ਮਾਨਸਾ ‘ਚ ਗੈਂਗਸਟਰਾਂ ਤੇ ਪੁਲਿਸ ਵਿਚਾਲੇ ਮੁਠਭੇੜ, ਦੋਨਾਂ ਪਾਸਿਓ ਚੱਲੀਆਂ ਗੋਲੀਆਂ

ਏਜੰਸੀ

ਖ਼ਬਰਾਂ, ਪੰਜਾਬ

ਬਠਿੰਡਾ ਪੁਲਿਸ ਦੇ ਨਾਲ ਗੈਂਗਸਟਰਾਂ ਦੀ ਹੋਈ ਮੁਠਭੇੜ ‘ਚ ਪੁਲਿਸ ਦੇ ਕਈ ਰਾਉਂਡ ਗੋਲੀਆਂ ਚਲਾਉਣ ਤੋਂ ਬਾਅਦ 4 ਗੈਂਗਸਟਰਾਂ...

Punjab Police

ਬਠਿੰਡਾ: ਬਠਿੰਡਾ ਪੁਲਿਸ ਦੇ ਨਾਲ ਗੈਂਗਸਟਰਾਂ ਦੀ ਹੋਈ ਮੁਠਭੇੜ ‘ਚ ਪੁਲਿਸ ਦੇ ਕਈ ਰਾਉਂਡ ਗੋਲੀਆਂ ਚਲਾਉਣ ਤੋਂ ਬਾਅਦ 4 ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕਰ ਉਨ੍ਹਾਂ ਤੋਂ ਭਾਰੀ ਮਾਤਰਾ ‘ਚ ਹਥਿਆਰ, ਗੋਲੀ-ਸਿੱਕਾ ਤੇ ਵਿਸਫੋਟਕ ਸਮੱਗਰੀ ਬਰਾਮਦ ਕੀਤੀ। ਜਾਣਕਾਰੀ ਅਨੁਸਾਰ ਲਹਿਰਾ ਖਾਨਾ ਦੇ ਗੈਂਗਸਟਰ ਰਾਮ ਸਿੰਘ ਹੱਤਿਆਕਾਂਡ ਦੇ ਦੋਸ਼ੀ ਕਰਮਜੀਤ ਸਿੰਘ ਪੁੱਤਰ ਨਿਰਮਲ ਸਿੰਘ ਨਿਵਾਸੀ ਸਮਾਣਾ, ਕਰਮਵੀਰ ਸਿੰਘ ਪੁੱਤਰ ਕ੍ਰਿਸ਼ਨ ਸਿੰਘ ਨਿਵਾਸੀ ਮਾਨਸਾ, ਅਰਸ਼ਪ੍ਰੀਤ ਸਿੰਘ ਉਰਫ਼ ਲਾਡੀ ਪੁੱਤਰ ਬਲਜਿੰਦਰ ਸਿੰਘ ਨਿਵਾਸੀ ਮਾਨਸਾ, ਭਾਰਤੀ ਸਿੰਘ ਉਰਫ਼ ਧਰਮ ਸਿੰਘ ਪੁੱਤਰ ਮਹਿੰਦਰ ਸਿੰਘ ਨਿਵਾਸੀ ਮਾਨਸਾ ਸ਼ਾਮਲ ਸੀ, ਨੂੰ ਗ੍ਰਿਫ਼ਤਾਰ ਕੀਤਾ ਗਿਆ।

ਐਸਐਸਪੀ ਬਠਿੰਡਾ ਡਾ. ਨਾਨਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਗੁਪਤ ਸੂਚਨਾ ਮਿਲੀ ਕਿ ਰਾਮ ਸਿੰਘ ਹੱਤਿਆਕਾਂਡ ਦੇ ਦੋਸ਼ੀ ਸਰਦੂਲਗੜ੍ਹ ਪਾਸੇ ਜਾ ਰਹੇ ਹਨ। ਪੁਲਿਸ ਨੇ ਉਨ੍ਹਾਂ ਦਾ ਪਿਛਾ ਕਰਨਾ ਸ਼ੁਰੂ ਕੀਤਾ। ਸਰਦੂਲਗੜ੍ਹ ਦੇ ਨਜ਼ਦੀਕ ਪਿੰਡ ਜਟਾਣਾ ਕਲਾਂ ‘ਚ ਪੁਲਿਸ ਨੇ ਦੋਸ਼ੀਆਂ ਨੂੰ ਲਲਕਾਰਿਆ ਤਾਂ ਉਨ੍ਹਾਂ ਨੇ ਗੋਲੀਬਾਰੀ ਸ਼ੁਰੂ ਕਰ ਦਿੱਤੀ। ਐਸਐਸਪੀ ਅਨੁਸਾਰ ਗੈਂਗਸਟਰਾਂ ਨੇ 35-40 ਰਾਉਂਡ ਗੋਲੀਆਂ ਚਲਾਈਆਂ, ਜਦਕਿ ਪੁਲਿਸ ਨੇ ਵੀ 25-25 ਰਾਉਂਡ ਗੋਲੀਆਂ ਚਲਾ ਕੇ ਉਨ੍ਹਾਂ ਸਾਹਮਣਾ ਕੀਤਾ। ਉਨ੍ਹਾਂ ਨੇ ਦੱਸਿਆ ਕਿ ਸੀਆਈਏ ਦੇ ਅਮ੍ਰਿਤਪਾਲ ਭੱਟੀ, ਜਿਨ੍ਹਾਂ ਨੇ ਬੁਲੇਟ ਪਰੂਫ਼ ਜੈਕੇਟ ਪਹਿਨੀ ਹੋਈ ਸੀ, ਨੂੰ ਦੋ ਗੋਲੀਆਂ ਵੀ ਲੱਗੀਆਂ ਪਰ ਕੋਈ ਨੁਕਸਾਨ ਨਹੀਂ ਹੋਇਆ।

ਪੁਲਿਸ ਨੇ ਦੋਸ਼ੀਆਂ ਤੋਂ ਇਕ ਹੋਂਡਾ ਸਿਟੀ, ਇਕ ਸਵੀਫਟ ਕਾਰ, 4 ਰਾਈਫ਼ਲ, 3 ਛੋਟੇ ਹਥਿਆਰ ਤੇ ਭਾਰੀ ਮਾਤਰਾ ਵਿਚ ਵਿਸਫੋਟਕ ਬਰਾਮਦ ਕੀਤਾ। ਪੁਲਿਸ ਨੂੰ ਛੱਕ ਹੈ ਕਿ ਦੋਸ਼ੀ ਕਿਸੇ ਵੱਡੀ ਘਟਨਾ ਨੂੰ ਅੰਜ਼ਾਮ ਦੇਣ ਵਾਲੇ ਸੀ, ਜਿਨ੍ਹਾਂ ਨੂੰ ਪਹਿਲਾਂ ਘੇਰ ਕੇ ਦਬੋਚ ਲਿਆ ਗਿਆ। ਐਸਐਸਪੀ ਨੇ ਦੱਸਿਆ ਕਿ ਸਾਰੇ ਗੈਂਗਸਟਰ ਸੁਖਪ੍ਰੀਤ ਸਿੰਘ ਬੁੱਢਾ ਗੈਂਗ ਦੇ ਸੀ, ਜੋ ਖੁਦ ਵੀ ਮੌਜੂਦ ਸੀ ਅਤੇ ਮੌਕਾ ਦੇਖ ਕੇ ਫਰਾਰ ਹੋਣ ਵਿਚ ਸਫ਼ਲ ਰਿਹਾ।