ਮਾਪੇ ਅਪਣੇ ਬੱਚਿਆਂ ਨੂੰ ਸਾਫ਼ਟ ਡਰਿੰਕਸ ਦੀ ਥਾਂ ਦੁੱਧ ਪੀਣ ਲਈ ਪ੍ਰੇਰਿਤ ਕਰਨ: ਬਲਬੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਕਿਸਾਨਾਂ ਨੂੰ ਦੁੱਧ ਦੀ ਉਤਪਾਦਨ ਕੀਮਤ ਵਿਚ ਕਟੌਤੀ ਕਰਨ ਅਤੇ ਸੰਗਠਿਤ ਖੇਤਰ ਵਿਚ ਹਿੱਸੇਦਾਰੀ ਵਧਾਉਣ ਲਈ ਕਿਹਾ

Balbir Singh Sidhu

ਚੰਡੀਗੜ੍ਹ: ਅਪਣੇ ਬੱਚਿਆਂ ਨੂੰ ਦੁੱਧ ਪੀਣ ਲਈ ਪ੍ਰੇਰਿਤ ਕਰਨ ਲਈ ਇਹ ਬਿਲਕੁਲ ਢੁੱਕਵਾਂ ਸਮਾਂ ਹੈ ਕਿਉਂਕਿ ਉਹ ਕਈ ਬਾਜ਼ਾਰੂ ਤਾਕਤਾਂ ਦੇ ਧੜੇ ਚੜ੍ਹ ਕੇ ਦੁੱਧ ਪੀਣ ਤੋਂ ਪਾਸਾ ਵੱਟਦੇ ਜਾ ਰਹੇ ਹਨ। ਬੱਚਿਆਂ ਨੂੰ ਇਸ ਸੱਚ ਤੋਂ ਜਾਣੂ ਕਰਵਾਉਣ ਦੀ ਲੋੜ ਹੈ ਕਿ ਦੁੱਧ ਇਕ ਕੁਦਰਤੀ ਤੱਤ ਹੈ ਜੋ ਕਿ ਬਹੁਤ ਪੌਸ਼ਟਿਕ ਹੈ ਅਤੇ ਸਰੀਰ ਨੂੰ ਬੜੀ ਤੇਜ਼ੀ ਨਾਲ ਸ਼ਕਤੀ ਪ੍ਰਦਾਨ ਕਰਦਾ ਹੈ। ਉਨ੍ਹਾਂ ਨੂੰ ਸਾਫ਼ਟ ਡਰਿੰਕਸ ਆਦਿ ਪੀਣ ਤੋਂ ਵਰਜਣਾ ਚਾਹੀਦਾ ਹੈ ਜਿਨ੍ਹਾਂ ਨੂੰ ਪੀਣ ਆਦਤ ਕਾਰਨ ਨਵੀਂ ਪੀੜ੍ਹੀ ਦੀ ਸਿਹਤ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ ਜਾ ਰਹੀ ਹੈ।

ਸਾਰੇ ਮਾਪਿਆਂ ਨੂੰ ਇਹ ਪੁਰਜੋਰ ਅਪੀਲ ਪਸ਼ੂ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਮੰਤਰੀ ਸ਼੍ਰੀ ਬਲਬੀਰ ਸਿੱਧੂ ਨੇ ਨੈਸ਼ਨਲ ਇੰਸਟੀਚਿਊਟ ਆਫ਼ ਟੈਕਨੀਕਲ ਟੀਚਰਜ਼ ਟਰੇਨਿੰਗ ਐਂਡ ਰੀਸਰਚ, ਸੈਕਟਰ 26 ਵਿੱਚ ਵਿਸ਼ਵ ਦੁੱਧ ਦਿਵਸ ਮੌਕੇ ਕਰਵਾਏ ਗਏ ਸੈਮੀਨਾਰ ਵਿਚ ਅਪਣੇ ਭਾਸ਼ਨ ਦੌਰਾਨ ਕੀਤੀ। ਇਸ ਦੇ ਨਾਲ ਹੀ ਸਿੱਧੂ ਨੇ ਸਾਰੇ ਕਿਸਾਨਾਂ ਨੂੰ ਅਪਣੀ ਆਮਦਨ ਵਧਾਉਣ ਹਿੱਤ ਡੇਅਰੀ ਫਾਰਮਿੰਗ ਨੂੰ ਸਹਾਇਕ ਕਿੱਤੇ ਵਜੋਂ ਅਪਨਾਉਣ ਦੀ ਵੀ ਸਲਾਹ ਦਿਤੀ।

