ਨੋਟਬੰਦੀ, ਜੀ.ਐਸ.ਟੀ ਤੇ ਤੇਲ ਦੀਆਂ ਵਧਦੀਆਂ ਕੀਮਤਾਂ ਨੇ ਗ਼ਰੀਬ ਵਰਗ ਨੂੰ ਲਿਤਾੜਿਆ : ਓ.ਪੀ. ਸੋਨੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਕੂਲ ਸਿਖਿਆ, ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ....

Om Parkash Soni

ਅੰਮ੍ਰਿਤਸਰ: ਸਕੂਲ ਸਿਖਿਆ, ਵਾਤਾਵਰਨ ਮੰਤਰੀ ਓਮ ਪ੍ਰਕਾਸ਼ ਸੋਨੀ ਨੇ ਭਾਰਤ ਵਿਚ ਪਟਰੌਲ ਅਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਵਿਰੁਧ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੁਆਰਾ ਆਯੋਜਤ ਰਾਜ ਦੇ ਵਿਆਪਕ ਵਿਰੋਧਾਂ ਦੀ ਹਮਾਇਤ ਕਰਦਿਆਂ ਕਿਹਾ ਕਿ ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀ ਕੀਮਤ ਘੱਟ ਰਹੀ ਹੈ ਪਰ ਭਾਜਪਾ ਨੇ ਪਟਰੌਲ-ਡੀਜ਼ਲ ਦੇ ਰੇਟਾਂ ਨੂੰ ਸਿਖਰਾਂ 'ਤੇ ਪਹੁੰਚਾ ਦਿਤਾ ਹੈ। 

ਸ੍ਰੀ ਸੋਨੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਆਮ ਲੋਕਾਂ ਦੀਆਂ ਜੇਬ ਵਿਚੋਂ ਪੈਸਾ ਕਢਵਾ ਕੇ ਅਮੀਰਾਂ ਦੀਆਂ ਤਿਜੋਰੀਆਂ ਭਰਨ ਵਿਚ ਲੱਗੇ ਹੋਏ ਹਨ। ਉਨ੍ਹਾਂ ਕਿਹਾ ਕਿ  ਨੋਟਬੰਦੀ, ਜੀਐਸਟੀ ਅਤੇ ਤੇਲ ਦੀਆਂ ਕੀਮਤਾਂ ਵਿਚ ਵਾਧਾ ਕਰ ਕੇ ਆਮ ਲੋਕਾਂ ਦੇ ਜੀਵਨ ਨੂੰ ਪੂਰੀ ਤਰ੍ਰਾਂ ਪ੍ਰਭਾਵਤ ਕੀਤਾ ਹੈ। ਸ੍ਰੀ ਸੋਨੀ ਨੇ ਕਿਹਾ ਕਿ 2012 ਵਿਚ ਕੱਚੇ ਤੇਲ ਦੀ ਕੀਮਤ ਪ੍ਰਤੀ ਬੈਰਲ 104 ਡਾਲਰ ਸੀ ਅਤੇ ਭਾਰਤ ਵਿਚ ਪਟਰੌਲ ਦੀ ਕੀਮਤ 70 ਰੁਪਏ ਪ੍ਰਤੀ ਲਿਟਰ ਸੀ,

ਫਿਰ ਵੀ ਭਾਜਪਾ ਨੇ ਭਾਰਤ ਬੰਦ ਦਾ ਸੱਦਾ ਦਿਤਾ ਸੀ ਪਰ ਹੁਣ ਮੌਜੂਦਾ ਸਮੇਂ, ਕੱਚੇ ਤੇਲ ਦੀ ਕੀਮਤ 2012 ਤੋਂ  ਲਗਭਗ ਅੱਧੀ ਹੈ ਫਿਰ ਵੀ ਪਟਰੌਲ 80 ਰੁਪਏ ਅਤੇ ਡੀਜ਼ਲ 69 ਰੁਪਏ 'ਤੇ ਵੇਚਿਆ ਜਾਂਦਾ ਹੈ। ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਅਤੇ ਵਿੱਤ ਮੰਤਰੀ ਸ੍ਰੀ ਅਰੁਣ ਜੇਤਲੀ ਨੂੰ ਆਮ ਲੋਕਾਂ ਦਾ ਸ਼ੋਸ਼ਣ ਕਰਨ ਦੀ ਬਜਾਏ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਰਥ ਸਾਸ਼ਤਰ ਦੀ ਸਿਖਿਆ ਲੈਣੀ ਚਾਹੀਦੀ ਹੈ। 

ਉਨ੍ਹਾਂ ਕਿਹਾ ਕਿ ਪੈਟਰੋਲ ਅਤੇ ਡੀਜਲ ਨੂੰ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਜੀਐਸਟੀ) ਦੇ ਅਧੀਨ ਲਿਆ ਕੇ ਉਹ ਆਮ ਲੋਕਾਂ ਨੂੰ ਰਾਹਤ ਪ੍ਰਦਾਨ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਆਪਣੇ ਅਰਬਪਤੀ ਮਿੱਤਰਾਂ ਦਾ ਮੋਹ ਤਿਆਗ ਕੇ ਆਮ ਲੋਕਾਂ ਦੀ ਗੱਲ ਸੁਣਨ ਅਤੇ ਉਸ ਨੂੰ ਪੂਰਾ ਕਰਨ।