ਪ੍ਰਾਇਮਰੀ ਸਕੂਲਾਂ ’ਚ ਰੋਜ਼ਾਨਾ ਭੇਜੀ ਜਾਂਦੀ ਸਲਾਈਡ ਬੱਚਿਆਂ ਲਈ ਹੋ ਰਹੀ ਗੁਰ-ਮੰਤਰ ਸਾਬਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਾਲ 2017 ਤੋਂ ਪ੍ਰੋਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਸ਼ੁਰੂ ਕੀਤਾ ਗਿਆ

Project 'Padho Punjab Padhao Punjab'

ਐਸ.ਏ.ਐਸ. ਨਗਰ: ਸਿੱਖਿਆ ਵਿਭਾਗ ਵਲੋਂ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਉਚੇਚੇ ਤੌਰ ’ਤੇ ਯਤਨ ਕੀਤੇ ਜਾ ਰਹੇ ਹਨ, ਜਿਸ ਦੇ ਤਹਿਤ ਵਿਭਾਗ ਵਲੋਂ ਬਹੁਤ ਸਾਰੇ ਪ੍ਰੋਜੈਕਟ ਹੋਂਦ ਵਿਚ ਲਿਆਂਦੇ ਗਏ ਹਨ ਅਤੇ ਅਧਿਆਪਕਾਂ ਦੀ ਲਗਨ ਅਤੇ ਮਿਹਨਤ ਸਦਕਾ ਇਹ ਸਫ਼ਲਤਾ ਪੂਰਵਕ ਸਿੱਖਿਆ ਨੂੰ ਗੁਣਾਤਮਕ ਬਣਾ ਰਹੇ ਹਨ। ਸਿੱਖਿਆ ਵਿਭਾਗ ਦੇ ਬੁਲਾਰੇ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਦੇ ਪੜ੍ਹਾਈ ਦੇ ਪੱਧਰ ਨੂੰ ਉੱਚਾ ਚੁੱਕਣ ਲਈ ਸਾਲ 2017 ਤੋਂ ਪ੍ਰੋਜੈਕਟ ‘ਪੜ੍ਹੋ ਪੰਜਾਬ ਪੜ੍ਹਾਓ ਪੰਜਾਬ’ ਸ਼ੁਰੂ ਕੀਤਾ ਗਿਆ।

ਜਿਸ ਤਹਿਤ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਪ੍ਰਦਾਨ ਕਰਨ ਦੇ ਵਿਸ਼ੇਸ਼ ਉਪਰਾਲੇ ਸਿੱਖਿਆ ਵਿਭਾਗ ਵਲੋਂ ਕੀਤੇ ਜਾ ਰਹੇ ਹਨ। ਇਸ ਪ੍ਰੋਜੈਕਟ ਅਧੀਨ ਸਵੇਰ ਦੀ ਸਭਾ ਨੂੰ ਪ੍ਰਭਾਵਸ਼ਾਲੀ ਬਣਾਉਣ ਲਈ ਪਹਿਲੀ ਤੋਂ ਪੰਜਵੀਂ ਜਮਾਤ ਦੇ ਲਈ ਰੋਜ਼ਾਨਾ ਸਲਾਈਡ ਹਰ ਪ੍ਰਾਇਮਰੀ ਸਕੂਲ ਵਿਚ ਭੇਜੀ ਜਾਂਦੀ ਹੈ। ਸਲਾਈਡ ਵਿਚ ਵਿਦਿਆਰਥੀਆਂ ਦੇ ਵਿਸ਼ਿਆਂ ਨਾਲ ਸਬੰਧਿਤ ਗਤੀਵਿਧੀਆਂ ਦੇ ਨਾਲ-ਨਾਲ ਵਿਦਿਆਰਥੀਆ ਨੂੰ ਆਮ ਗਿਆਨ ਵੀ ਪ੍ਰਦਾਨ ਕੀਤਾ ਜਾਂਦਾ ਹੈ।

ਸਭ ਤੋਂ ਪਹਿਲਾਂ ਇਸ ਸਲਾਈਡ ਦੀ ਗਤੀਵਿਧੀ 'ਅੱਜ ਦਾ ਵਿਚਾਰ' ਵਿਚ  ਵਿਦਿਆਰਥੀ ਦੀ ਆਮ ਜੀਵਨ ਨਾਲ ਜੁੜੇ ਆਦਰਸ਼ ਵਿਚਾਰ ਪੇਸ਼ ਕੀਤੇ ਜਾਂਦੇ ਹਨ, ਜਿਨ੍ਹਾਂ ਨੂੰ ਵਿਦਿਆਰਥੀਆਂ ਲਈ ਸਫ਼ਲ ਜ਼ਿੰਦਗੀ ਲਈ ਅਪਣਾਉਣਾ ਬਹੁਤ ਜ਼ਰੂਰੀ ਹੈ। ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਇਸ ਸਲਾਈਡ ਵਿਚ ਵਿਦਿਆਰਥੀਆਂ ਦੇ ਆਮ ਗਿਆਨ 'ਚ ਵਾਧਾ ਕਰਨ ਲਈ ਵੱਖ-ਵੱਖ ਵਿਸ਼ਿਆਂ ਨਾਲ ਸਬੰਧਿਤ ਪੰਜ ਪ੍ਰਸ਼ਨ ਹਰ ਰੋਜ਼ ਵਿਦਿਆਰਥੀਆਂ ਨੂੰ ਕਰਵਾਏ ਜਾਂਦੇ ਹਨ।