ਉਨ੍ਹਾਂ ਨੇ ਕਿਸਾਨਾਂ ਨੂੰ ਦੁੱਧ ਦੀ ਉਤਪਾਦਨ ਕੀਮਤ ਵਿਚ ਕਟੌਤੀ ਕਰਨ ਅਤੇ ਸੰਗਠਿਤ ਖੇਤਰ ਵਿਚ ਦੁੱਧ ਦੀ ਹਿੱਸੇਦਾਰੀ ਵਧਾਉਣ ਲਈ ਕਿਹਾ। ਉਨ੍ਹਾਂ ਕਿਹਾ ਮੌਜੂਦਾ ਹਾਲਾਤਾਂ ਅਨੁਸਾਰ ਕਿਸਾਨਾਂ ਨੂੰ ਲਵੇਰਿਆਂ ਦੀ ਗਿਣਤੀ ਵਧਾਉਣ ਦੀ ਥਾਂ ਦੁੱਧ ਦੇ ਉਤਪਾਦਨ ਵਿਚ ਵਾਧਾ ਕਰਨ ਦੀ ਲੋੜ ਹੈ। ਵਿਸ਼ਵ ਦੁੱਧ ਦਿਵਸ ਦੇ ਖੁਸ਼ੀ ਭਰੇ ਮੌਕੇ ਤੇ ਪੰਜਾਬ ਡੇਅਰੀ ਵਿਕਾਸ ਬੋਰਡ ਵਲੋਂ ਇੰਡੀਅਨ ਡੇਅਰੀ ਐਸੋਸੀਏਸ਼ਨ ਨਾਰਥ ਜ਼ੋਨ (ਪੰਜਾਬ ਚੈਪਟਰ), ਮਿਲਕਫੈਡ ਪੰਜਾਬ ਅਤੇ ਬਾਨੀ ਮਿਲਕ ਪ੍ਰੋਡਿਊਸਰ ਕੰਪਨੀ,

ਪਟਿਆਲਾ ਦੇ ਸਹਿਯੋਗ ਨਾਲ ਮਿਤੀ 1 ਜੂਨ 2019 ਨੂੰ ਨੈਸ਼ਨਲ ਇੰਸਟੀਟਿਊਟ ਆਫ਼ ਟੈਕਨੀਕਲ ਟੀਚਰਸ ਟ੍ਰੇਨਿੰਗ ਐਂਡ ਰੀਸਰਚ, ਸੈਕਟਰ 26 ਵਿਖੇ ਭਾਰਤ ਦੇ ਡੇਅਰੀ ਖੇਤਰ ਦਾ ਪਾਏਦਾਰ ਵਿਕਾਸ ਵਿਸ਼ੇ ਉਤੇ ਸੈਮੀਨਾਰ ਆਯੋਜਿਤ ਕੀਤਾ ਗਿਆ। ਇਹ ਸੈਮੀਨਾਰ ਕਰਵਾਉਣ ਦਾ ਸਰਵਪੱਖੀ ਮੰਤਵ ਮਨੁੱਖੀ ਜੀਵਨ ਲਈ ਦੁੱਧ ਦੇ ਮਹੱਤਵ ਅਤੇ ਪੰਜਾਬ ਦੇ ਡੇਅਰੀ ਖੇਤਰ ਦੇ ਪਾਏਦਾਰ ਵਿਕਾਸ ਲਈ ਯੋਗ ਨੀਤੀਆਂ ਅਤੇ ਵਿਸਥਾਰ ਪ੍ਰੋਗਰਾਮਾਂ ਨੂੰ ਲਾਗੂ ਕਰਨ ਦੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰਨਾ ਸੀ। ਇਹ ਸੈਮੀਨਾਰ ਪਸ਼ੂ ਪਾਲਣ,

