ਸ਼ਾਹਕੋਟ ਜ਼ਿਮਨੀ ਚੋਣ ਪੰਜਾਬ ਸਰਕਾਰ ਬਨਾਮ ਸ਼੍ਰੋਮਣੀ ਅਕਾਲੀ ਦਲ ਹੋਈ : ਸੁਖਬੀਰ ਬਾਦਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥ ਵਿਚ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ...

Sukhbir Singh Badal Talking at Darbar Sahib

ਅੰਮ੍ਰਿਤਸਰ, : ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਮੱਥ ਵਿਚ ਟੇਕਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਸ਼ਾਹਕੋਟ ਜ਼ਿਮਨੀ ਚੋਣ ਪੰਜਾਬ ਸਰਕਾਰ ਬਨਾਮ ਸ਼੍ਰੋਮਣੀ ਅਕਾਲੀ ਦਲ ਹੋਈ ਹੈ ਤੇ ਸਾਬਕਾ ਮੰਤਰੀ ਰਾਣਾ ਗੁਰਜੀਤ ਸਿੰਘ ਦੀ ਸ਼ਰਾਬ ਫ਼ੈਕਟਰੀ ਤੋਂ ਕਰੋੜਾਂ  ਦੀ ਨਾਜਾਇਜ਼ ਵਿਸਕੀ ਵੋਟਰਾਂ 'ਚ ਵੰਡੀ ਹੈ ਪਰ ਇਸ ਦੇ ਬਾਵਜੂਦ ਉਨ੍ਹਾਂ ਦੀ ਪਾਰਟੀ ਦਾ ਉਮੀਦਵਾਰ ਹੀ ਜਿੱਤ ਪ੍ਰਾਪਤ ਕਰੇਗਾ। 

ਸੁਖਬੀਰ ਸਿੰਘ ਬਾਦਲ ਨੇ ਦੋਸ਼ ਲਾਇਆ ਕਿ ਪਰਮਜੀਤ ਸਿੰਘ ਸਰਨਾ, ਹਰਵਿੰਦਰ ਸਿੰਘ ਸਰਨਾ (ਸਰਨਾ ਭਰਾਵਾਂ) ਦੀ ਚੱਢਾ ਫ਼ੈਕਟਰੀ ਦੇ ਸੀਰੇ ਨੇ ਲੱਖਾਂ ਮੱਛੀਆਂ ਤੇ ਜੀਵ ਜੰਤੂ ਮਾਰੇ ਹਨ ਪਰ ਸਰਨਾ ਪਰਵਾਰ ਦੀ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਪੰਜਾਬ ਨਾਲ ਸਾਂਝ ਹੋਣ ਕਰ ਕੇ ਕੇਵਲ ਪੰਜ ਕਰੋੜ ਜੁਰਮਾਨਾ ਕਰਵਾਇਆ ਹੈ। ਜੇਕਰ ਸਾਡੀ ਹਕੂਮਤ ਹੁੰਦੀ ਹੈ ਤਾਂ ਫ਼ੈਕਟਰੀ ਮਾਲਕ ਨੂੰ ਸੀਖਾਂ ਪਿੱਛੇ ਕਰਨਾ ਸੀ। ਉਨ੍ਹਾਂ ਦੋਸ਼ ਲਾਇਆ ਕਿ ਫ਼ੈਕਟਰੀਆਂ ਦੇ ਪ੍ਰਦੂਸ਼ਿਤ ਪਾਣੀਆ ਕਾਰਨ ਮਾਲਵੇ ਦੇ ਲੋਕਾਂ ਨੂੰ ਗੰਦਾ ਜਲ ਨਸੀਬ ਹੋ ਰਿਹਾ ਹੈ ਪਰ ਕੈਪਟਨ ਸਰਕਾਰ ਤੋਂ ਜਨਤਾ ਨੂੰ ਕੋਈ ਆਸ ਨਹੀਂ ਹੈ। 

ਉਨ੍ਹਾਂ ਸੰਕੇਤ ਦਿਤਾ ਕਿ ਕੇਂਦਰ ਵਿੱਤ ਮੰਤਰੀ ਅਰੁਣ ਜੇਤਲੀ ਸਿਹਤਯਾਬ ਹੋ ਗਏ ਹਨ ਤੇ ਜਲਦੀ ਹੀ ਉਹ ਪੰਜਾਬ ਲਈ ਕੁੱਝ ਅਹਿਮ ਐਲਾਨ ਕਰਨਗੇ। ਇਸ ਦਾ ਸੰਕੇਤ ਸ੍ਰੀ ਦਰਬਾਰ ਸਾਹਿਬ ਦੇ ਲੰਗਰ ਘਰ ਤੇ ਹੋਰ ਗੁਰਧਾਮਾਂ ਨੂੰ ਜੀ.ਐਸ.ਟੀ. ਤੋਂ ਮੁਕਤ ਕਰਨ ਦਾ ਹੋ ਸਕਦਾ ਹੈ। ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਦੇ ਮੰਤਰੀ ਸਰਕਾਰ ਚਲਾਉਣ ਦੇ ਸਮਰੱਥ ਨਹੀਂ ਹਨ।

ਸੁਖਬੀਰ ਸਿੰਘ ਬਾਦਲ ਨੇ ਨਵਜੋਤ ਸਿੰਘ ਸਿੱਧੂ ਨੂੰ ਕਿਹਾ ਕਿ ਉਸ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹੈਰੀਟੇਜ ਸਟਰੀਟ ਵਲ ਖ਼ਾਸ ਧਿਆਨ ਦੇਣਾ ਚਾਹੀਦਾ ਹੈ, ਜਿਥੇ ਗੰਦਗੀ ਦੇ ਢੇਰ ਦੇਸ਼-ਵਿਦੇਸ਼ ਤੋਂ ਆਉਂਦੇ ਸ਼ਰਧਾਲੂਆਂ ਅਤੇ ਸਥਾਨਕ ਲੋਕਾਂ 'ਤੇ ਬੁਰਾ ਪ੍ਰਭਾਵ ਪਾਉਂਦੇ ਹਨ। ਉਨ੍ਹਾਂ ਨਾਲ ਹਰਸਿਮਰਤ ਕੌਰ ਬਾਦਲ ਕੇਂਦਰੀ ਮੰਤਰੀ ਨੇ ਵੀ ਸ੍ਰੀ ਦਰਬਾਰ ਸਾਹਿਬ ਮੱਥਾ ਟੇਕਿਆ।