'ਆਓ ਬੁੱਝੀਏ' ਗਤੀਵਿਧੀ ਵਿਚ ਬੁਝਾਰਤ ਪਾ ਕੇ ਵਿਦਿਆਰਥੀਆਂ ਦੀ ਦਿਮਾਗ਼ੀ ਕਸਰਤ ਕਰਵਾਈ ਜਾਂਦੀ ਹੈ। ਵਿਦਿਆਰਥੀਆਂ ਵਿਚ ਅੰਗਰੇਜ਼ੀ ਵਿਸ਼ੇ ਦਾ ਡਰ ਖ਼ਤਮ ਕਰਨ ਲਈ ਅੰਗਰੇਜ਼ੀ ਦੇ  ਰੋਜ਼ਾਨਾ ਬੋਲ ਚਾਲ ਲਈ ਹਰ ਰੋਜ਼ ਦੇ ਪੰਜ ਸ਼ਬਦ ਇਸ ਸਲਾਈਡ ਦੁਆਰਾ ਬੱਚਿਆਂ ਨੂੰ ਕਰਵਾਏ ਜਾਂਦੇ ਹਨ। ਇਸ ਸਲਾਈਡ ਦੁਆਰਾ ਵਿਦਿਆਰਥੀਆਂ ਨੂੰ ਵਿਸ਼ਾਵਾਰ ਪੰਜਾਬੀ, ਗਣਿਤ ਅਤੇ ਅੰਗਰੇਜ਼ੀ ਵਿਸ਼ੇ ਦੀਆਂ ਗਤੀਵਿਧੀਆਂ ਕਰਵਾਈਆ ਜਾਂਦੀਆਂ ਹਨ ਜਿਵੇਂ  ਗਿਣਤੀ, ਪਹਾੜੇ,  ਮੁਹਾਰਨੀ, ਅੰਗਰੇਜ਼ੀ ਦੇ ਸਵਰ, ਵਿਅੰਜਨ ਆਦਿ।

ਉਹਨਾਂ ਦੱਸਿਆ ਕਿ ਇਹਨਾਂ ਗਤੀਵਿਧੀਆਂ ਦੁਆਰਾ ਜਦੋਂ ਬੱਚਾ ਸਭ ਦੇ ਸਾਹਮਣੇ ਸਟੇਜ 'ਤੇ ਆ ਕੇ ਪ੍ਰਦਰਸ਼ਨ ਕਰਦਾ ਹੈ ਤਾਂ ਉਸ ਦੇ ਆਤਮ-ਵਿਸ਼ਵਾਸ ਵਿਚ ਵਾਧਾ ਹੁੰਦਾ ਹੈ। ਇਸ ਤੋਂ ਇਲਾਵਾ ਅਧਿਆਪਕਾਂ ਲਈ ਇਸ ਵਿਚ ਰੋਜ਼ਾਨਾ ਦਾ ਏਜੰਡਾ ਵੀ ਸ਼ਾਮਿਲ ਹੈ ਜੋ ਅਧਿਆਪਕ ਨੂੰ ਯੋਜਨਾਬੱਧ ਤਰੀਕੇ ਨਾਲ ਸਿਲੇਬਸ ਕਰਵਾਉਣ ਵਿਚ ਮਦਦ ਕਰਦਾ ਹੈ। ਅਧਿਆਪਕਾਂ ਦੁਆਰਾ ਸਿੱਖਿਆ ਵਿਭਾਗ ਦੇ ਇਸ ਵਿਸ਼ੇਸ਼ ਉਪਰਾਲੇ ਦੀ ਭਰਪੂਰ ਸ਼ਲਾਘਾ ਕੀਤੀ ਗਈ ਹੈ। ਇਹ ਵਿਦਿਆਰਥੀ ਦੀ ਸਿੱਖਣ ਪੱਧਰ ਨੂੰ ਸੁਧਾਰਨ ਅਤੇ ਸਮੇਂ ਦਾ ਸਹੀ ਉਪਯੋਗ ਕਰਵਾਉਣ ਵਿਚ ਬਹੁਤ ਸਹਾਈ ਹੋ ਰਿਹਾ ਹੈ।