ਮੱਛੀ ਪਾਲਣ ਤੇ ਡੇਅਰੀ ਵਿਕਾਸ ਵਿਭਾਗ ਦੇ ਸਕੱਤਰ ਸ਼੍ਰੀ ਰਾਜ ਕਮਲ ਚੌਧਰੀ ਦੀ ਅਗਵਾਈ ਵਿਚ ਕਰਵਾਇਆ ਗਿਆ। ਇੰਡੀਅਨ ਡੇਅਰੀ ਐਸੋਸੀਏਸ਼ਨ ਨਾਰਥ ਜ਼ੋਨ ਦੀ ਨੁਮਾਇੰਦਗੀ ਸ਼੍ਰੀ ਰਮੇਸ਼ ਕੁਮਾਰ ਚੁੱਘ, ਮੈਂਬਰ ਆਈ.ਡੀ.ਏ (ਨੋਰਥ ਜ਼ੋਨ) ਵਲੋਂ ਕੀਤੀ ਗਈ। ਦੇਸ਼ ਦੇ ਉੱਘੇ ਡੇਅਰੀ ਚਿੰਤਕਾਂ ਅਤੇ ਗੁਰੂ ਅੰਗਦ ਦੇਵ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਦੇ ਤਕਨੀਕੀ ਮਾਹਿਰਾਂ ਤੋਂ ਇਲਾਵਾ ਪ੍ਰਾਈਵੇਟ/ਪਬਲਿਕ ਅਤੇ ਸਹਿਕਾਰੀ ਖੇਤਰ ਦੇ ਪ੍ਰਸਿੱਧ ਡੇਅਰੀ ਟੈਕਨੋਕਰੇਟਾਂ ਨੇ ਇਸ ਮੌਕੇ ਤੇ ਪੰਜਾਬ ਵਿਚ ਡੇਅਰੀ ਧੰਦੇ ਨਾਲ ਜੁੜੇ ਲੋਕਾਂ ਨਾਲ ਅਪਣੇ ਵਿਚਾਰ ਸਾਂਝੇ ਕੀਤੇ।

ਇਸ ਸੈਮੀਨਾਰ ਨੇ ਪੰਜਾਬ ਰਾਜ ਦੇ ਡੇਅਰੀ ਕਿਸਾਨਾਂ ਅਤੇ ਡੇਅਰੀ ਪ੍ਰੋਫੈਸ਼ਨਲਜ਼ ਨੂੰ ਰਾਜ ਨੂੰ ਦੇਸ਼ ਦਾ ਡੇਅਰੀ ਉਦਯੋਗ ਵਿਚ ਮੋਹਰੀ ਸੂਬਾ ਬਣਾਉਣ, ਪਾਏਦਾਰ ਦੁੱਧ ਉਤਪਾਦਨ ਅਤੇ ਰਾਜ ਦੇ ਡੇਅਰੀ ਕਿਸਾਨਾਂ ਦੀ ਭਲਾਈ ਨੂੰ ਤਰਜੀਹ ਦੇਣ ਲਈ ਇਕ ਠੋਸ ਸੰਦੇਸ਼ ਦਿਤਾ। ਸ. ਬਲਬੀਰ ਸਿੰਘ ਸਿੱਧੂ, ਕੈਬਨਿਟ ਮੰਤਰੀ, ਪਸ਼ੂ ਪਾਲਣ, ਮੱਛੀ ਪਾਲਣ, ਡੇਅਰੀ ਵਿਕਾਸ ਅਤੇ ਕਿਰਤ ਵਿਭਾਗ ਪੰਜਾਬ ਨੇ ਇਸ ਸੈਮੀਨਾਰ ਵਿੱਚ ਬਤੌਰ ਮੁੱਖ ਮਹਿਮਾਨ ਸ਼ਿਰਕਤ ਕੀਤੀ।

