨਾ ਪੈ ਗਿਆ ਹੈ

ਜਿਸ ਕਰ ਕੇ ਅੱਜ ਆਇਆ ਇਹ ਚੋਣ ਨਤੀਜਾ ਮੁੱਖ ਰੂਪ ਵਿਚ ਸ਼੍ਰੋਮਣੀ ਅਕਾਲੀ ਦਲ ਖ਼ਾਸ ਕਰ ਇਸ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਲਈ ਨੇੜ-ਭੂਤ ਵਿਚ ਇਹ ਹੁਣ ਤਕ ਸੱਭ ਤੋਂ ਵੱਡਾ ਸਿਆਸੀ ਝਟਕਾ ਹੈ। ਅੱਜ ਆਏ ਚੋਣ ਨਤੀਜੇ ਮੁਤਾਬਕ ਕਾਂਗਰਸੀ ਉਮੀਦਵਾਰ ਹਰਦੇਵ ਸਿੰਘ ਲਾਡੀ ਨੇ ਅਕਾਲੀ ਉਮੀਦਵਾਰ ਨਾਇਬ ਸਿੰਘ ਕੋਹਾੜ ਤੋਂ 38,802 ਵੋਟਾਂ ਦੇ ਫ਼ਰਕ ਨਾਲ ਵੱਡੀ ਜਿੱਤ ਦਰਜ ਕੀਤੀ ਹੈ।

ਲਾਡੀ ਨੂੰ ਕੁਲ 82,745 ਵੋਟ ਮਿਲੇ ਤੇ ਅਕਾਲੀ ਉਮੀਦਵਾਰ ਕੋਹਾੜ ਨੂੰ 43,944 ਵੋਟ ਮਿਲੇ ਜਦਕਿ ਸਵਾ ਕੁ ਸਾਲ ਪਹਿਲਾਂ ਤਕ ਪੰਜਾਬ ਦੀ ਸੱਤਾ ਦੀ ਸੱਭ ਤੋਂ ਪ੍ਰਬਲ ਦਾਅਵੇਦਾਰ ਮੰਨੀ ਜਾਂਦੀ ਰਹੀ 'ਆਪ' ਦੇ ਅੰਤਮ ਮੌਕੇ ਐਲਾਨੇ ਗਏ ਉਮੀਦਵਾਰ ਰਤਨ ਸਿੰਘ ਕਾਕੜ ਕਲਾਂ ਨੂੰ 1900 ਵੋਟਾਂ ਨਾਲ ਸਬਕ ਕਰਨਾ ਪਿਆ, ਸਗੋਂ ਆਪ ਉਮੀਦਵਾਰ ਨੂੰ ਅਪਣੇ ਜੱਦੀ ਪਿੰਡ ਵਿਚੋਂ ਵੀ ਹੁਗਾਰਾ ਨਾ ਮਿਲਿਆ।