ਚਾਂਦਪੁਰੀ ਦੀ ਢੁਕਵੀਂ ਯਾਦ ਬਣਾਈ ਜਾਵੇਗੀ : ਬਲਬੀਰ ਸਿੱਧੂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

1971 ਦੀ ਭਾਰਤ-ਪਾਕਿ ਜੰਗ ਮੌਕੇ ਲੌਂਗੇਵਾਲਾ ਚੌਕੀ 'ਤੇ ਪਾਕਿਸਤਾਨੀ ਫ਼ੌਜ ਦਾ ਅਸਾਧਾਰਨ ਬਹਾਦਰੀ ਤੇ ਹੌਂਸਲੇ ਨਾਲ ਮੁਕਾਬਲਾ ਕਰਨ ਵਾਲੇ...

Balbir Sidhu

ਪੋਜੇਵਾਲ, 17 ਦਸੰਬਰ (ਕਲੇਰ) : 1971 ਦੀ ਭਾਰਤ-ਪਾਕਿ ਜੰਗ ਮੌਕੇ ਲੌਂਗੇਵਾਲਾ ਚੌਕੀ 'ਤੇ ਪਾਕਿਸਤਾਨੀ ਫ਼ੌਜ ਦਾ ਅਸਾਧਾਰਨ ਬਹਾਦਰੀ ਤੇ ਹੌਂਸਲੇ ਨਾਲ ਮੁਕਾਬਲਾ ਕਰਨ ਵਾਲੇ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਦੀ ਯਾਦ 'ਚ ਅੱਜ ਉਨ੍ਹਾਂ ਦੇ ਜੱਦੀ ਪਿੰਡ ਚਾਂਦਪੁਰ ਰੁੜਕੀ ਵਿਖੇ ਪਿੰਡ ਵਾਸੀਆਂ ਵਲੋਂ ਸਾਂਝੇ ਤੌਰ 'ਤੇ ਗੁਰਦਵਾਰਾ ਬਾਬਾ ਗੁਰਦਿੱਤਾ ਜੀ ਵਿਖੇ ਪਾਠ ਦੇ ਭੋਗ ਪਾਏ ਗਏ, ਜਿਸ ਦੌਰਾਨ ਪੰਜਾਬ ਦੇ ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਤੇ ਸੁੰਦਰ ਸ਼ਾਮ ਅਰੋੜਾ ਵਿਸ਼ੇਸ਼ ਤੌਰ 'ਤੇ ਸ਼ਰਧਾ ਸੁਮਨ ਭੇਟ ਕਰਨ ਪੁੱਜੇ।

ਪਸ਼ੂ ਪਾਲਣ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਪਣੇ ਸੰਬੋਧਨ 'ਚ ਬ੍ਰਿਗੇਡੀਅਰ ਚਾਂਦਪੁਰੀ ਦੀ ਮੋਹਾਲੀ ਵਿਖੇ ਬਣੀ ਸਾਂਝ ਦਾ ਜ਼ਿਕਰ ਕਰਦਿਆਂ ਆਖਿਆ ਕਿ ਉਨ੍ਹਾਂ 'ਚ ਅਗਵਾਈ ਦੇਣ ਦੇ ਗੁਣ ਤੋਂ ਉਹ ਹਮੇਸ਼ਾਂ ਪ੍ਰਭਾਵਤ ਰਹੇ। ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਅਸਾਧਾਰਨ ਬਹਾਦਰੀ ਭਰੀ ਅਗਵਾਈ ਹੀ ਸੀ ਕਿ ਮੁੱਠੀ ਭਰ ਗਿਣਤੀ ਹੋਣ ਦੇ ਬਾਵਜੂਦ, ਉਨ੍ਹਾਂ ਦੀ ਅਗਵਾਈ ਹੇਠਲੀ ਭਾਰਤ ਸੈਨਿਕਾਂ ਦੀ ਟੁਕੜੀ ਨੇ 3000 ਦੀ ਗਿਣਤੀ 'ਚ ਹਮਲਾ ਕਰਨ ਆਈ ਪਾਕਿਸਤਾਨੀ ਫ਼ੌਜ ਨੂੰ ਲੌਂਗੇਵਾਲ ਪੋਸਟ 'ਤੇ ਹਵਾਈ ਸੈਨਾ ਦੀ ਮਦਦ ਆਉਣ ਤਕ ਰੋਕ ਕੇ ਰੱਖਿਆ।

ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪਿੰਡ 'ਚ ਬ੍ਰਿਗੇਡੀਅਰ ਚਾਂਦਪੁਰੀ ਦੀ ਢੁਕਵੀਂ ਯਾਦਗਾਰ 'ਤੇ ਵਿਚਾਰ ਕੀਤਾ ਜਾਵੇਗਾ। ਸਨਅਤ ਤੇ ਵਣਜ ਮੰਤਰੀ ਸੁੰਦਰ ਸ਼ਾਮ ਅਰੋੜਾ ਨੇ ਇਸ ਮੌਕੇ ਬ੍ਰਿਗੇਡੀਅਰ ਚਾਂਦਪੁਰੀ ਨੂੰ ਸ਼ਰਧਾ ਸੁਮਨ ਭੇਟ ਕਰਦਿਆਂ ਆਖਿਆ ਕਿ ਬ੍ਰਿਗੇਡੀਅਰ ਚਾਂਦਪੁਰ ਦੀ ਢੁਕਵੀਂ ਯਾਦਗਾਰ ਬਣਾਈ ਜਾਵੇਗੀ। ਉਨ੍ਹਾਂ ਕਿਹਾ ਕਿ ਹੁਸ਼ਿਆਰਪੁਰ ਦੇ ਸਰਕਾਰੀ ਕਾਲਜ ਦੇ ਵਿਦਿਆਰਥੀ ਰਹੇ ਹੋਣ ਕਾਰਨ ਅਤੇ ਉਨ੍ਹਾਂ ਦਾ ਜੱਦੀ ਪਿੰਡ ਚਾਂਦਪੁਰ ਰੁੜਕੀ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦਾ ਹਿੱਸਾ ਬਣਨ ਤੋਂ ਪਹਿਲਾਂ ਹੁਸ਼ਿਆਰਪੁਰ ਦਾ ਹਿੱਸਾ ਰਿਹਾ ਹੋਣ ਕਾਰਨ, ਦੋਵਾਂ ਜ਼ਿਲ੍ਹਿਆਂ ਦੇ ਸਾਂਝੇ ਨਾਇਕ ਵਜੋਂ ਸਤਿਕਾਰੇ ਜਾਂਦੇ ਹਨ।

ਹਲਕਾ ਵਿਧਾਇਕ ਚੌ. ਦਰਸ਼ਨ ਲਾਲ ਮੰਗੂਪੁਰ ਨੇ ਇਸ ਮੌਕੇ ਆਖਿਆ ਕਿ ਬਲਾਚੌਰ ਹਲਕੇ ਨੂੰ ਇਸ ਗੱਲ 'ਤੇ ਹਮੇਸ਼ਾਂ ਮਾਣ ਰਹੇਗਾ ਕਿ 1971 ਦੀ ਹਿੰਦ-ਪਾਕਿ ਜੰਗ ਦੇ ਹੀਰੋ ਬ੍ਰਿਗੇਡੀਅਰ ਕੁਲਦੀਪ ਸਿੰਘ ਚਾਂਦਪੁਰੀ ਚਾਂਦਪੁਰ ਰੁੜਕੀ ਦੀ ਬਾਬਾ ਗੁਰਦਿੱਤਾ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ 'ਤੇ ਖੇਡ-ਕੁੱਦ ਕੇ ਜੁਆਨ ਹੋਏ ਅਤੇ ਦੇਸ਼ ਦੀ ਸੇਵਾ ਲਈ ਫੌਜ 'ਚ ਕਮਿਸ਼ਨ ਪ੍ਰਾਪਤ ਕੀਤਾ। ਇਸ ਮੌਕੇ ਬ੍ਰਿਗੇਡੀਅਰ ਚਾਂਦਪੁਰੀ ਦੀ ਪਤਨੀ ਸੁਰਿੰਦਰ ਕੌਰ ਅਤੇ ਪੁੱਤਰ ਹਰਦੀਪ ਸਿੰਘ ਚਾਂਦਪੁਰੀ ਨੂੰ ਸਨਮਾਨਤ ਕੀਤਾ ਗਿਆ ਜਦਕਿ ਉਨ੍ਹਾਂ ਦੇ ਪੋਤੇ ਮਨਰਾਜ ਸਿੰਘ ਨੇ ਅਪਣੀ ਕਵਿਤਾ ਰਾਹੀਂ ਆਪਣੇ ਦਾਦਾ ਜੀ ਨੂੰ ਸ਼ਰਧਾਂਜਲੀ ਦਿਤੀ।

ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ, ਗੜ੍ਹਸ਼ੰਕਰ ਦੇ ਵਿਧਾਇਕ ਜੈ ਕਿਸ਼ਨ ਰੌੜੀ, ਬੰਗਾ ਦੇ ਵਿਧਾਇਕ ਡਾ. ਸੁਖਵਿੰਦਰ ਕੁਮਾਰ ਸੁੱਖੀ, ਸਾਬਕਾ ਵਿਧਾਇਕ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ, ਭਾਰਤੀ ਸੈਨਾ ਦੀ ਪੱਛਮੀ ਕਮਾਂਡ ਤੋਂ ਕਰਨਲ ਜਸਬੀਰ ਸਿੰਘ ਸੰਧੂ, ਏ ਡੀ ਸੀ (ਜ) ਸ਼੍ਰੀਮਤੀ ਅਮ੍ਰਿਤ ਸਿੰਘ, ਐਸ ਡੀ ਐਮ ਬਲਾਚੌਰ ਜਗਜੀਤ ਸਿੰਘ, ਐਸ ਪੀ (ਐਚ) ਹਰੀਸ਼ ਦਿਆਮਾ ਆਦਿ ਇਸ ਮੌਕੇ ਮਹਾਨ ਯੋਧੇ ਨੂੰ ਸ਼ਰਧਾ ਸੁਮਨ ਭੇਟ ਕਰਨ ਪੁੱਜੇ ਹੋਏ ਸਨ।