ਪੰਜਾਬ ਸਿੱਖਿਆ ਵਿਭਾਗ ਵਲੋਂ ਸਕੂਲ ਬੈਗ ਸਬੰਧੀ ਹਦਾਇਤਾਂ ਜਾਰੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਬੱਚਿਆਂ ਦੀ ਸਿਹਤ ਅਤੇ ਸਰੀਰਕ ਵਿਕਾਸ ਦੇ ਮੱਦੇਨਜ਼ਰ ਇਹ ਹਦਾਇਤਾਂ ਕੀਤੀਆਂ ਜਾਰੀ

Punjab issues guidelines for school bags

ਚੰਡੀਗੜ੍ਹ: ਪੰਜਾਬ ਸਿੱਖਿਆ ਵਿਭਾਗ ਨੇ ਬੱਚਿਆਂ ਦੇ ਸਕੂਲ ਬੈਗਜ਼ ਦਾ ਭਾਰ ਘੱਟ ਕਰਨ ਦੀਆਂ ਹਦਾਇਤਾਂ ਜਾਰੀ ਕੀਤੀਆਂ ਹਨ। ਸਿੱਖਿਆ ਵਿਭਾਗ ਨੇ ਬੱਚਿਆਂ ਦੀ ਸਿਹਤ ਅਤੇ ਸਰੀਰਕ ਵਿਕਾਸ ਦੇ ਮੱਦੇਨਜ਼ਰ ਸਕੂਲਾਂ ਨੂੰ ਇਹ ਯਕੀਨੀ ਬਣਾਉਣ ਦੇ ਹੁਕਮ ਦਿਤੇ ਹਨ ਕਿ ਬੱਚਿਆਂ ਦੇ ਭਾਰ ਦੇ 10 ਫ਼ੀ ਸਦੀ ਭਾਰ ਤੋਂ ਵੱਧ ਬੈਗ ਦਾ ਭਾਰ ਨਹੀਂ ਹੋਣਾ ਚਾਹੀਦਾ। ਵੀਰਵਾਰ ਨੂੰ ਸਿੱਖਿਆ ਵਿਭਾਗ ਨੇ ਇਸ ਸਬੰਧੀ ਸਰਕੁਲਰ ਜਾਰੀ ਕਰਦੇ ਹੋਏ ਇਸ ਹੁਕਮ ਨੂੰ ਤੁਰਤ ਪ੍ਰਭਾਵ ਨਾਲ ਲਾਗੂ ਕਰਨ ਲਈ ਕਿਹਾ ਹੈ।

ਦੱਸ ਦਈਏ ਕਿ ਪੰਜਾਬ ਵਿਚ 48,000 ਦੇ ਲਗਭੱਗ ਸਕੂਲ ਹਨ, ਜਿੰਨ੍ਹਾਂ ਵਿਚ ਪ੍ਰਾਈਵੇਟ ਤੇ ਸਰਕਾਰੀ ਸਕੂਲ ਸ਼ਾਮਲ ਹਨ। ਇੰਨ੍ਹਾਂ ਸਕੂਲਾਂ ਵਿਚ ਪੜ੍ਹਨ ਵਾਲੇ ਵਿਦਿਆਰਥੀਆਂ ਦੀ ਗਿਣਤੀ ਲਗਭੱਗ 83 ਲੱਖ ਹੈ। ਹਦਾਇਤਾਂ ਮੁਤਾਬਕ, ਪਹਿਲੀ ਤੇ ਦੂਜੀ ਕਲਾਸ ਦੇ ਵਿਦਿਆਰਥੀਆਂ ਲਈ ਸਕੂਲ ਬੈਗ ਦਾ ਭਾਰ 1.5 ਕਿਲੋਗ੍ਰਾਮ ਤੇ ਤੀਜੀ ਤੋਂ ਪੰਜਵੀਂ ਕਲਾਸ ਦੇ ਵਿਦਿਆਰਥੀਆਂ ਲਈ 2-3 ਕਿਲੋਗ੍ਰਾਮ ਭਾਰ ਤੋਂ ਵੱਧ ਭਾਰ ਨਹੀਂ ਹੋਣਾ ਚਾਹੀਦਾ।

ਇਹ ਵੀ ਯਕੀਨੀ ਬਣਾਇਆ ਜਾਵੇ ਕਿ ਵਿਦਿਆਰਥੀ ਟਾਈਮ ਟੇਬਲ ਮੁਤਾਬਕ ਸਿਰਫ਼ ਜ਼ਰੂਰਤ ਦੀਆਂ ਕਿਤਾਬਾਂ ਹੀ ਬੈਗ ਵਿਚ ਪਾ ਕੇ ਲਿਆਉਣ ਤੇ ਬਿਨਾਂ ਮਤਲਬ ਤੋਂ ਵਾਧੂ ਕਿਤਾਬਾਂ ਬੈਗ ਵਿਚ ਨਾ ਰੱਖਣ। ਸਕੂਲੀ ਅਧਿਆਪਕਾਂ ਨੂੰ ਇਸ ਸਬੰਧੀ ਖ਼ਾਸ ਤੌਰ ’ਤੇ ਹਦਾਇਤ ਦਿਤੀ ਗਈ ਹੈ ਕਿ ਉਹ ਰੋਜ਼ਾਨਾ ਬੱਚਿਆਂ ਦੇ ਬੈਗ ਚੈੱਕ ਕਰਨ ਅਤੇ ਇਹ ਯਕੀਨੀ ਬਣਾਉਣ ਕਿ ਵਿਦਿਆਰਥੀ ਵਾਧੂ ਕਿਤਾਬਾਂ ਬੈਗ ਵਿਚ ਤਾਂ ਨਹੀਂ ਰੱਖ ਰਹੇ।