ਉਨ੍ਹਾਂ ਨੇ ਡੇਅਰੀ ਵਿਕਾਸ ਵਿਭਾਗ ਅਤੇ ਸਹਿ-ਆਯੋਜਕਾਂ ਦੀ ਇਹ ਸੈਮੀਨਾਰ ਦਾ ਆਯੋਜਨ ਕਰਨ ਲਈ ਸ਼ਲਾਘਾ ਕੀਤੀ ਅਤੇ ਕਿਹਾ ਕਿ ਇਸ ਵਿਚਾਰ ਵਟਾਂਦਰੇ ਤੋਂ ਰਾਜ ਦੇ ਡੇਅਰੀ ਕਿਸਾਨਾਂ ਅਤੇ ਦੂਜੇ ਡੇਅਰੀ ਉਦਮੀਆਂ ਨੂੰ ਰਾਜ ਵਿੱਚ ਡੇਅਰੀ ਖੇਤਰ ਦੇ ਵਿਕਾਸ, ਦੁੱਧ ਉਤਪਾਦਕਾਂ ਦੀ ਭਲਾਈ, ਸਾਫ ਦੁੱਧ ਦੀ ਪੈਦਾਵਾਰ ਅਤੇ ਅਜਿਹੇ ਉਪਰਾਲਿਆਂ ਦੀ ਪਾਏਦਾਰੀ ਵੱਲ ਇੱਕ ਵਡਮੁੱਲਾ ਸੰਦੇਸ਼ ਭੇਜਣ ਵਿੱਚ ਸਹਾਈ ਹੋਵੇਗਾ।

ਸ੍ਰੀ ਰਾਜ ਕਮਲ ਚੌਧਰੀ, ਸਕੱਤਰ, ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਵਲੋਂ ਇਸ ਸੈਮੀਨਾਰ ਦੀ ਪ੍ਰਧਾਨਗੀ ਕੀਤੀ ਗਈ। ਉਨ੍ਹਾਂ ਵਲੋਂ ਆਪਣੇ ਭਾਸ਼ਣ ਵਿੱਚ ਪੰਜਾਬ ਦੇ ਡੇਅਰੀ ਖੇਤਰ ਦੇ ਇਤਿਹਾਸ ਅਤੇ ਪਿਛਲੇ ਕੁਝ ਸਾਲਾਂ ਦੌਰਾਨ ਇਸ ਖੇਤਰ ਦੇ ਵਿਕਾਸ ਵੱਲ ਪੁੱਟੀਆਂ ਗਈਆਂ ਮਹੱਤਵਪੂਰਨ ਪੁਲਾਂਘਾ ਬਾਰੇ ਇਸ ਸੈਮੀਨਾਰ ਵਿੱਚ ਸ਼ਾਮਲ ਲੋਕਾਂ ਨੂੰ ਜਾਣੂ ਕਰਵਾਇਆ ਅਤੇ ਦੱਸਿਆ ਕਿ ਪੰਜਾਬ ਸਰਕਾਰ ਡੇਅਰੀ ਕਿਸਾਨਾਂ ਅਤੇ ਡੇਅਰੀ ਉਦਯੋਗ ਵਿੱਚ ਨਵੇਂ ਮਿਆਰ ਸਥਾਪਤ ਕਰਨ ਅਤੇ ਡੇਅਰੀ ਵਿਸਥਾਰ ਗਤੀਵਿਧੀਆਂ ਨੂੰ ਤੇਜ਼ ਕਰਨ ਲਈ ਨਵੀਆਂ ਨੀਤੀਆਂ ਅਤੇ ਤਕਨੀਕਾਂ ਨੂੰ ਤਰਜੀਹ ਦੇ ਰਹੀ ਹੈ।

ਉਨ੍ਹਾਂ ਵਲੋਂ ਸਰਕਾਰ ਦੀ ਇਸ ਪਹਿਲ ਨੂੰ ਕਾਮਯਾਬ ਬਣਾਉਣ ਲਈ ਰਾਜ ਦੇ ਡੇਅਰੀ ਖੇਤਰ ਨਾਲ ਜੁੜੇ ਲੋਕਾਂ, ਤਕਨੀਕੀ ਮਾਹਿਰਾਂ ਅਤੇ ਡੇਅਰੀ ਟੈਕਨੋਕਰੇਟਸ ਨੂੰ ਆਪਣਾ ਵੱਡਮੁੱਲਾ ਸਹਿਯੋਗ ਦੇਣ ਲਈ ਅਪੀਲ ਕੀਤੀ। ਇਸ ਮੌਕੇ ਤੇ ਸ੍ਰੀ ਕਾਹਨ ਸਿੰਘ ਪੰਨੂੰ, ਆਈ.ਏ.ਐਸ, ਸਕੱਤਰ, ਖੇਤੀਬਾੜੀ ਵਿਭਾਗ ਅਤੇ ਮਿਸ਼ਨ ਡਾਇਰੈਕਟਰ, ਮਿਸ਼ਨ ਤੰਦਰੁਸਤ ਪੰਜਾਬ ਵਲੋਂ ਆਪਣੇ ਭਾਸ਼ਣ ਵਿੱਚ ਮਿਲਾਵਟ ਦੇ ਖਤਰੇ ਬਾਰੇ ਜ਼ਿਕਰ ਕੀਤਾ। ਉਨ੍ਹਾਂ ਨੇ ਡੇਅਰੀ ਪ੍ਰੋਫੈਸ਼ਨਲਾਂ ਨੂੰ ਦੁੱਧ ਦੀ ਮਿਲਾਵਟ ਦੇ ਵਿਰੁੱਧ ਲੜਾਈ ਵਿੱਚ ਮਿਸ਼ਨ ਤੰਦਰੁਸਤ ਦਾ ਸਹਿਯੋਗ ਕਰਨ ਦੀ ਅਪੀਲ ਕੀਤੀ।

ਉਨ੍ਹਾਂ ਵਲੋਂ ਪਿਛਲੇ ਸਾਲ ਦੌਰਾਨ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਮਿਲਾਵਟਖੋਰੀ ਨਾਲ ਸਬੰਧਤ ਹੱਲ ਕੀਤੇ ਗਏ ਕਈ ਨੁਕਤਿਆਂ ਤੇ ਚਾਨਣਾ ਪਾਇਆ।  
ਸ਼੍ਰੀ ਉੱਤਮ ਕੁਮਾਰ, ਮੈਨੇਜਿੰਗ ਡਾਇਰੈਕਟਰ (ਹੈੱਡ ਕੁਆਰਟਰ), ਮਿਲਕਫੈਡ ਵਲੋਂ ਇਸ ਮੌਕ ਤੇ ਹਾਜ਼ਰ ਆਏ ਡੇਅਰੀ ਵਿਗਿਆਨੀਆਂ, ਮਾਹਿਰਾਂ, ਚਿੰਤਕਾਂ ਅਤੇ ਦੂਜੇ ਲੋਕਾਂ ਨੂੰ ਰਾਜ ਦੇ ਸਹਿਕਾਰੀ ਖੇਤਰ ਵਿੱਚ ਮਿਲਕਫੈਡ ਦੇ ਮਿਲਕ ਪਲਾਂਟਾਂ ਅਤੇ ਕੈਟਲ ਫੀਡ ਪਲਾਂਟਾਂ ਵਲੋਂ ਰਾਜ ਵਿੱਚ ਵਧੀਆ ਦੁੱਧ ਉਤਪਾਦਨ, ਦੁੱਧ ਉਤਪਾਦਕ ਕਿਸਾਨਾਂ ਅਤੇ ਦੁੱਧ ਦੇ ਮੰਡੀਕਰਨ ਵਿੱਚ ਪਾਏ ਜਾਣ ਵਾਲੇ ਮਹੱਤਵਪੂਰਨ ਯੋਗਦਾਨ ਬਾਰੇ ਜਾਣੂ ਕਰਵਾਇਆ।

ਸ਼੍ਰੀ ਏ.ਕੇ. ਸ੍ਰੀਵਾਸਤਵਾ, ਪ੍ਰਸਿੱਧ ਡੇਅਰੀ ਮਾਹਿਰ ਅਤੇ ਸਾਬਕਾ ਡਾਇਰੈਕਟਰ, ਰਾਸ਼ਟਰੀ ਡੇਅਰੀ ਖੋਜ਼ ਸੰਸਥਾ, ਕਰਨਾਲ ਵਲੋਂ ਇਸ ਮੌਕੇ ਤੇ ਕੀ-ਨੋਟ ਐਡਰੈਸ ਦਿੱਤਾ ਗਿਆ। ਉਨ੍ਹਾਂ ਵਲੋਂ ਡੇਅਰੀ ਵਿਕਾਸ ਵਿਭਾਗ, ਮਿਲਕਫੈਡ ਪੰਜਾਬ ਅਤੇ ਸਹਿਆਯੋਜਕਾਂ ਨੂੰ ਇਸ ਸੈਮੀਨਾਰ ਦੀ ਵਧਾਈ ਦਿੰਦੇ ਹੋਏ ਕਿਹਾ ਗਿਆ ਕਿ ਵਰਲਡ ਮਿਲਕ ਡੇਅ ਦੇ ਮੌਕੇ ਤੇ ਕੀਤੇ ਜਾ ਰਹੇ ਇਸ ਉਪਰਾਲੇ ਤੋਂ ਪੰਜਾਬ ਵਿੱਚ ਡੇਅਰੀ ਖੇਤਰ ਦੇ ਵਿਕਾਸ ਅਤੇ ਅਜਿਹੇ ਵਿਕਾਸ ਨੂੰ ਕਾਇਮ ਰੱਖਣ ਲਈ ਲੋਕਾਂ ਨੂੰ ਉਤਸਾਹ ਮਿਲੇਗਾ।

ਉਨ੍ਹਾਂ ਵਲੋਂ ਡੇਅਰੀ ਖੇਤਰ ਨਾਲ ਜੁੜੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਪੰਜਾਬ ਵਿੱਚ ਡੇਅਰੀ ਦੇ ਵਿਕਾਸ ਅਤੇ ਡੇਅਰੀ ਕਿਸਾਨਾਂ ਦੀ ਭਲਾਈ ਲਈ ਮਿਲਜੁਲ ਕੇ ਠੋਸ ਉਪਰਾਲੇ ਕਰਨ। ਸ. ਇੰਦਰਜੀਤ ਸਿੰਘ, ਡਾਇਰੈਕਟਰ ਡੇਅਰੀ ਵਿਕਾਸ ਵਿਭਾਗ ਪੰਜਾਬ ਅਤੇ ਚੇਅਰਮੈਨ, ਇੰਡੀਅਨ ਡੇਅਰੀ ਐਸੋਸੀਏਸ਼ਨ (ਨੋਰਥ ਜ਼ੋਨ) ਪੰਜਾਬ ਚੈਪਟਰ ਵਲੋਂ ਮੁੱਖ ਮਹਿਮਾਨ, ਹੋਰ ਪ੍ਰਮੁੱਖ ਸ਼ਖਸੀਅਤਾਂ, ਤਕਨੀਕਾਂ ਮਾਹਿਰਾਂ, ਵਿਭਾਗੀ ਕਰਮਚਾਰੀਆਂ, ਡੈਲੀਗੇਟਸ, ਪ੍ਰੈੱਸ ਅਤੇ ਮੀਡੀਆ ਦਾ ਇਸ ਮੌਕੇ ਤੇ ਨਿੱਘਾ ਧੰਨਵਾਦ ਕੀਤਾ ਗਿਆ।

ਉਨ੍ਹਾਂ ਵਲੋਂ ਵਰਲਡ ਮਿਲਕ ਡੇਅ ਦੀ ਮਹੱਤਤਾ ਉੱਤੇ ਚਾਨਣਾ ਪਾਉਂਦੇ ਹੋਏ ਦੱਸਿਆ ਗਿਆ ਕਿ ਇਸ ਦਿਨ ਸਾਰੇ ਸੰਸਾਰ ਵਿੱਚ ਡੇਅਰੀ ਖੇਤਰ ਨਾਲ ਜੁੜੇ ਲੋਕਾਂ ਵਲੋਂ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਦੁੱਧ ਨੂੰ ਮਨੁੱਖੀ ਸਿਹਤ ਲਈ ਖੁਰਾਕ ਦੇ ਇੱਕ ਮੁੱਖ ਤੱਤ ਵਜੋਂ ਉਤਸਾਹਿਤ ਕਰਨ ਅਤੇ ਡੇਅਰੀ ਉਤਪਾਦਕਾਂ ਦੀ ਖੁਸ਼ਹਾਲੀ ਨੂੰ ਕਾਇਮ ਕਰਨ ਲਈ ਵਡਮੁੱਲਾ ਯੋਗਦਾਨ ਪਾ ਰਹੀਆਂ ਹਨ। ਉਨ੍ਹਾਂ ਵਲੋਂ ਇੰਡੀਅਨ ਡੇਅਰੀ ਐਸੋਸੀਏਸ਼ਨ (ਨੋਰਥ ਜ਼ੋਨ), ਮਿਲਕਫੈਡ ਪੰਜਾਬ, ਬਾਨੀ ਮਿਲਕ ਪ੍ਰੋਡਿਊਸਰ ਕੰਪਨੀ ਦੇ ਅਧਿਕਾਰੀਆਂ ਦਾ ਵੀ ਸਹਿਯੋਗ ਦੇਣ ਲਈ ਧੰਨਵਾਦ ਕੀਤਾ ਗਿਆ।

ਡਾ. ਨੀਤਿਕਾ ਗੋਇਲ, ਸਹਾਇਕ ਪ੍ਰੋਫੈਸਰ, ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਵਲੋਂ ਦੁੱਧ ਵਿੱਚ ਪਾਏ ਜਾਣ ਤੱਤਾਂ ਅਤੇ ਇਨ੍ਹਾਂ ਦੇ ਮਨੁੱਖੀ ਸਿਹਤ ਲਈ ਗੁਣਕਾਰੀ ਲਾਭਾਂ ਬਾਰੇ ਵਿਸਥਾਰ ਵਿੱਚ ਸਰੋਤਿਆਂ ਵਿੱਚ ਜਾਣੂ ਕਰਵਾਇਆ ਗਿਆ। ਇਸ ਮੌਕੇ ਪਸ਼ੂ ਪਾਲਣ ਮੰਤਰੀ ਦੇ ਰਾਜਨੀਤਕ ਸਕੱਤਰ ਸ੍ਰੀ ਹਰਕੇਸ਼ ਚੰਦ ਸ਼ਰਮਾ ਵੀ ਸ਼ਾਮਿਲ ਸਨ।